ਟ੍ਰਿਬਿਊਨ ਨਿਊਜ਼ ਸਰਵਿਸ
ਸ਼ਿਮਲਾ, 27 ਜਨਵਰੀ
ਹਿਮਾਚਲ ਪ੍ਰਦੇਸ਼ ਦੇ ਬਹੁ-ਚਰਚਿਤ ਗੁੜੀਆ ਬਲਾਤਕਾਰ ਤੇ ਕਤਲ ਕੇਸ ਵਿੱਚ ਮੁਅੱਤਲ ਚੱਲ ਰਹੇ ਸਾਬਕਾ ਆਈਜੀ ਜਹੂਰ ਹੈਦਰ ਜ਼ੈਦੀ ਨੂੰ ਸੂਬੇ ਦੀ ਸੁਖਵਿੰਦਰ ਸਿੰਘ ਸੁੱਖੂ ਸਰਕਾਰ ਨੇ ਬਹਾਲ ਕਰ ਦਿੱਤਾ ਹੈ। ਸੁੱਖੂ ਸਰਕਾਰ ਨੇ ਜ਼ੈਦੀ ਦੀ ਮੁਅੱਤਲੀ ਨੂੰ ਰੱਦ ਕਰ ਦਿੱਤਾ ਹੈ। ਪੁਲੀਸ ਅਧਿਕਾਰੀ ਨੂੰ ਹੁਣ ਸ਼ਿਮਲਾ ਹੈੱਡਕੁਆਰਟਰ ‘ਤੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਜ਼ੈਦੀ ਦੀ ਤਾਇਨਾਤੀ ਬਾਰੇ ਹੁਕਮ ਵੱਖਰੇ ਤੌਰ ‘ਤੇ ਜਾਰੀ ਕੀਤੇ ਜਾਣਗੇ। ਕਾਬਿਲੇਗੌਰ ਹੈ ਕਿ 15 ਜਨਵਰੀ 2020 ਨੂੰ ਕੋਟਖਾਈ ਮਾਮਲੇ ਵਿੱਚ ਸ਼ਿਮਲਾ ਦੀ ਸਾਬਕਾ ਐੱਸਪੀ ਸੌਮਿਆ ਸਾਂਬਸ਼ਿਵਨ ‘ਤੇ ਬਿਆਨ ਬਦਲਣ ਲਈ ਦਬਾਅ ਪਾਉਣ ਕਰਕੇ ਜ਼ੈਦੀ ਨੂੰ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਮੁਅੱਤਲ ਕਰ ਦਿੱਤਾ ਸੀ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਡੀਜੀਪੀ ਨੂੰ ਨੋਟਿਸ ਜਾਰੀ ਕੀਤਾ ਸੀ।