ਭੋਪਾਲ, 28 ਸਤੰਬਰ (ਸ.ਬ.) ਉਜੈਨ ਵਿੱਚ ਕੰਧ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋਣ ਦੇ ਇੱਕ ਦਿਨ ਬਾਅਦ ਸ਼ਨੀਵਾਰ ਨੂੰ ਪਰਿਵਾਰਕ ਮੈਂਬਰਾਂ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸੜਕ ਉੱਤੇ ਰੱਖ ਕੇ ਪ੍ਰਦਰਸ਼ਨ ਕੀਤਾ ਅਤੇ 50 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅਤੇ ਦੋਸ਼ ਲਾਇਆ ਕਿ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰਿਆ ਹੈ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮਹਾਰਾਜਵਾੜਾ ਸਕੂਲ ਦੀ ਮੁਰੰਮਤ ਦਾ ਕੰਮ ਬਰਸਾਤ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੀਤਾ ਜਾ ਸਕਦਾ ਸੀ। ਇਮਾਰਤ ਪਿਛਲੇ ਕਈ ਸਾਲਾਂ ਤੋਂ ਖਸਤਾ ਹਾਲਤ ਵਿੱਚ ਸੀ।
ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਇੱਕ ਵੀਡੀਓ ਵਿੱਚ ਪਰਿਵਾਰ ਦੇ ਮੈਂਬਰਾਂ ਦੇ ਨਾਲ ਕਈ ਵਸਨੀਕਾਂ ਨੇ ਲਾਸ਼ਾਂ ਰੱਖ ਕੇ ਸੜਕ ਜਾਮ ਕਰਦੇ ਹੋਏ ਦਿਖਾਇਆ।
ਸ਼ੁੱਕਰਵਾਰ ਨੂੰ ਮੁੱਖ ਮੰਤਰੀ ਮੋਹਨ ਯਾਦਵ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ।
ਇਹ ਦਰਦਨਾਕ ਘਟਨਾ ਉਜੈਨ ਦੇ ਮਹਾਕਾਲ ਮੰਦਰ ਦੇ ਨੇੜੇ ਉਸ ਸਮੇਂ ਵਾਪਰੀ ਜਦੋਂ ਭਾਰੀ ਮੀਂਹ ਕਾਰਨ ਮਹਾਰਾਜਵਾੜਾ ਸਕੂਲ ਦੀ ਇਮਾਰਤ ਦੀ ਚਾਰਦੀਵਾਰੀ ਦਾ ਕੁਝ ਹਿੱਸਾ ਢਹਿ ਗਿਆ।