ਨਵੀਂ ਦਿੱਲੀ, 28 ਮਾਰਚ
ਸੰਸਦ ਮੈਂਬਰ ਵਜੋਂ ਅਯੋਗ ਠਹਿਰਾਏ ਜਾ ਚੁੱਕੇ ਐੱਨਸੀਪੀ ਆਗੂ ਮੁਹੰਮਦ ਫੈਜ਼ਲ ਦੀ ਅਪੀਲ ਉਤੇ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਫੈਜ਼ਲ ਨੂੰ ਪੁੱਛਿਆ ਕਿ ‘ਮੈਂਬਰੀ ਖ਼ਤਮ ਹੋਣ ਨਾਲ ਉਨ੍ਹਾਂ ਦੇ ਕਿਹੜੇ ਬੁਨਿਆਦੀ ਹੱਕ ਦੀ ਉਲੰਘਣਾ ਹੋਈ ਹੈ?’ ਦੱਸਣਯੋਗ ਹੈ ਕਿ ਕੇਰਲਾ ਹਾਈ ਕੋਰਟ ਨੇ ਸੰਸਦ ਮੈਂਬਰ ਨੂੰ ਹੋਈ ਸਜ਼ਾ ਉਤੇ ਰੋਕ ਲਾ ਦਿੱਤੀ ਹੈ ਪਰ ਇਸ ਦੇ ਬਾਵਜੂਦ ਲੋਕ ਸਭਾ ਸਕੱਤਰੇਤ ਵੱਲੋਂ ਨੋਟੀਫਿਕੇਸ਼ਨ ਵਾਪਸ ਨਹੀਂ ਲਿਆ ਗਿਆ। ਇਸ ਖ਼ਿਲਾਫ਼ ਸੰਸਦ ਮੈਂਬਰ ਨੇ ਸਿਖ਼ਰਲੀ ਅਦਾਲਤ ਪਹੁੰਚ ਕੀਤੀ ਹੈ। ਫੈਜ਼ਲ ਨੂੰ ਹੱਤਿਆ ਦੀ ਕੋਸ਼ਿਸ਼ ਦੇ ਕੇਸ ਵਿਚ ਸਜ਼ਾ ਹੋਈ ਸੀ। ਬੈਂਚ ਨੇ ਸਵਾਲ ਕੀਤਾ, ‘ਕਿਹੜਾ ਹੱਕ ਖ਼ਤਮ ਹੋ ਰਿਹਾ ਹੈ?’ ਇਸ ‘ਤੇ ਐੱਨਸੀਪੀ ਆਗੂ ਨੇ ਕਿਹਾ ਕਿ ਹਲਕੇ ਦੀ ਨੁਮਾਇੰਦਗੀ ਦਾ ਹੱਕ ਖੋਹਿਆ ਜਾ ਰਿਹਾ ਹੈ। ਸੰਸਦ ਮੈਂਬਰ ਦੇ ਵਕੀਲ ਨੇ ਕਿਹਾ ਕਿ ਕੀਤੀ ਗਈ ਕਾਰਵਾਈ ਬਿਲਕੁਲ ਪੱਖਪਾਤੀ ਹੈ। ਬੈਂਚ ਨੇ ਵਕੀਲ ਨੂੰ ਪੁੱਛਿਆ ਕਿ ਉਨ੍ਹਾਂ ਹਾਈ ਕੋਰਟ ਦਾ ਰੁਖ਼ ਕਿਉਂ ਨਹੀਂ ਕੀਤਾ। ਇਸ ‘ਤੇ ਵਕੀਲ ਨੇ ਕਿਹਾ ਕਿ ਮਾਮਲਾ ਪਹਿਲਾਂ ਹੀ ਉੱਥੇ ਵਿਚਾਰਿਆ ਜਾ ਚੁੱਕਾ ਹੈ। ਬੈਂਚ ਨੇ ਮਾਮਲੇ ‘ਤੇ ਭਲਕੇ ਸੁਣਵਾਈ ਲਈ ਸਹਿਮਤੀ ਦਿੱਤੀ ਹੈ। -ਪੀਟੀਆਈ