ਨਵੀਂ ਦਿੱਲੀ / ਜੰਮੂ-ਕਸ਼ਮੀਰ ‘ਚ ਵਧ ਰਹੀਆਂ ਅੱਤਵਾਦ ਦੀਆਂ ਘਟਨਾਵਾਂ ਦਰਮਿਆਨ ਮੰਗਲਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ।
ਹਲਕਿਆਂ ਮੁਤਾਬਿਕ ਇਸ ਮੁਲਾਕਾਤ ਦੌਰਾਨ ਗ੍ਰਹਿ ਮੰਤਰੀ ਨੇ ਜੰਮੂ-ਕਸ਼ਮੀਰ ‘ਚ ਹਾਲਾਤ ਨੂੰ ਕਾਬੂ ‘ਚ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਤਫ਼ਸੀਲੀ ਚਰਚਾ ਕੀਤੀ । ਤਕਰੀਬਨ 1 ਘੰਟੇ ਚੱਲੀ ਇਸ ਮੀਟਿੰਗ ‘ਚ ਦੋਹਾਂ ਨੇਤਾਵਾਂ ਨੇ ਵਾਦੀ ‘ਚ ਛਾਏ ਦਹਿਸ਼ਤ ਦੇ ਮਾਹੌਲ ਕਾਰਨ ਵਾਦੀ ਛੱਡ ਰਹੇ ਲੋਕਾਂ ਅਤੇ ਹਾਲਾਤ ਬਾਰੇ ਵਿਆਪਕ ਚਰਚਾ ਕੀਤੀ । ਇਸ ਤੋਂ ਪਹਿਲਾਂ ਸੋਮਵਾਰ ਨੂੰ ਸ਼ਾਹ ਵਲੋਂ ਰਾਸ਼ਟਰੀ ਸੁਰੱਖਿਆ ਦੀਆਂ ਚੁਣੌਤੀਆਂ ਅਤੇ ਉਪਰਾਲਿਆਂ ਨੂੰ ਲੈ ਕੇ ਇਕ ਕਾਨਫ਼ਰੰਸ ਦੀ ਪ੍ਰਧਾਨਗੀ ਕੀਤੀ ਸੀ । ਤਕਰੀਬਨ 6 ਘੰਟੇ ਚੱਲੀ ਇਸ ਕਾਨਫ਼ਰੰਸ ‘ਚ ਸ਼ਾਹ ਨੇ ਦੇਸ਼ ਭਰ ‘ਚ ਸੁਰੱਖਿਆ ਮੁੱਦਿਆਂ ਦਾ ਜਾਇਜ਼ਾ ਲਿਆ ਅਤੇ ਸਾਰੇ ਸੂਬਿਆਂ ਦੀ ਪੁਲਿਸ ਨੂੰ ਦਰਪੇਸ਼ ਮੁੱਦਿਆਂ ‘ਤੇ ਵੀ ਚਰਚਾ ਕੀਤੀ ।
ਸ਼ਾਹ ਨੇ ਕੈਬਨਿਟ ਮੀਟਿੰਗ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਕਸ਼ਮੀਰ ਬਾਰੇ ਚੁੱਕੇ ਕਦਮਾਂ ਦਾ ਬਿਓਰਾ ਦਿੱਤਾ । ਹਲਕਿਆਂ ਮੁਤਾਬਿਕ ਸ਼ਾਹ ਨੇ ਏਜੰਸੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਛੋਟੀ ਤੋਂ ਛੋਟੀ ਸੂਹ ਨੂੰ ਵੀ ਅਣਗੌਲਿਆ ਨਾ ਜਾਏ । ਸ਼ਾਹ ਨੇ ਸੁਰੱਖਿਆ ਏਜੰਸੀਆਂ ਨੂੰ ਦਹਿਸ਼ਤਗਰਦਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਫੜਨ ਦੇ ਨਿਰਦੇਸ਼ ਦਿੱਤੇ ਹਨ । ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ 23 ਅਕਤੂਬਰ ਨੂੰ ਜੰਮੂ-ਕਸ਼ਮੀਰ ਦੇ ਦੌਰੇ ‘ਤੇ ਜਾ ਰਹੇ ਹਨ । 23 ਤੋਂ 25 ਅਕਤੂਬਰ ਦੌਰੇ ਦੌਰਾਨ ਸ਼ਾਹ ਸੁਰੱਖਿਆ ਹਾਲਾਤ ਸੰਬੰਧੀ ਇਕ ਉੱਚ ਪੱਧਰੀ ਮੀਟਿੰਗ ਕਰਨਗੇ । ਪਿਛਲੇ ਸਾਲ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਉਣ ਤੋਂ ਬਾਅਦ ਇਹ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪਹਿਲਾ ਦੌਰਾ ਹੈ । ਇਸ ਦੌਰੇ ਦੌਰਾਨ ਉਹ ਨਾ ਸਿਰਫ਼ ਸੁਰੱਖਿਆ ਤੰਤਰ ਨੂੰ ਮਜ਼ਬੂਤ ਕਰਨ ਸੰਬੰਧੀ ਨਿਰਦੇਸ਼ ਦੇਣਗੇ ਸਗੋਂ ਖਿੱਤੇ ਦੇ ਵਿਕਾਸ ਲਈ ਕਈ ਅਹਿਮ ਐਲਾਨ ਵੀ ਕਰਨਗੇ ।