ਅਮਰੀਕਾ ਨੇ ਕਿਹਾ ਕਿ ਭਾਰਤ ਨੂੰ ਐੱਸ-400 ਏਅਰ ਸਕਿਓਰਿਟੀ ਮਿਜ਼ਾਈਲ ਪ੍ਰਣਾਲੀ ਦੀ ਵਿਕਰੀ ਰੂਸ ਦੀ ਅਸਥਿਰ ਕਰਨ ਦੀ ਭੂਮਿਕਾ ਨੂੰ ਦਰਸਾਉਂਦੀ ਹੈ, ਜੋ ਉਹ ਖੇਤਰ ’ਚ ਤੇ ਮੁਮਕਿਨ ਹੈ ਕਿ ਉਸ ਤੋਂ ਬਾਹਰ ਵੀ ਨਿਭਾਅ ਰਿਹਾ ਹੈ।
ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੈੱਡ ਪ੍ਰਾਈਸ ਨੇ ਆਪਣੀ ਰੋਜ਼ਾਨਾ ਦੀ ਪ੍ਰੈੱਸ ਕਾਨਫਰੰਸ ’ਚ ਇਹ ਗੱਲ ਕਹੀ। ਜ਼ਿਕਰਯੋਗ ਹੈ ਕਿ ਭਾਰਤ ਨੇ ਤਤਕਾਲੀ ਟਰੰਪ ਪ੍ਰਸ਼ਾਸਨ ਦੀ ਚਿਤਾਵਨੀ ਦੇ ਬਾਵਜੂਦ ਪੰਜ ਐੱਸ-400 ਏਅਰ ਸਕਿਓਰਿਟੀ ਮਿਜ਼ਾਈਲ ਪ੍ਰਣਾਲੀ ਖ਼ਰੀਦਣ ਲਈ ਅਕਤੂਬਰ, 2018 ’ਚ ਰੂਸ ਨਾਲ ਪੰਜ ਅਰਬ ਡਾਲਰ ਦਾ ਸਮਝੌਤਾ ਕੀਤਾ ਸੀ। ਪ੍ਰਾਈਸ ਨੇ ਕਿਹਾ ਕਿ ਜਿੱਥੋਂ ਤਕ ਕਾਊਂਟਰਿੰਗ ਅਮੈਰੀਕਾਜ ਐਡਵਰਸਰੀਜ਼ ਥਰੂ ਸੈਂਕਸ਼ਨਜ਼ ਐਕਟ (ਕਾਟਸਾ) ਤਹਿਤ ਭਾਰਤ ’ਤੇ ਪਾਬੰਦੀਆਂ ਦੀ ਗੱਲ ਹੈ ਤਾਂ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਇਸ ਬਾਰੇ ਅਸੀਂ ਫ਼ਿਲਹਾਲ ਕੋਈ ਫ਼ੈਸਲਾ ਨਹੀਂ ਕੀਤਾ ਹੈ ਪਰ ਇਸ ਸੌਦੇ ਲਈ ਕਾਟਸਾ ਤਹਿਤ ਪਾਬੰਦੀ ਦੇ ਖ਼ਤਰੇ ਦੇ ਮੱਦੇਨਜ਼ਰ ਭਾਰਤ ਸਰਕਾਰ ਨਾਲ ਗੱਲਬਾਤ ਜਾਰੀ ਹੈ। ਕਾਟਸਾ ਅਮਰੀਕਾ ਦਾ 2017 ਦਾ ਕਾਨੂੰਨ ਹੈ ਜਿਸ ਦੇ ਤਹਿਤ ਰੂਸ ਤੋਂ ਵੱਡੀ ਰੱਖਿਆ ਖ਼ਰੀਦ ਕਰਨ ਵਾਲੇ ਦੇਸ਼ਾਂ ’ਤੇ ਅਮਰੀਕਾ ਪਾਬੰਦੀ ਲਗਾ ਸਕਦਾ ਹੈ। ਰੂਸ ਤੋਂ ਐੱਸ-400 ਪ੍ਰਣਾਲੀਆਂ ਖ਼ਰੀਦਣ ’ਤੇ 2020 ’ਚ ਅਮਰੀਕਾ ਨੇ ਕਾਟਸਾ ਤਹਿਤ ਤੁਰਕੀ ’ਤੇ ਪਾਬੰਦੀ ਲਗਾ ਦਿੱਤੀ ਸੀ। ਪ੍ਰਾਈਸ ਨੇ ਕਿਹਾ ਕਿ ਭਾਰਤ ਹੋਵੇ ਜਾਂ ਕੋਈ ਹੋਰ ਦੇਸ਼, ਅਸੀਂ ਸਾਰੇ ਦੇਸ਼ਾਂ ਨੂੰ ਅਪੀਲ ਕਰਦੇ ਰਹਾਂਗੇ ਕਿ ਉਹ ਰੂਸ ਤੋਂ ਵੱਡੀ ਰੱਖਿਆ ਖ਼ਰੀਦ ਕਰਨ ਤੋਂ ਪਰਹੇਜ ਕਰਨ।