‘ਆਪ’ ਦੀ ਸਰਕਾਰ ਬਣਨ ‘ਤੇ ਤੁਰੰਤ ਪੱਕੇ ਹੋਣਗੇ ਕੱਚੇ, ਆਊਟਸੋਰਸਿੰਗ ਤੇ ਠੇਕਾ ਆਧਾਰਿਤ ਅਧਿਆਪਕ-ਕੇਜਰੀਵਾਲ
ਅੰਮ੍ਤਿਸਰ / ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਅਧਿਆਪਕਾਂ ਦੀ ਤਰਸਯੋਗ ਹਾਲਤ ਨੂੰ ਵੱਡੀ ਤ੍ਰਾਸਦੀ ਕਰਾਰ ਦਿੱਤਾ ਹੈ । ਕੇਜਰੀਵਾਲ ਨੇ ਪੰਜਾਬ ਅੰਦਰ ਵਿਆਪਕ ਸਿੱਖਿਆ ਸੁਧਾਰਾਂ ਲਈ ਅਧਿਆਪਕਾਂ ਨੂੰ 8 ਗਰੰਟੀਆਂ ਦਿੱਤੀਆਂ ਹਨ ਅਤੇ ਵਾਅਦਾ ਕੀਤਾ ਹੈ ਕਿ 2022 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਇਨ੍ਹਾਂ 8 ਗਰੰਟੀਆਂ ਨੂੰ ਪਹਿਲ ਦੇ ਆਧਾਰ ‘ਤੇ ਅਮਲ ‘ਚ ਲਿਆਂਦਾ ਜਾਵੇਗਾ । ਦਿੱਲੀ ਵਾਂਗ ਪੰਜਾਬ ਦੀ ਸਰਕਾਰੀ ਸਕੂਲ ਸਿੱਖਿਆ ਪ੍ਰਣਾਲੀ ਦਾ ਮੁਕੰਮਲ ਕਾਇਆ ਕਲਪ ਕਰਨ ਲਈ ਕੇਜਰੀਵਾਲ ਨੇ ਸਮੂਹ ਅਧਿਆਪਕਾਂ ਨੂੰ ‘ਆਪ’ ਦੀ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ । 8 ਗਾਰੰਟੀਆਂ ‘ਚ ਪੰਜਾਬ ‘ਚ ਸਿੱਖਿਆ ਦੇ ਖੇਤਰ ਵਿਚ ਦਿੱਲੀ ਵਰਗਾ ਮਾਹੌਲ ਸਿਰਜਣਾ, ਆਊਟਸੋਰਸਿੰਗ ਅਤੇ ਠੇਕਾ ਭਰਤੀ ਅਧਿਆਪਕਾਂ ਨੂੰ ਪੱਕਾ ਕਰਨਾ, ਪਾਰਦਰਸ਼ੀ ਬਦਲੀ ਨੀਤੀ ਲਾਗੂ ਕਰਨਾ, ਅਧਿਆਪਕਾਂ ਤੋਂ ਨਾਨ-ਟੀਚਿੰਗ ਕੰਮ ਲੈਣਾ ਬੰਦ ਕਰਨਾ, ਖ਼ਾਲੀ ਅਸਾਮੀਆਂ ‘ਤੇ ਪੱਕੀ ਭਰਤੀ ਕਰਨਾ, ਅਧਿਆਪਕਾਂ ਨੂੰ ਟਰੇਨਿੰਗ ਲਈ ਵਿਦੇਸ਼ ਭੇਜਣਾ, ਨਵੀਂਆਂ ਤਰੱਕੀਆਂ ਲਈ ਨਵੀਂ ਪਾਰਦਰਸ਼ੀ ਨੀਤੀ ਲੈ ਕੇ ਆਉਣਾ ਅਤੇ ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਲਈ ਕੈਸ਼ਲੈਸ ਮੈਡੀਕਲ ਸਹੂਲਤ ਦੇਣਾ ਸ਼ਾਮਿਲ ਹੈ ।
ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਪਾਰਟੀ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨਾਲ ‘ਗੁਰੂ ਕੀ ਨਗਰੀ’ ਦੇ ਮੀਡੀਆ ਨਾਲ ਰੂਬਰੂ ਸਨ । ਇਸ ਮੌਕੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਅਤੇ ਸਹਿ ਇੰਚਾਰਜ ਰਾਘਵ ਚੱਢਾ ਵੀ ਮੰਚ ‘ਤੇ ਮੌਜੂਦ ਸਨ । ਕੇਜਰੀਵਾਲ ਨੇ ਸਮਾਜ ਦੇ ਵਿਕਾਸ ਤੇ ਉਥਾਨ ਲਈ ਸਿੱਖਿਆ ਅਤੇ ਅਧਿਆਪਕ ਦੇ ਮਹੱਤਵ ਨੂੰ ਅਹਿਮ ਮੰਨਦਿਆਂ ਪੰਜਾਬ ‘ਚ ‘ਸਿੱਖਿਆ ਲਈ ਚੰਗਾ ਮਾਹੌਲ’ ਸਿਰਜਣ ਦੀ ਪਹਿਲੀ ਗਾਰੰਟੀ ਦਿੱਤੀ । ਦੂਜੀ ਗਰੰਟੀ ਰਾਹੀਂ ਹਰ ਤਰ੍ਹਾਂ ਦੇ ਕੱਚੇ, ਆਊਟਸੋਰਸਿੰਗ ਅਤੇ ਠੇਕਾ ਆਧਾਰਿਤ ਅਧਿਆਪਕਾਂ ਨੂੰ ਪੱਕੇ ਕਰਨ ਦਾ ਭਰੋਸਾ ਦਿੱਤਾ । ਉਨ੍ਹਾਂ ਕਿਹਾ ਕਿ ਪੰਜਾਬ ‘ਚ ਬਹੁਤ ਸਾਰੇ ਅਧਿਆਪਕ 18-18 ਸਾਲਾਂ ਤੋਂ ਕੇਵਲ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ‘ਤੇ ਕੰਮ ਕਰ ਰਹੇ ਹਨ, ਜੋ ਇਕ ਅਧਿਆਪਕ ਵਰਗ ਨਾਲ ਵੱਡਾ ਮਜ਼ਾਕ ਹੈ । ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਟੈਂਕੀਆਂ ‘ਤੇ ਚੜ੍ਹੇ ਅਧਿਆਪਕਾਂ ਦੀਆਂ 2 ਮੰਗਾਂ, ਖ਼ਾਲੀ ਅਸਾਮੀਆਂ ਭਰਨ ਅਤੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ ।
ਜੇ ਚੰਨੀ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਆਪਣੇ ਅਗਲੇ ਪੰਜਾਬ ਦੌਰੇ ਦੌਰਾਨ ਉਹ (ਕੇਜਰੀਵਾਲ) ਖ਼ੁਦ ਅਧਿਆਪਕਾਂ ਦੇ ਧਰਨੇ ‘ਚ ਸ਼ਾਮਿਲ ਹੋਣਗੇ ਅਤੇ ‘ਆਪ’ ਦੀ ਸਰਕਾਰ ਬਣਨ ‘ਤੇ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਕਰਨਗੇ । ਪੰਜਾਬ ਦੇ ਅਧਿਆਪਕਾਂ ਨੂੰ ਬਦਲੀ ਦੇ ਸੰਤਾਪ ਤੋਂ ਮੁਕਤ ਕਰਨ ਲਈ ਕੇਜਰੀਵਾਲ ਨੇ ‘ਅਧਿਆਪਕ ਬਦਲੀ’ ਨੀਤੀ ਨੂੰ ਹੀ ਬਦਲਣ ਦੀ ਤੀਜੀ ਗਰੰਟੀ ਅਧਿਆਪਕਾਂ ਨੂੰ ਦਿੱਤੀ । ਚੌਥੀ ਗਰੰਟੀ ਰਾਹੀਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਧਿਆਪਕਾਂ ਤੋਂ ਗੈਰ- ਅਧਿਆਪਨ ਕੰਮ ਨਹੀਂ ਕਰਵਾਏ ਜਾਣਗੇ । 5ਵੀਂ ਗਾਰੰਟੀ ਰਾਹੀਂ ਉਨ੍ਹਾਂ ਅਧਿਆਪਕਾਂ ਦੀਆਂ ਸਾਰੀਆਂ ਖ਼ਾਲੀ ਅਸਾਮੀਆਂ ਭਰਨ ਦਾ ਐਲਾਨ ਕੀਤਾ । 6ਵੀਂ ਗਰੰਟੀ ਇਸ ਗੱਲ ਦੀ ਹੈ ਜਿਵੇਂ ਦਿੱਲੀ ਦੇ ਅਧਿਆਪਕ ਵਿਦੇਸ਼ਾਂ ਵਿਚ ਟਰੇਨਿੰਗ ਲਈ ਭੇਜੇ ਜਾਂਦੇ ਹਨ । ਉਸੇ ਤਰ੍ਹਾਂ ਪੰਜਾਬ ਦੇ ਅਧਿਆਪਕ ਵੀ ਭੇਜੇ ਜਾਣਗੇ । ਇਸ ਦੇ ਨਾਲ ਹੀ ਕੇਜਰੀਵਾਲ ਨੇ ਅਧਿਆਪਕਾਂ ਨੂੰ ਸਮੇਂ ਸਿਰ ਤਰੱਕੀ (ਪ੍ਰਮੋਸ਼ਨ) ਦੇਣ ਦੀ 7ਵੀਂ ਗਾਰੰਟੀ ਦਿੱਤੀ । ਜਦੋਂਕਿ 8ਵੀਂ ਗਾਰੰਟੀ ਰਾਹੀਂ ਹਰੇਕ ਅਧਿਆਪਕ ਅਤੇ ਉਸ ਦੇ ਪਰਿਵਾਰ ਨੂੰ ਕੈਸ਼ਲੈਸ ਮੈਡੀਕਲ ਸਹੂਲਤ ਦੇਣ ਦਾ ਐਲਾਨ ਕੀਤਾ । ਇਸ ਤੋਂ ਪਹਿਲਾ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸਮਾਜ ਦੀ ਤਰੱਕੀ ਦਾ ਮੂਲ ਆਧਾਰ ਸਕੂਲ ਸਿੱਖਿਆ ਹੁੰਦੀ ਹੈ ਪਰ ਪੰਜਾਬ ‘ਚ ਸੱਤਾਧਾਰੀਆਂ ਨੇ ਸਕੂਲ ਸਿੱਖਿਆ ਦਾ ਬੇੜਾ ਹੀ ਗ਼ਰਕ ਕਰ ਦਿੱਤਾ ।