ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਦਫਾ ਖੁੱਲ੍ਹ ਕੇ ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਨਿਸ਼ਾਨੇ ‘ਤੇ ਲਿਆ ਹੈ।
ਅਮਰਿੰਦਰ ਨੇ ਇਨ੍ਹਾਂ ਭੈਣ ਭਰਾਵਾਂ ਨੂੰ ਗੈਰ ਤਜਰਬੇਕਾਰ ਦੱਸਿਆ ਹੈ। ਅਮਰਿੰਦਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਖਿਲਾਫ ਵੀ ਬਿਗਲ ਵਜਾ ਦਿੱਤਾ ਹੈ। ਅਮਰਿੰਦਰ ਨੇ ਕਿਹਾ ਕਿ ਉਹ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਅਤੇ ਦੇਸ਼ ਨੂੰ ਸਿੱਧੂ ਤੋਂ ਬਚਾਉਣ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਨ। ਉਨ੍ਹਾਂ ਸਿੱਧੂ ਨੂੰ ਦੇਸ਼ ਲਈ ਖਤਰਾ ਦੱਸਿਆ। ਕੈਪਟਨ ਨੇ ਦਾਅਵਾ ਕੀਤਾ ਕਿ ਉਹ ਅਗਾਮੀ ਚੋਣਾਂ ਵਿਚ ਨਵਜੋਤ ਸਿੱਧੂ ਖਿਲਾਫ ਮਜ਼ਬੂਤ ਉਮੀਦਵਾਰ ਖੜ੍ਹਾ ਕਰਨਗੇ। ਬੇਅਦਬੀ ਤੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿਚ ਬਾਦਲਾਂ ਤੇ ਮਜੀਠੀਆ ਖਿਲਾਫ ਕਾਰਵਾਈ ਨਹੀਂ ਕਰ ਰਹੇ ਹੋਣ ਦੀਆਂ ਸ਼ਿਕਾਇਤਾਂ ਦੇ ਹਵਾਲੇ ਨਾਲ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਕਾਨੂੰਨ ਨੂੰ ਆਪਣਾ ਰਾਹ ਅਖਤਿਆਰ ਕਰਨ ਦੇਣ ਵਿਚ ਯਕੀਨ ਰੱਖਦੇ ਹਨ, ਪਰ ਜਿਹੜੇ ਲੋਕ ਇਹ ਸ਼ਿਕਾਇਤਾਂ ਕਰ ਰਹੇ ਸਨ, ਹੁਣ ਉਹ ਸੱਤਾ ਵਿਚ ਹਨ। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਭਵਿੱਖੀ ਰਣਨੀਤੀ ਘੜਨ ਲਈ ਆਪਣੇ ਨੇੜਲਿਆਂ ਨਾਲ ਸਲਾਹ ਮਸ਼ਵਰਾ ਸ਼ੁਰੂ ਕਰ ਦਿੱਤਾ ਹੈ।
ਕੈਪਟਨ ਨੇ ਸਾਫ ਕਰ ਦਿੱਤਾ ਕਿ ਉਨ੍ਹਾਂ ਉਮਰ ਨੂੰ ਕਦੇ ਵੀ ਰੁਕਾਵਟ ਵਜੋਂ ਨਹੀਂ ਦੇਖਿਆ। ਅਮਰਿੰਦਰ ਨੇ ਅਸਤੀਫਾ ਦੇਣ ਦੀ ਗੱਲ ‘ਤੇ ਕਿਹਾ ਕਿ ਜੇਕਰ ਸੋਨੀਆ ਗਾਂਧੀ ਬੁਲਾ ਕੇ ਉਨ੍ਹਾਂ ਨੂੰ ਆਖ ਦਿੰਦੇ ਤਾਂ ਉਨ੍ਹਾਂ ਨੇ ਉਸੇ ਵੇਲੇ ਅਹੁਦਾ ਛੱਡ ਦੇਣਾ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਤੇ ਪ੍ਰਿਯੰਕਾ ਉਨ੍ਹਾਂ ਦੇ ਬੱਚਿਆਂ ਵਾਂਗ ਹਨ, ਪਰ ਨਾਲ ਇਹ ਵੀ ਆਖ ਦਿੱਤਾ ਕਿ ਗਾਂਧੀ ਪਰਿਵਾਰ ਦੇ ਫਰਜ਼ੰਦ ਗੈਰ ਤਜਰਬੇਕਾਰ ਹਨ ਅਤੇ ਉਨ੍ਹਾਂ ਦੇ ਸਲਾਹਕਾਰ ਸਪੱਸ਼ਟ ਤੌਰ ‘ਤੇ ਉਨ੍ਹਾਂ ਨੂੰ ਗੁੰਮਰਾਹ ਕਰ ਰਹੇ ਹਨ। ਅਮਰਿੰਦਰ ਨੇ ਇਸ ਮੌਕੇ ਕਾਂਗਰਸ ਹਾਈਕਮਾਨ ‘ਤੇ ਵੀ ਸਿੱਧੀ ਉਂਗਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਦਿੱਲੀ ਤੋਂ ਪੰਜਾਬ ਨੂੰ ਚਲਾਇਆ ਜਾ ਰਿਹਾ ਹੈ ਜਦੋਂ ਕਿ ਉਹ ਖੁਦ ਪਹਿਲਾਂ ਸੱਤਾ ਮੌਕੇ ਯੋਗਤਾ ਦੇ ਲਿਹਾਜ਼ ਨਾਲ ਮੰਤਰੀਆਂ ਨੂੰ ਨਿਯੁਕਤ ਕਰਦੇ ਸਨ।
ਉਨ੍ਹਾਂ ਸਵਾਲ ਕੀਤਾ ਕਿ ਵੇਣੂਗੋਪਾਲ ਜਾਂ ਰਣਦੀਪ ਸੁਰਜੇਵਾਲਾ ਜਿਹੇ ਕਾਂਗਰਸੀ ਆਗੂ ਕਿਵੇਂ ਫੈਸਲਾ ਕਰ ਸਕਦੇ ਹਨ ਕਿ ਕਿਸ ਮੰਤਰਾਲੇ ਲਈ ਕਿਹੜਾ ਮੰਤਰੀ ਚੰਗਾ ਹੈ। ਅਮਰਿੰਦਰ ਨੇ ਕਿਹਾ ਕਿ ਵਿਰੋਧੀ ਸੁਰਾਂ ਵਾਲੇ, ਜੋ ਖਣਨ ਮਾਫੀਏ ਨੂੰ ਲੈ ਕੇ ਮੰਤਰੀਆਂ ਵਿਰੁੱਧ ਸ਼ਿਕਾਇਤਾਂ ਕਰਦੇ ਸਨ, ਅੱਜ ਉਹੀ ਮੰਤਰੀ ਹੁਣ ਇਨ੍ਹਾਂ ਨੇਤਾਵਾਂ ਨਾਲ ਹਨ। ਅਮਰਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਕੋਲ ਗ੍ਰਹਿ ਵਿਭਾਗ ਚਲਾਉਣ ਦਾ ਉਕਾ ਹੀ ਤਜਰਬਾ ਨਹੀਂ ਹੈ ਤੇ ਉਪਰੋਂ ਸਰਹੱਦੀ ਸੂਬੇ ਵਿਚ ਹਾਲਤ ਗੰਭੀਰ ਹੁੰਦੇ ਜਾ ਰਹੇ ਹਨ। ਉਨ੍ਹਾਂ ਚੰਨੀ ਦੇ ਬਿੱਲ ਮੁਆਫੀ ਦੇ ਐਲਾਨ ‘ਤੇ ਕਿਹਾ ਕਿ ਮੁੱਖ ਮੰਤਰੀ ਨੂੰ ਪਹਿਲਾਂ ਸਾਬਕਾ ਵਿੱਤ ਮੰਤਰੀ ਨਾਲ ਇਸ ਸਬੰਧੀ ਸਲਾਹ ਮਸ਼ਵਰਾ ਕਰ ਲੈਣਾ ਚਾਹੀਦਾ ਸੀ। ਕੈਪਟਨ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਪੰਜਾਬ ਅੱਗੇ ਜਾ ਕੇ ਦੀਵਾਲੀਆ ਨਾ ਬਣੇ।