ਖੇਡਾਂ ਜੋ ਕਦੇ ਜ਼ੋਰ, ਲਗਨ ਤੇ ਸਿਰੜ ਨਾਲ ਖੇਡੀਆਂ ਜਾਂਦੀਆਂ ਸੀ ਹੁਣ ਇਨ੍ਹਾਂ ਵਿਚ ਵੀ ਖਿਡਾਰੀ ਮੈਡਲ ਹਾਸਿਲ ਕਰਨ ਦੀ ਮਿ੍ਰਗ ਤਿ੍ਰਸ਼ਨਾ ’ਚ ਡੋਪਿੰਗ ਦਾ ਅਯੋਗ ਢੰਗ ਵਰਤ ਕੇ ਮੈਡਲ ਹਾਸਿਲ ਕਰ ਰਹੇ ਨੇ। ਦਰਅਸਲ ਕਿਸੇ ਖਿਡਾਰੀ ਵਲੋਂ ਨਸ਼ੀਲੇ ਪਦਾਰਥ ਜਾਂ ਕਿਸੇ ਵਰਜਿਤ ਦਵਾਈ ਦੀ ਵਰਤੋਂ ਕਰਕੇ ਆਪਣੇ ਖੇਡ ਪ੍ਰਦਰਸ਼ਨ ਨੂੰ ਵਧਾਉਣ ਨੂੰ ਡੋਪਿੰਗ ਆਖਦੇ ਨੇ। ਖੇਡ ਜਗਤ ਵਿਚੋਂ ਆਏ ਦਿਨ ਕੋਈ ਨਾ ਕੋਈ ਖ਼ਬਰ ਮਿਲਦੀ ਹੈ। ਡੋਪਿੰਗ ਨਾਲ ਤਾਜ਼ੀਆਂ ਜੁੜੀਆਂ ਅਜਿਹੀਆ ਦੋ ਘਟਨਾਵਾਂ ਨੇ ਖੇਡ ਪ੍ਰੇਮੀਆਂ ਨੂੰ ਮੁੜ ਨਿਰਾਸ਼ ਕੀਤਾ ਹੈ। ਭਾਰਤੀ ਭਾਰ ਤੋਲਕ ਸੰਜੀਤਾ ਚਾਨੂੰ , ਜਿਸ ਨੇ ਸੰਨ 2014 ਦੀਆਂ ਗਲਾਸਕੋ ਤੇ 2018 ਦੀਆਂ ਗੋਲਡ ਕੋਸ ਹੋਈਆਂ ਰਾਸ਼ਟਰ ਮੰਡਲ ਖੇਡਾਂ ’ਚੋਂ ਦੋ ਵਾਰ ਸੋਨ ਤਗ਼ਮਾ ਜਿੱਤਿਆ ਸੀ, ਨੇ ਪਿਛਲੇ ਸਾਲ 2022 ਦੀਆਂ ਗੁਜਰਾਤ ਰਾਸ਼ਟਰੀ ਖੇਡਾਂ ਵਿਚ ਐਨਾਬੋਲਿਕ ਸਟੀਰਾਈਡ- ਡਰੋਸਤਾਨੋਲੋਂਨ ਮੇਟਾਬੋਲਾਈਟ ਨਾਂ ਦੀ ਪਾਬੰਦੀਸ਼ੁਦਾ ਦਵਾਈ ਦਾ ਇਸਤੇਮਾਲ ਕਰਕੇ ਭਾਗ ਲਿਆ ਤੇ ਇਸ ਮੁਕਾਬਲੇ ਤੋਂ ਬਾਅਦ ਉਹ ਡੋਪ ਜਾਂਚ ਦੌਰਾਨ ਪਾਜ਼ੀਟਿਵ ਪਾਈ ਗਈ ਜਿਸ ਕਾਰਨ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਉਸ ਉਪਰ ਚਾਰ ਸਾਲ ਲਈ ਕਿਸੇ ਵੀ ਖੇਡ ਮੁਕਾਬਲੇ ਵਿਚ ਭਾਗ ਨਾ ਲੈਣ ਦੀ ਪਾਬੰਦੀ ਲਗਾ ਦਿੱਤੀ ਹੈ ਤੇ ਉਸ ਵਲੋਂ ਰਾਸ਼ਟਰੀ ਖੇਡਾਂ ਵਿਚੋਂ ਜਿੱਤੇ ਸਿਲਵਰ ਮੈਡਲ ਨੂੰ ਵਾਪਿਸ ਲੈ ਲਿਆ ਹੈ। ਡੋਪਿੰਗ ਦੇ ਨਾਗ ਨੇ ਦੂਜਾ ਡੰਗ ਮਾਰਿਆ ਹੈ ਬਰਤਾਨੀਆ ਦੇ ਲਾਈਟ ਵੇਟ ’ਚ ਵਿਸ਼ਵ ਜੇਤੂ ਤੇ ਓਲੰਪਿਕ ਖੇਡਾਂ ਦੇ ਚਾਂਦੀ ਤਗਮਾ ਜੇਤੂ ਮੁੱਕੇਬਾਜ਼ ਆਮਿਰ ਖਾਨ ਨੂੰ ਜੋ ਮਾਨਚੈਸਟਰ ਵਿਖੇ ਫਰਵਰੀ 2022 ਚ ਹੋਏ ਬਾਕਸਿੰਗ ਮੁਕਾਬਲੇ ਵਿਚ ਆਪਣੇ ਵਿਰੋਧੀ ਮੁੱਕੇਬਾਜ਼ ਕੇਲ ਬਰੂਕ ਨਾਲ ਮੁਕਾਬਲੇ ਤੋਂ ਬਾਅਦ ਡੋਪ ਟੈਸਟ ਦੌਰਾਨ ਪਾਜ਼ੇਟਿਵ ਪਾਇਆ ਗਿਆ। ਟੈਸਟ ਤੋਂ ਬਾਅਦ ਪਤਾ ਲੱਗਾ ਕੇ ਉਸਨੇ ਆਪਣੀ ਤਾਕਤ ਵਧਾਉਣ ਲਈ ਓਸਟੇਰਿਨ-ਏਨਾਬੋਲਿਕ ਏਜੰਟ ਨਾਮ ਦੀ ਪਾਬੰਦੀਸੁਦਾ ਦਵਾਈ ਦਾ ਸੇਵਨ ਕੀਤਾ ਹੋਇਆ ਸੀ ਜੋ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਦੀ ਪਾਬੰਦੀਸ਼ੁਦਾ ਲਿਸਟ ਵਿਚ ਸ਼ਾਮਿਲ ਹੈ। ਹੁਣ ਉਸ ਉਪਰ ਵੀ ਬਿ੍ਰਟਿਨ ਦੀ ਡੋਪਿੰਗ ਰੋਕੂ ਸੰਸਥਾ ਨੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕਰ ਦਿੱਤਾ ਹੈ। ਆਪਣੀ ਇਸ ਹਰਕਤ ਨਾਲ ਇਹ ਦੋਵੇਂ ਖਿਡਾਰੀ ਹੁਣ ਨਾ ਘਰ ਦੇ ਰਹੇ ਨਾ ਘਾਟ ਦੇ। ਖੇਡ ਸੰਸਾਰ ਵਿਚ ਡੋਪਿੰਗ ਦੇ ਅਜਿਹੇ ਅਨੇਕਾਂ ਮਾਮਲੇ ਸਮੇਂ ਸਮੇਂ ਤੇ ਸਾਹਮਣੇ ਆਉਂਦੇ ਰਹੇ ਨੇ ਜਿਨ੍ਹਾਂ ਨਾਲ ਡੋਪਿੰਗ ਕਰਨ ਵਾਲੇ ਖਿਡਾਰੀਆਂ ਅਤੇ ਉਨਾਂ ਦੇ ਮੁਲਖਾਂ ਨੂੰ ਨਮੋਸ਼ੀ ਝੱਲਣੀ ਪਈ ਤੇ ਕਈ ਖਿਡਾਰੀਆਂ ਨੂੰ ਇਸ ਦੇ ਮਾਰੂ ਪ੍ਰਭਾਵਾਂ ਕਾਰਨ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ। ਖੇਡਾਂ ਦੀ ਦੁਨੀਆਂ ਵਿਚ ਡੋਪਿੰਗ ਦਾ ਪਹਿਲਾ ਮਾਮਲਾ 1960 ਦੀਆਂ ਰੋਮ ਓਲੰਪਿਕ ਖੇਡਾਂ ਦੌਰਾਨ ਡੈਨਮਾਰਕ ਦੇ ਸਾਈਕਲਿਸਟ ਕੁਰਤ ਜੈਕਸਨ ਦਾ ਆਇਆ। ਜਿਸ ਨੇ ਇਹਨਾਂ ਖੇਡਾਂ ਵਿਚ ਨਸ਼ੀਲੇ ਪਦਾਰਥ ਦਾ ਸੇਵਨ ਕਰਕੇ ਸਾਈਕਲਿੰਗ ਕੀਤੀ ਤੇ ਉਹ ਸਾਈਕਲ ਟਰੈਕ ਵਿਚ ਹੀ ਦਮ ਤੋੜ ਗਿਆ। ਇਸ ਤੋਂ ਇਲਾਵਾ ਡੋਪਿੰਗ ਦਾ ਸਭ ਤੋਂ ਵੱਧ ਤਮਸ਼ਹੂਰ ਮਾਮਲਾ 1988 ਦੀਆਂ ਸਿਓਲ ਉਲੰਪਿਕ ਖੇਡਾਂ ਦੌਰਾਨ ਕੈਨੇਡਾ ਦੇ ਫਰਾਟਾ ਦੌੜਾਕ ਬੈਨ ਜੌਹਨਸਨ ਦਾ ਹੋਇਆ ਸੀ ਜਿਸ ਨੇ ਆਪਣੇ ਮਾਸ ਪੱਠਿਆਂ ਦੀ ਤਾਕਤ ਵਧਾਉਣ ਲਈ ਐਨਾਬੋਲਿਕ ਸਟੀਰਾਈਡ ਦਾ ਇਸਤੇਮਾਲ ਕਰਕੇ 100 ਮੀਟਰ ਫਰਾਟਾ ਦੌੜ ਵਿਚ 9:79 ਸੈਕੰਡ ਦਾ ਸਮ੍ਹਾਂ ਕੱਢ ਨਵਾਂ ਰਿਕਾਰਡ ਬਣਾ ਦਿੱਤਾ ਸੀ ਪਰ ਡੋਪ ਟੈਸਟ ਵਿਚ ਫੇਲ੍ਹ ਹੋਣ ਕਾਰਨ ਉਸ ਨੂੰ ਦਿੱਤਾ ਗੋਲ੍ਡ ਮੈਡਲ ਵਾਪਸ ਲੈ ਲਿਆ ਤੇ ਉਸਦੇ ਬਣਾਏ ਰਿਕਾਰਡ ਨੂੰ ਭੰਗ ਵੀ ਕਰ ਦਿੱਤਾ ਤੇ ਵਾਡਾ ਨੇ ਉਸ ਉਪਰ ਉਮਰ ਭਰ ਖੇਡਣ ਦੀ ਪਾਬੰਦੀ ਲਗਾ ਦਿੱਤੀ ਜਿਸ ਨਾਲ ਬੈਨ ਜੌਹਨਸਨ ਦੀ ਕੁਲ ਲੋਕਾਈ ਵਿਚ ਬੜੀ ਥੂ ਥੂ ਹੋਈ ਤੇ ਉਸਦੇ ਦੇਸ਼ ਕੈਨੇਡਾ ਨੂੰ ਵੀ ਸ਼ਰਮਸਾਰ ਹੋਣਾ ਪਿਆ। ਇਸ ਮੁਕਾਬਲੇ ਦਾ ਜੇਤੂ ਬਣਿਆ ਅਮਰੀਕੀ ਦੌੜਾਕ ਕਾਰਲ ਲੁਈਸ, ਜੋ ਪਹਿਲਾਂ ਇਸ ਰੇਸ ਵਿਚ ਦੋਇਮ ਰਿਹਾ ਸੀ । ਕੌਮਾਂਤਰੀ ਓਲੰਪਿਕ ਕਮੇਟੀ ਅਨੁਸਾਰ ਡੋਪਿੰਗ ਨੂੰ ਰੋਕਣ ਲਈ ਵਿਸ਼ਵ ਪੱਧਰ ਦੀ ਬਣੀ ਵਰਲਡ ਐਂਟੀ ਡੋਪਿੰਗ ਏਜੰਸੀ (ਵਾਡਾ) ਨੇ ਅਜਿਹੀਆਂ 200 ਤੋਂ ਵੱਧ ਮੈਡੀਕੇਟਿਡ ਦਵਾਈਆਂ ਦੀ ਲਿਸਟ ਬਣਾਈ ਹੈ ਜਿਨ੍ਹਾਂ ਦਾ ਸੇਵਨ ਕਰਕੇ ਖਿਡਾਰੀ ਕਿਸੇ ਵੀ ਕੌਮਾਂਤਰੀ ਖੇਡ ਮੁਕਾਬਲੇ ਵਿਚ ਭਾਗ ਨਹੀਂ ਲੈ ਸਕਦਾ। ਮੁਕਾਬਲੇ ਤੋਂ ਤੁਰੰਤ ਬਾਅਦ ਖਿਡਾਰੀ ਨੂੰ ਗ੍ਰਾਉੰਡ ਵਿਚੋਂ ਹੀ ਡੋਪ ਟੈਸਟ ਲਈ ਲੈਬ ਵਿਚ ਲਿਜਾਇਆ ਜਾਂਦੈ ਜਿਥੇ ਉਸਦੇ ਖੂਨ ਅਤੇ ਪਿਸ਼ਾਬ ਦੇ ਨਮੂਨਿਆ ਨੂੰ ਲੈ ਕੇ ਟੈਸਟ ਕਰ ਲਿਆ ਜਾਂਦੈ ਜਿਸ ਵੀ ਖਿਡਾਰੀ ਦਾ ਡੋਪ ਟੈਸਟ ਪਾਜ਼ਿਟਿਵ ਆ ਜਾਂਦਾ ਹੈ ਉਸਦੇ ਖਿਲਾਫ ਵਾਡਾ/ਨਾਡਾ ਏਡੀਆਰ ਦੇ ਆਰਟੀਕਲਜ਼ ਮੁਤਾਬਿਕ ਕਾਰਵਾਈ ਕੀਤੀ ਜਾਂਦੀ ਹੈ। ਫੇਰ ਵੀ ਆਪਣੇ ਖੇਡ ਮਿਆਰ ਨੂੰ ਉੱਚਾ ਚੁੱਕਣ ਦੀ ਲਾਲਸਾ ਵਿਚ ਖਿਡਾਰੀ ਡੋਪਿੰਗ ਦਾ ਇਸਤੇਮਾਲ ਕਰਦੇ ਨੇ। ਇਹ ਚਰਚਾ ਬੇਲੋੜੀ ਨਹੀਂ ਹੋਵੇਗੀ ਜੇ ਅਸੀਂ ਇਨ੍ਹਾਂ ਖਤਰਨਾਕ ਤੇ ਜਾਨ ਲੇਵਾ ਦਵਾਈਆਂ ਦੇ ਭਿਆਨਕ ਸਿੱਟਿਆਂ ਨੂੰ ਉਹਨਾਂ ਦੇ ਅੰਗ ਸੰਗ ਨਾ ਕਰੀਏ। ਕਿਸੇ ਖਿਡਾਰੀ ਦੀ ਉਤੇਜਨਾ ਵਧਾਉਣ ਵਾਲੇ ਪਦਾਰਥ ਐਮਫ਼ੀਟਾਮਾਈਨਸ, ਕੈਫ਼ੀਨ, ਐਫਡਰਾਈਨ ਤੇ ਮੈਸੋਕਾਰਬ ਹਨ ਜਿਹੜੇ ਕੇਂਦਰੀ ਨਾੜੀ ਪ੍ਰਣਾਲੀ ਨੂੰ ਤੇਜ਼ ਕਰਦੇ ਹੋਏ ਦਿਮਾਗ ਤੇ ਪੂਰੇ ਸਰੀਰ ਦੀ ਗਤੀ ਵਧਾਉਂਦੇ ਨੇ। ਇਹਨਾਂ ਪਦਾਰਥਾਂ ਦੇ ਸੇਵਨ ਨਾਲ ਖਿਡਾਰੀ ਨੂੰ ਦਿਲ ਦਾ ਦੌਰਾ ਪੈ ਸਕਦੈ। ਕਈ ਅਥਲੀਟ ਤੇ ਬਾਡੀ ਬਿਲਡਰ ਆਪਣੀਆ ਮਾਸਪੇਸ਼ੀਆਂ ਦੀ ਮਜ਼ਬੂਤੀ ਲਈ ਡਰੋਸਟਾਨੋਲੋਨ, ਓਕਸਾਐਨਡਰੋਲੋਨ, ਮੈਂਟਨੋਲੋਨ ਨਾਮ ਦੇ ਐਨਾਬੋਲਿਕ ਸਟੀਰਾਇਡਜ਼ ਦਾ ਇਸਤੇਮਾਲ ਕਰਦੇ ਹਨ ਜਿਸ ਨਾਲ ਉਹਨਾਂ ਦੀਆਂ ਮਾਸਪੇਸ਼ੀਆਂ ਦਾ ਆਕਾਰ ਵੱਧ ਜਾਂਦਾ ਤੇ ਉਹ ਬਲ ਭਰਪੂਰ ਹੋ ਜਾਂਦੀਆਂ ਨੇ ਪਰ ਇਹਨਾਂ ਪਦਾਰਥਾਂ ਦੇ ਸੇਵਨ ਨਾਲ ਖਿਡਾਰੀ ਦੇ ਗੁਰਦੇ ਫੇਲ੍ਹ ਹੋ ਸਕਦੇ ਨੇ ਤੇ ਜਿਗਰ ’ਤੇ ਮਾੜਾ ਅਸਰ ਪੈਂਦਾ ਹੈ। ਕਈ ਖਿਡਾਰੀ ਸਰੀਰ ਤੇ ਅੰਗਾਂ ਦੀ ਕਾਰਜ ਸ਼ਕਤੀ ਅਤੇ ਦਰਦ ਸਹਿਣ ਦੀ ਤਾਕਤ ਵਧਾਉਣ ਲਈ ਪੇਪਟਾਈਡ ਹਾਰਮੋਨਜ਼ ਨੂੰ ਖੇਡ ਮੁਕਾਬਲੇ ਤੋਂ ਪਹਿਲਾਂ ਆਪਣੇ ਸਰੀਰ ਵਿਚ ਦਾਖ਼ਲ ਕਰਵਾ ਲੈਂਦੇ। ਇਹ ਹਾਰਮੋਨਜ਼ ਖੂਨ ਦੇ ਲਾਲ ਰਕਤਾਣੂਆਂ ਵਿਚ ਹੁੰਦੈ। ਇਸ ਦੇ ਦੁਰਉਪਯੋਗ ਨਾਲ ਖਿਡਾਰੀ ਦਾ ਦਿਲ ਫੇਲ੍ਹ ਹੋ ਸਕਦੈ। ਉਸਨੂੰ ਸ਼ੁਗਰ ਅਤੇ ਹੱਡੀਆਂ ਕਮਜ਼ੋਰ ਹੋਣ ਦੀ ਬਿਮਾਰੀ ਹੋ ਜਾਂਦੀ ਹੈ। ਕਈ ਮੁੱਕੇਬਾਜ਼ ਅਤੇ ਕੁਸ਼ਤੀ ਖਿਡਾਰੀ ਆਪਣਾ ਭਾਰ ਘਟਾਉਣ ਲਈ ਮੂਤਰ ਵਰਧਕ ਦਵਾਈਆਂ ਦਾ ਇਸਤੇਮਾਲ ਕਰਦੇ ਨੇ ਜਿਸ ਦੇ ਸੇਵਨ ਨਾਲ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ ਤੇ ਖਿਡਾਰੀ ਦੀ ਮੌਤ ਵੀ ਹੋ ਸਕਦੀ ਹੈ।
– ਪ੍ਰੋ. ਹਰਦੀਪ ਸਿੰਘ ਸੰਗਰੂਰ