ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਦੇ ਦੇਸ਼ ਛੱਡਣ ਤੋਂ ਬਾਅਦ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਨੇ ਆਪਣੇ ਆਪ ਨੂੰ ਦੇਸ਼ ਦਾ ਨਵਾਂ ਰਾਸ਼ਟਰਪਤੀ ਐਲਾਨਿਆ ਹੈ |
ਸਾਲੇਹ ਦੇ ਇਸ ਐਲਾਨ ਨੂੰ ਸਮਰਥਨ ਦਿੰਦਿਆਂ ਤਾਜਿਕਸਤਾਨ ਵਿਚਲੇ ਅਫ਼ਗਾਨ ਦੂਤਘਰ ਨੇ ਅਸ਼ਰਫ਼ ਗਨੀ ਦੀ ਤਸਵੀਰ ਨੂੰ ਉਤਾਰ ਕੇ ਉਨ੍ਹਾਂ ਦੀ ਜਗ੍ਹਾ ਅਮਰੁੱਲਾਹ ਸਾਲੇਹ ਦੀ ਤਸਵੀਰ ਲਗਾ ਦਿੱਤੀ ਹੈ | ਇਨਾ ਹੀ ਨਹੀਂ, ਉਨ੍ਹਾਂ ਦੀ ਤਸਵੀਰ ਦੇ ਨਾਲ ਹੀ ‘ਪੰਜਸ਼ੀਰ ਦਾ ਸ਼ੇਰ’ ਵਜੋਂ ਜਾਣੇ ਜਾਂਦੇ ਕਮਾਂਡਰ ਅਹਿਮਦ ਸ਼ਾਹ ਮਸੂਦ ਦੀ ਤਸਵੀਰ ਵੀ ਲਗਾਈ ਗਈ ਹੈ | ਤਾਜਿਕਸਤਾਨ, ਅਫ਼ਗਾਨਿਸਤਾਨ ਦੇ ਨਾਲ ਲੱਗਦਾ ਦੇਸ਼ ਹੈ ਅਤੇ ਸਾਲੇਹ ਵੀ ਤਾਜਿਕ ਮੂਲ ਦੇ ਹਨ |ਅਮਰੁੱਲਾਹ ਸਾਲੇਹ ਨੇ ਟਵੀਟ ਕੀਤਾ ਹੈ ਕਿ ਉਹ ਇਸ ਵੇਲੇ ਆਪਣੇ ਦੇਸ਼ ਦੇ ਅੰਦਰ ਹਨ ਅਤੇ ਜਾਇਜ਼ ਦੇਖਭਾਲ ਕਰਨ ਵਾਲੇ ਰਾਸ਼ਟਰਪਤੀ ਹਨ | ਉਨ੍ਹਾਂ ਇਹ ਵੀ ਕਿਹਾ ਕਿ ਉਹ ਸਾਰੇ ਅਫ਼ਗਾਨ ਨੇਤਾਵਾਂ ਤੋਂ ਉਨ੍ਹਾਂ ਦੇ ਸਮਰਥਨ ਅਤੇ ਆਮ ਸਹਿਮਤੀ ਲਈ ਪਹੁੰਚ ਕਰ ਰਹੇ ਹਨ | ਸਾਲੇਹ ਨੇ ਇਕ ਹੋਰ ਟਵੀਟ ‘ਚ ਅਮਰੀਕਾ ‘ਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਹੁਣ ਅਫ਼ਗਾਨਿਸਤਾਨ ‘ਤੇ ਜੋ ਬਾਈਡਨ ਨਾਲ ਬਹਿਸ ਕਰਨਾ ਬੇਕਾਰ ਹੈ | ਉਸ ਨੂੰ ਜਾਣ ਦਿE | ਉਨ੍ਹਾਂ ਕਿਹਾ ਕਿ ਸਾਨੂੰ ਅਫ਼ਗਾਨੀਆਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਅਫ਼ਗਾਨਿਸਤਾਨ ਵੀਅਤਨਾਮ ਨਹੀਂ ਹੈ | ਉਨ੍ਹਾਂ ਨੇ ਉੱਤਰੀ ਗੱਠਜੋੜ ਦੇ ਨਾਲ-ਨਾਲ ਅਫ਼ਗਾਨ ਨਾਗਰਿਕਾਂ ਨੂੰ ਵੀ ਤਾਲਿਬਾਨ ਵਿਰੁੱਧ ਖੜ੍ਹੇ ਹੋਣ ਦੀ ਅਪੀਲ ਕੀਤੀ |