ਸਾਂਤੀਨਿਕੇਤਨ/ਕੋਲਕਾਤਾ, 28 ਮਾਰਚ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਇੱਥੇ ਕਿਹਾ ਕਿ ਉੱਘੇ ਕਵੀ ਰਾਬਿੰਦਰਨਾਥ ਟੈਗੋਰ ਨੇ ਆਲਮੀ ਪੱਧਰ ‘ਤੇ ਭਾਰਤ ਨੂੰ ਗਿਆਨ ਦੇ ਮੁੱਖ ਸੋਮੇ ਵਜੋਂ ਪੇਸ਼ ਕੀਤਾ ਸੀ। ਉਹ ਵਿਸ਼ਵ ਭਾਰਤੀ ਯੂਨੀਵਰਸਿਟੀ ਦੀ ਕਾਨਵੋਕੇਸ਼ਨ ਦੌਰਾਨ ਸੰਬੋਧਨ ਕਰ ਰਹੇ ਸਨ। ਗ਼ੌਰਤਲਬ ਹੈ ਕਿ ਯੂਨੀਵਰਸਿਟੀ ਦੀ ਸਥਾਪਨਾ ਰਾਬਿੰਦਰਨਾਥ ਟੈਗੋਰ ਵੱਲੋਂ ਕੀਤੀ ਗਈ ਸੀ। ਮੁਰਮੂ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਕਈ ਸੰਸਥਾਵਾਂ ਦਾ ਦੌਰਾ ਕਰਨ ਦਾ ਸਬੱਬ ਮਿਲਿਆ ਹੈ ਪਰ ਉਨ੍ਹਾਂ ਦੀ ਵਿਸ਼ਵ ਭਾਰਤੀ ਦੀ ਪਹਿਲੀ ਫੇਰੀ ਬਹੁਤ ਖਾਸ ਹੈ ਕਿਉਂਕਿ ਇਹ ਵਿਸ਼ਵ ਦੇ ਮਹਾਨ ਬੁੱਧੀਜੀਵੀਆਂ ਵਿੱਚੋਂ ਇਕ ਦੀ ਯਾਦ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ,’ਗੁਰੂਦੇਵ ਨੇ ਭਾਰਤ ਨੂੰ ਗਿਆਨ ਦੇ ਮੁੱਖ ਸੋਮੇ ਦੇ ਰੂਪ ਵਿੱਚ ਪੇਸ਼ ਕੀਤਾ।’ ਰਾਸ਼ਟਰਪਤੀ ਨੇ ਇਕ ਦਿਨ ਪਹਿਲਾਂ ਕੀਤੇ ਗਏ ਟੈਗੋਰ ਦੇ ਪੁਸ਼ਤੈਨੀ ਘਰ ਦੇ ਦੌਰੇ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਕਿਸੇ ਧਾਰਮਿਕ ਯਾਤਰਾ ਤੋਂ ਘੱਟ ਨਹੀਂ ਸੀ। ਇਸੇ ਦੌਰਾਨ ਕੋਲਕਾਤਾ ਵਿੱਚ ਯੂਕੋ ਬੈਂਕ ਦੇ ਸਮਾਗਮ ‘ਚ ਰਾਸ਼ਟਰਪਤੀ ਨੇ ਕਿਹਾ ਕਿ ਬੈਂਕਾਂ ਨੂੰ ਅਰਥਚਾਰੇ ਦਾ ਵਿਕਾਸ ਯਕੀਨੀ ਬਣਾਉਣ ਲਈ ਅਸਾਸਿਆਂ ਦੀ ਰਚਨਾ ਤੇ ਲੋਕਾਂ ਦੇ ਪੈਸੇ ਦੀ ਸੁਰੱਖਿਆ ਵਿਚਾਲੇ ਤਾਲਮੇਲ ਦੀ ਲੋੜ ਹੈ। -ਪੀਟੀਆਈ