ਨਵੀਂ ਦਿੱਲੀ / ਕੈਪਟਨ ਅਮਰਿੰਦਰ ਸਿੰਘ ਦੀ ਸੀਨੀਆਰਤਾ ਅਤੇ ਨਵਜੋਤ ਸਿੰਘ ਸਿੱਧੂ ਦੀ ਅਹਿਮੀਅਤ ਦੇ ਦੋ ਪੇਚੀਦਾ ਨੁਕਤਿਆਂ ‘ਚ ਉਲਝੀ ਪੰਜਾਬ ਕਾਂਗਰਸ ਦੇ ਅੜਿੱਕੇ ਨੂੰ ਸੁਲਝਾਉਣ ਲਈ ਮੰਗਲਵਾਰ ਨੂੰ ਦਿੱਲੀ ‘ਚ ਮੀਟਿੰਗਾਂ ਦਾ ਦੌਰ ਚਲਦਾ ਰਿਹਾ, ਜਿੱਥੇ ਇਕ ਪਾਸੇ ਮਸਲੇ ਨੂੰ ਸੁਲਝਾਉਣ ਲਈ ਬਣੀ ਤਿੰਨ ਮੈਂਬਰੀ ਕਮੇਟੀ ਨੇ ਕੈਪਟਨ ਨਾਲ ਵੱਖਰੇ ਤੌਰ ‘ਤੇ ਤਵਸੀਲੀ ਮੀਟਿੰਗ ਕੀਤੀ, ਉੱਥੇ ਰਾਹੁਲ ਗਾਂਧੀ ਨੇ ਬਾਅਦ ਦੁਪਹਿਰ ਆਪਣੀ ਰਿਹਾਇਸ਼ ‘ਤੇ ਕਈ ਨਾਰਾਜ਼ ਆਗੂਆਂ ਨਾਲ ਮੁਲਾਕਾਤ ਕੀਤੀ |
ਹਾਲੇ ਮੁਲਾਕਾਤਾਂ ਦਾ ਇਹ ਸਿਲਸਿਲਾ ਅੱਜ (ਬੁੱਧਵਾਰ) ਜਾਰੀ ਰਹੇਗਾ, ਜਿਸ ‘ਚ ਰਾਹੁਲ ਗਾਂਧੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕਰਨਗੇ | ਕਾਂਗਰਸੀ ਹਲਕਿਆਂ ਮੁਤਾਬਿਕ ਇਸ ਹਫ਼ਤੇ ਅੰਦਰ ਪੰਜਾਬ ਲਈ ਨਵੀਂ ਟੀਮ ਦਾ ਗਠਨ ਕੀਤਾ ਜਾਵੇਗਾ |
ਰਾਹੁਲ ਦੀ ਰਿਹਾਇਸ਼ ‘ਤੇ ਵੀ ਚੱਲਿਆ ਮੁਲਾਕਾਤਾਂ ਦਾ ਦੌਰ ਰਾਹੁਲ ਗਾਂਧੀ ਦੀ ਰਿਹਾਇੰ ‘ਤੇ ਵੀ ਮੰਗਲਵਾਰ ਨੂੰ ਮੁਲਾਕਾਤਾਂ ਦਾ ਦੌਰ ਚੱਲਿਆ | ਦੁਪਹਿਰ 3 ਵਜੇ ਤੋਂ ਸ਼ੁਰੂ ਹੋਈਆਂ ਇਹ ਮੁਲਾਕਾਤਾਂ ਸ਼ਾਮ ਤਕਰੀਬਨ 7 ਵਜੇ ਤੱਕ ਚਲਦੀਆਂ ਰਹੀਆਂ | ਰਾਹੁਲ ਨਾਲ ਮੁਲਾਕਾਤ ਕਰਨ ਆਏ ਆਗੂਆਂ ‘ਚ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਰਜ਼ੀਆ ਸੁਲਤਾਨਾ, ਅਰੁਣਾ ਚੌਧਰੀ ਅਤੇ ਭਾਰਤ ਭੂਸ਼ਣ ਆਸ਼ੂ ਸ਼ਾਮਿਲ ਸਨ | ਇਸ ਤੋਂ ਇਲਾਵਾ ਵਿਧਾਇਕ ਪਰਗਟ ਸਿੰਘ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਰਾਜਾ ਵੜਿੰਗ, ਸੰਗਤ ਸਿੰਘ ਗਿਲਜੀਆਂ ਨੇ ਵੀ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ | ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਡਾ. ਅਮਰ ਸਿੰਘ ਨਾਲ ਵੀ ਰਾਹੁਲ ਨੇ ਮੁਲਾਕਾਤ ਕੀਤੀ | ਹਲਕਿਆਂ ਮੁਤਾਬਿਕ ਇਨ੍ਹਾਂ ਮੀਟਿੰਗਾਂ ਦਾ ਮਕਸਦ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਉਲੀਕਣਾ ਹੈ | ਜ਼ਿਕਰਯੋਗ ਹੈ ਕਿ ਇਕ ਤੋਂ ਬਾਅਦ ਇਕ ਸੂਬਾਈ ਚੋਣਾਂ ‘ਚ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰ ਚੁੱਕੀ ਕਾਂਗਰਸ ਹਰ ਹਾਲਤ ‘ਚ ਪੰਜਾਬ ਫ਼ਤਹਿ ਕਰਨਾ ਚਾਹੁੰਦੀ ਹੈ | ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਟੱੁਟਣ ਤੋਂ ਬਾਅਦ ਅਤੇ ‘ਆਪ’ ‘ਚ ਮੁੱਖ ਮੰਤਰੀ ਦੇ ਚਿਹਰੇ ‘ਤੇ ਸਪੱਸ਼ਟਤਾ ਨਾ ਹੋਣ ਕਾਰਨ ਕਾਂਗਰਸ ਨੂੰ ਪੰਜਾਬ ‘ਚ ਉਮੀਦ ਵੀ ਨਜ਼ਰ ਆਉਂਦੀ ਹੈ ਪਰ ਆਪਸੀ ਧੜੇਬੰਦੀ ਇਸ ਨੂੰ ਕਮਜ਼ੋਰ ਕਰ ਰਹੀ ਹੈ |
ਜ਼ਿਆਦਾਤਰ ਆਗੂ ਏਕਾ ਕਰਵਾਉਣ ਦੇ ਹੱਕ ‘ਚ ਪਾਰਟੀ ਧੜੇਬੰਦੀ ‘ਚ ਵੀ ਜ਼ਿਆਦਾਤਰ ਆਗੂ ਇਸ ਅੜਿੱਕੇ ਨੂੰ ਛੇਤੀ ਤੋਂ ਛੇਤੀ ਖ਼ਤਮ ਕਰਵਾਉਣ ਦੇ ਹੱਕ ‘ਚ ਹਨ | ਕੁਝ ਪਾਰਟੀ ਆਗੂਆਂ ਨੇ ‘ਅਜੀਤ’ ਨਾਲ ਫ਼ੋਨ ‘ਤੇ ਗੱਲ ਕਰਦਿਆਂ ਕਿਹਾ ਕਿ ਬਕਾਇਆ ਮੁੱਦੇ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਲੋਕਾਂ ‘ਚ ਜਾਣ ਤੋਂ ਪਹਿਲਾਂ ਇਸ ਦਾ ਨਿਬੇੜਾ ਕਰਨਾ ਹੀ ਪਵੇਗਾ |