ਹਮੀਰਪੁਰ, 29 ਜਨਵਰੀ
ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਦਰਜਨ ਪਿੰਡਾਂ ਵਿੱਚ ਦੂਸ਼ਿਤ ਪਾਣੀ ਪੀਣ ਕਾਰਨ ਬਿਮਾਰ ਹੋਏ ਲੋਕਾਂ ਦੀ ਗਿਣਤੀ ਵਧ ਕੇ 300 ਹੋ ਗਈ ਹੈ। ਜਾਣਕਾਰੀ ਅਨੁਸਾਰ ਜਾਂਡਗੀ ਗੁੱਜਰਾਂ, ਜੰਡਾਲੀ ਰਾਜਪੂਤਾਂ, ਪਨਿਆਲਾ, ਪਠਿਆਲੂ, ਨਿਆਤੀ, ਰੰਗਾਸ ਚੌਕੀ ਹਾਰ ਅਤੇ ਸੰਕਰ ਸਮੇਤ ਦਰਜਨ ਪਿੰਡਾਂ ਦੇ ਲੋਕ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਪੀੜਤ ਹੋਏ ਹਨ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਮਰੀਜ਼ਾਂ ਦੀ ਸਹੀ ਦੇਖਭਾਲ ਕਰਨ ਅਤੇ ਦਵਾਈਆਂ ਤੇ ਹੋਰ ਜ਼ਰੂਰੀ ਵਸਤੂਆਂ ਦੀ ਕੋਈ ਕਮੀ ਨਾ ਆਉਣ ਦੇਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਸੂਬਾ ਅਤੇ ਜ਼ਿਲ੍ਹਾ ਪੱਧਰੀ ਏਜੰਸੀਆਂ ਤੋਂ ਇਸ ਸਬੰਧੀ ਰਿਪੋਰਟ ਵੀ ਮੰਗੀ ਹੈ। ਰੰਗਾਸ ਪੰਚਾਇਤ ਦੇ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ਬਿਮਾਰ ਲੋਕਾਂ ਦੀ ਗਿਣਤੀ 300 ਟੱਪ ਗਈ ਹੈ। ਕੁਝ ਮਰੀਜ਼ਾਂ ਨੂੰ ਹਮੀਰਪੁਰ ਦੇ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ ਹੈ। -ਪੀਟੀਆਈ