ਲੁਧਿਆਣਾ : ਬੈਂਕ ਨਾਲ ਕਰੋੜਾਂ ਰੁਪਏ ਦੀ ਗਬਨ ਕਰਨ ਦੇ ਮਾਮਲੇ ‘ਚ ਭਗੌੜੇ ਲੁਧਿਆਣਾ ਦੇ ਦੋ ਸਨਅਤਕਾਰਾਂ ਨੂੰ ਸੀਬੀਆਈ ਨੇ ਕਠੂਆ (ਜੰਮੂ) ਤੋਂ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਨੂੰ ਜੰਮੂ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿੱਥੋਂ ਸੀਬੀਆਈ ਅਧਿਕਾਰੀ ਦੋਵਾਂ ਦਾ 7 ਦਿਨ ਦਾ ਰਿਮਾਂਡ ਲੈ ਕੇ ਪੁੱਛਗਿੱਛ ਕਰ ਰਹੇ ਹਨ। ਮੁਲਜ਼ਮਾਂ ਦੀ ਪਛਾਣ ਲੁਧਿਆਣਾ ਦੀ ਭਾਰਤ ਬਾਕਸ ਫੈਕਟਰੀ ਲਿਮਟਿਡ ਕੰਪਨੀ ਦੋ ਸਾਬਕਾ ਡਾਇਰੈਕਟਰ ਪ੍ਰਵੀਨ ਅਗਰਵਾਲ ਤੇ ਅਨਿਲ ਕੁਮਾਰ ਵਜੋਂ ਹੋਈ ਹੈ। ਦੋਵਾਂ ‘ਤੇ ਲੁਧਿਆਣਾ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਨਾਲ 87.88 ਕਰੋੜ ਰੁਪਏ ਦਾ ਕਰਜ਼ਾ ਘੁਟਾਲਾ ਕਰਨ ਦਾ ਦੋਸ਼ ਹੈ, ਜੋ ਹੁਣ ਵਿਆਜ ਸਮੇਤ 121.13 ਕਰੋੜ ਦੇ ਕਰੀਬ ਬਣ ਚੁੱਕਾ ਹੈ। ਸੀਬੀਆਈ ਦੇ ਬੁਲਾਰੇ ਅਨੁਸਾਰ ਸਟੇਟ ਬੈਂਕ ਆਫ਼ ਲੁਧਿਆਣਾ ਦੇ ਬ੍ਰਾਂਚ ਮੈਨੇਜਰ ਦੀ ਸ਼ਿਕਾਇਤ ‘ਤੇ 2020 ‘ਚ ਭਾਰਤ ਪੇਪਰਜ਼ ਮਿੱਲ ਤੇ ਇਸ ਦੇ ਮੈਨੇਜਿੰਗ ਡਾਇਰੈਕਟਰਾਂ, ਡਾਇਰੈਕਟਰਾਂ ਤੇ ਹੋਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿਚ ਕੰਪਨੀ ਦੇ ਤਤਕਾਲੀ ਡਾਇਰੈਕਟਰਾਂ ਅਨਿਲ ਕੁਮਾਰ ਅਤੇ ਪ੍ਰਵੀਨ ਅਗਰਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਭਾਰਤ ਪੇਪਰ ਮਿੱਲ ਕਠੂਆ ਦੇ ਲੰਗੇਟ ‘ਚ 400 ਕਨਾਲ ਜ਼ਮੀਨ ‘ਤੇ ਸਥਾਪਿਤ ਕੀਤੀ ਗਈ ਸੀ। ਮੰਦੀ ਕਾਰਨ ਇਹ ਯੂਨਿਟ 16 ਸਾਲ ਪਹਿਲਾਂ ਬੰਦ ਹੋ ਗਿਆ ਸੀ। ਉਸ ਦੀ ਮਸ਼ੀਨਰੀ ਵੀ ਵਿਕ ਚੁੱਕੀ ਹੈ। ਹਾਲਾਂਕਿ ਕੰਪਨੀ ਦੇ ਡਿਫਾਲਟਰ ਹੋਣ ‘ਤੇ ਬੈਂਕ ਨੇ ਕਈ ਸਾਲ ਪਹਿਲਾਂ ਇਸ ਜ਼ਮੀਨ ‘ਤੇ ਕਬਜ਼ਾ ਕਰ ਲਿਆ ਸੀ। ਇਸ ਪ੍ਰਾਜੈਕਟ ਨੂੰ ਚਲਾਉਣ ਲਈ ਲੁਧਿਆਣਾ ਸਥਿਤ ਸਟੇਟ ਬੈਂਕ ਦੀ ਸ਼ਾਖਾ ਤੋਂ ਕਰਜ਼ਾ ਲਿਆ ਗਿਆ। ਬੈਂਕ ਦਾ ਦੋਸ਼ ਹੈ ਕਿ ਇਹ ਧੋਖਾਧੜੀ ਐਸਬੀਆਈ ਦੇ ਅਣਪਛਾਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੀਤੀ ਗਈ ਹੈ।