ਲੁਧਿਆਣਾ,-ਲੁਧਿਆਣਾ ਵਿਜੀਲੈਂਸ ਬਿਊਰੋ ਨੇ ਬਹੁ ਕਰੋੜੀ ਟੈਂਡਰ ਘੁਟਾਲੇ ‘ਚ ਟੀਮ ਆਸ਼ੂ ਦੇ ਮੁੱਖ ਮੈਂਬਰ ਤੇ ਕਾਂਗਰਸੀ ਕੌਂਸਲਰ ਗਗਨਦੀਪ ਉਰਫ਼ ਸੰਨੀ ਭੱਲਾ ਨੂੰ ਗਿ੍ਫ਼ਤਾਰ ਕਰ ਲਿਆ | ਜਾਣਕਾਰੀ ਅਨੁਸਾਰ ਸੰਨੀ ਭੱਲਾ ਬਹੁ ਕਰੋੜੀ ਘੁਟਾਲੇ ‘ਚ ਮੁੱਖ ਤੌਰ ‘ਤੇ ਨਾਮਜ਼ਦ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਨੇੜਲਾ ਸਾਥੀ ਹੈ | ਵਿਜੀਲੈਂਸ ਅਧਿਕਾਰੀਆਂ ਵਲੋਂ ਸਵੇਰੇ 11 ਵਜੇ ਦੇ ਕਰੀਬ ਸੰਨੀ ਭੱਲਾ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ | 6 ਘੰਟੇ ਤੋਂ ਵੱਧ ਸਮਾਂ ਸੰਨੀ ਭੱਲਾ ਪਾਸੋਂ ਸਖ਼ਤੀ ਨਾਲ ਪੁੱਛ ਪੜਤਾਲ ਕਰਨ ਤੋਂ ਬਾਅਦ ਦੇਰ ਸ਼ਾਮ ਬਕਾਇਦਾ ਤੌਰ ‘ਤੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਐੱਸ.ਐੱਸ.ਪੀ. ਵਿਜੀਲੈਂਸ ਆਰ.ਐਸ. ਸੰਧੂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬਹੁ ਕਰੋੜੀ ਘੁਟਾਲੇ ‘ਚ ਭਾਰਤ ਭੂਸ਼ਣ ਆਸ਼ੂ ਦੀ ‘ਰਿਸ਼ਵਤ’ ਦੀ ਰਕਮ ਨੂੰ ਸੰਨੀ ਭੱਲਾ ਵਲੋਂ ਨਿਵੇਸ਼ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਤੱਥ ਸਾਹਮਣੇ ਆਉਣ ‘ਤੇ ਸੰਨੀ ਭੱਲਾ ਨੂੰ ਜਾਂਚ ਪੜਤਾਲ ਲਈ ਬੁਲਾਇਆ ਸੀ | ਮੁਢਲੀ ਜਾਂਚ ਤੋਂ ਬਾਅਦ ਸੰਨੀ ਭੱਲਾ ਸੰਬੰਧੀ ਵਿਜੀਲੈਂਸ ਨੂੰ ਅਹਿਮ ਜਾਣਕਾਰੀਆਂ ਤੇ ਤੱਥ ਹਾਸਲ ਹੋਏ ਸਨ, ਜਿਸ ਆਧਾਰ ‘ਤੇ ਘੁਟਾਲੇ ‘ਚ ਸੰਨੀ ਭੱਲਾ ਨੂੰ ਨਾਮਜ਼ਦ ਕਰਨ ਉਪਰੰਤ ਗਿ੍ਫ਼ਤਾਰ ਕਰ ਲਿਆ ਗਿਆ ਹੈ | ਸੰਨੀ ਨੇ ਭਾਰਤ ਭੂਸ਼ਣ ਆਸ਼ੂ ਦੀ ਕਥਿਤ ਤੌਰ ‘ਤੇ ਰਿਸ਼ਵਤ ਦੀ ਰਕਮ ਕਿਸ ਥਾਂ ‘ਤੇ ਨਿਵੇਸ਼ ਕੀਤੀ ਹੈ ਅਤੇ ਕਿਨ੍ਹਾਂ ਵਿਅਕਤੀਆਂ ਰਾਹੀਂ ਇਹ ਰਕਮ ਨਿਵੇਸ਼ ਕੀਤੀ ਗਈ ਹੈ ਉਸ ਬਾਰੇ ਵੀ ਵਿਜੀਲੈਂਸ ਵਲੋਂ ਪਤਾ ਲਗਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਜੇਕਰ ਕੋਈ ਹੋਰ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ | ਇਸ ਮਾਮਲੇ ‘ਚ ਹੋਰ ਗਿ੍ਫ਼ਤਾਰੀਆਂ ਹੋਣ ਦੀ ਸੰਭਾਵਨਾ ਤੋਂ ਅਧਿਕਾਰੀ ਇਨਕਾਰ ਨਹੀਂ ਕਰ ਰਹੇ। ਜ਼ਿਕਰਯੋਗ ਹੈ ਕਿ ਇਸ ਬਹੁ ਕਰੋੜੀ ਘੁਟਾਲੇ ‘ਚ ਵਿਜੀਲੈਂਸ ਵਲੋਂ ਸ਼ੇਅਰ ਕਾਰੋਬਾਰੀ ਹੇਮੰਤ ਸੂਦ ਤੇ ਮੇਅਰ ਬਲਕਾਰ ਸਿੰਘ ਸੰਧੂ ਸਮੇਤ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਪਾਸੋਂ ਪੁੱਛ ਪੜਤਾਲ ਕੀਤੀ ਜਾ ਚੁੱਕੀ ਹੈ |