ਗਾਜ਼ਾ ਸਿਟੀ / ਇਜ਼ਰਾਈਲ ਅਤੇ ਫ਼ਲਸਤੀਨ ‘ਚ ਸ਼ੁਰੂ ਹੋਇਆ ਵਿਵਾਦ ਜੰਗ ਵੱਲ ਵਧ ਰਿਹਾ ਹੈ |
ਗਾਜਾ ਵਲੋਂ ਆਉਂਦੇ ਰਾਕੇਟਾਂ ਅਤੇ ਇਜ਼ਰਾਈਲ ਦੇ ਹਵਾਈ ਹਮਲਿਆਂ ਨੇ ਬੁੱਧਵਾਰ ਨੂੰ 2014 ਦੇ ਉਸ ਸੰਘਰਸ਼ ਦੀ ਯਾਦ ਦਿਵਾਈ ਜੋ 50 ਦਿਨਾਂ ਤੱਕ ਚੱਲਿਆ ਸੀ | ਦੋਵੇਂ ਪੱਖਾਂ ਦਰਮਿਆਨ ਸ਼ੁਰੂ ਹੋਏ ਮੌਜੂਦਾ ਸੰਘਰਸ਼ ਦੇ ਅਜੇ ਖ਼ਤਮ ਹੋਣ ਦੇ ਆਸਾਰ ਦਿਖਾਈ ਨਹੀਂ ਦਿੰਦੇ | ਦੋਵੇਂ ਪਾਸਿਆਂ ਦੇ ਹਮਲਿਆਂ ‘ਚ ਹੁਣ ਤੱਕ 59 ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ‘ਚ ਫਲਸਤੀਨ ਦੇ 53 ਤੇ ਇਜ਼ਰਾਈਲ ਦੇ 6 ਨਾਗਰਿਕ ਸ਼ਾਮਿਲ ਹਨ, ਜਦੋਂ ਕਿ ਹਮਾਸ ਦਾ ਇਕ ਚੋਟੀ ਦਾ ਕਮਾਂਡਰ ਵੀ ਇਜ਼ਰਾਈਲ ਦੇ ਹਵਾਈ ਹਮਲੇ ‘ਚ ਹਲਾਕ ਹੋ ਗਿਆ | ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਲੇ ਤੇਜ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ‘ਚ ਸਮਾਂ ਲੱਗੇਗਾ | ਹਮਾਸ ਨੇ ਇਜ਼ਰਾਈਲ ‘ਤੇ ਇਕ ਹਜ਼ਾਰ ਤੋਂ ਵੱਧ ਰਾਕੇਟ ਦਾਗੇ ਹਨ ਅਤੇ ਇਜ਼ਰਾਈਲ ‘ਤੇ ਐਨ੍ਹਾ ਵੱਡਾ ਹਮਲਾ 7 ਸਾਲ ਬਾਅਦ ਹੋਇਆ ਹੈ | ਇਜ਼ਰਾਈਲੀ ਸੈਨਾ ਨੇ ਦੱਸਿਆ ਕਿ ਹਮਾਸ ਨੇ ਸੰਘਰਸ਼ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 1050 ਤੋਂ ਵੱਧ ਰਾਕੇਟ ਦਾਗ਼ੇ ਹਨ | ਗਾਜਾ ਦੇ ਹਮਾਸ ਸ਼ਾਸਕਾਂ ਅਤੇ ਹੋਰਨਾਂ ਅੱਤਵਾਦੀ ਸੰਗਠਨਾਂ ਨੇ ਸੈਂਕੜੇ ਰਾਕੇਟ ਦਾਗੇ, ਜਿਸ ਨਾਲ ਸੰਘਣੀ ਆਬਾਦੀ ਵਾਲੇ ਟੇਲ ਅਵੀਵ ‘ਚ ਧਮਾਕਿਆਂ ਦੀ ਆਵਾਜ਼ ਸੁਣਾਈ ਦਿੰਦੀ ਰਹੀ |
ਉਥੇ ਇਜ਼ਰਾਈਲ ਨੇ ਗਾਜ਼ਾ ਪੱਟੀ ‘ਚ ਦੋ ਬਹੁਮੰਜ਼ਿਲਾ ਇਮਾਰਤਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਵਾਈ ਹਮਲੇ ਕੀਤੇ | ਇਜ਼ਰਾਈਲ ਨੇ ਪਹਿਲਾਂ ਚਿਤਾਵਨੀ ਦਿੰਦਿਆਂ ਗੋਲੀਆਂ ਚਲਾਈਆਂ ਤਾਂ ਕਿ ਨਾਗਰਿਕ ਇਮਾਰਤ ਛੱਡ ਕੇ ਜਾ ਸਕਣ | ਇਜ਼ਰਾਈਲ ਨੇ ਪੁਲਿਸ ਤੇ ਸੁਰੱਖਿਆ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਦਰਜਨਾਂ ਹਵਾਈ ਹਮਲੇ ਕੀਤੇ | ਜਿਸ ਦੌਰਾਨ ਗਾਜ਼ਾ ਸਿਟੀ ਦਾ ਪੁਲਿਸ ਹੈੱਡਕੁਆਰਟਰ ਵੀ ਨਸ਼ਟ ਹੋ ਗਿਆ | ਸਿਹਤ ਮੰਤਰਾਲੇ ਨੇ ਦੱਸਿਆ ਕਿ ਇਜ਼ਰਾਈਲ ਦੇ ਹਮਲਿਆਂ ‘ਚ ਗਾਜ਼ਾ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 57 ਹੋ ਗਈ ਹੈ, ਜਿਨ੍ਹਾਂ ‘ਚ 13 ਬੱਚੇ ਅਤੇ ਤਿੰਨ ਔਰਤਾਂ ਸ਼ਾਮਿਲ ਹਨ | ਹਮਲੇ ‘ਚ ਕਰੀਬ 300 ਫ਼ਲਸਤੀਨੀ ਜ਼ਖ਼ਮੀ ਹੋਏ ਹਨ | ਉਥੇ ਮੰਗਲਵਾਰ ਅਤੇ ਬੁੱਧਵਾਰ ਨੂੰ ਹੋਏ ਰਾਕੇਟ ਹਮਲਿਆਂ ‘ਚ ਤਿੰਨ ਔਰਤਾਂ ਅਤੇ ਇਕ ਬੱਚੇ ਸਮੇਤ 6 ਇਜ਼ਰਾਇਲੀਆਂ ਦੀ ਮੌਤ ਹੋ ਗਈ ਅਤੇ ਦਰਜ਼ਨਾਂ ਲੋਕ ਜ਼ਖ਼ਮੀ ਹੋ ਗਏ | ਮ੍ਤਿਕਾਂ ‘ਚ 30 ਸਾਲ ਦੀ ਇਕ ਭਾਰਤੀ ਔਰਤ ਵੀ ਸ਼ਾਮਿਲ ਹੈ |
ਕੇਰਲ ਦੇ ਇਡੁੱਕੀ ਜ਼ਿਲ੍ਹੇ ਦੀ ਵਸਨੀਕ ਸੌਮਿਆ ਸੰਤੋਸ਼ ਇਜ਼ਰਾਈਲ ਦੇ ਅਸ਼ਕੇਲਾਨ ਤੱਟੀ ਸ਼ਹਿਰ ਦੇ ਇਕ ਘਰ ‘ਚ ਬਜ਼ੁਰਗ ਔਰਤ ਦੀ ਦੇਖਭਾਲ ਦਾ ਕੰਮ ਕਰਦੀ ਸੀ | ਉਹ ਪਿਛਲੇ 7 ਸਾਲਾਂ ਤੋਂ ਇਜ਼ਰਾਈਲ ‘ਚ ਰਹਿ ਰਹੀ ਸੀ | ਹਮਲੇ ਸਮੇਂ ਸੌਮਿਆ ਆਪਣੇ ਪਤੀ ਨਾਲ ਵੀਡੀE ਕਾਲ ਕਰ ਰਹੀ ਸੀ | ਭਾਰਤ ‘ਚ ਇਜ਼ਰਾਈਲ ਦੇ ਰਾਜਦੂਤ ਰਾਨ ਮਲਕ ਨੇ ਵੀ ਸੌਮਿਆ ਦੀ ਮੌਤ ਦੀ ਪੁਸ਼ਟੀ ਕੀਤੀ ਹੈ | ਕੇਰਲ ਸਰਕਾਰ ਨੇ ਸੌਮਿਆ ਦੀ ਮ੍ਤਿਕ ਦੇਹ ਉਸ ਦੇ ਪਰਿਵਾਰ ਦੇ ਹਵਾਲੇ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ | ਮੁੱਖ ਮੰਤਰੀ ਦਫ਼ਤਰ ਵਲੋਂ ਦੱਸਿਆ ਗਿਆ ਕਿ ਉਹ ਇਜ਼ਰਾਈਲ ‘ਚ ਭਾਰਤੀ ਦੂਤਘਰ ਦੇ ਸੰਪਰਕ ‘ਚ ਹੈ | ਮੁੱਖ ਮੰਤਰੀ ਪਿਰਨਈ ਵਿਜੇਅਨ ਨੇ ਸੌਮਿਆ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ | ਇਹ ਹਵਾਈ ਹਮਲੇ ਸੋਮਵਾਰ ਤੋਂ ਸ਼ੁਰੂ ਹੋਏ ਸਨ ਅਤੇ ਫ਼ਲਸਤੀਨ ਨੇ ਇਜ਼ਰਾਈਲ ‘ਤੇ ਰਾਕੇਟ ਦਾਗੇ ਸਨ | 2014 ਦੀ ਗਾਜ਼ਾ ਜੰਗ ਦੇ ਬਾਅਦ ਸਭ ਤੋਂ ਭਿਆਨਕ ਲੜਾਈ ਹਾਲ ਦੇ ਹਫ਼ਤਿਆਂ ‘ਚ ਯੇਰੂਸ਼ਲਮ ‘ਚ ਫ਼ਲਸਤੀਨੀ ਪ੍ਰਦਰਸ਼ਨਕਾਰੀਆਂ ਅਤੇ ਇਜ਼ਰਾਈਲੀ ਪੁਲਿਸ ਦਰਮਿਆਨ ਸੰਘਰਸ਼ ਦੇ ਕਾਰਨ ਸ਼ੁਰੂ ਹੋਈ ਹੈ | ਇਹ ਪ੍ਰਦਰਸ਼ਨ ਅਲ ਅਕਸਾ ਮਸਜਿਦ ਕੰਪਲੈਕਸ ‘ਤੇ ਕੇਂਦਰਿਤ ਸਨ ਜੋ ਯਹੂਦੀਆਂ ਅਤੇ ਮੁਸਲਮਾਨਾਂ ਦੋਵਾਂ ਲਈ ਪਵਿੱਤਰ ਸਥਾਨ ਹੈ |