45 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਪਹਿਲੀ ਤੋਂ ਲੱਗੇਗੀ ਕੋਰੋਨਾ ਵੈਕਸੀਨ

Home » Blog » 45 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਪਹਿਲੀ ਤੋਂ ਲੱਗੇਗੀ ਕੋਰੋਨਾ ਵੈਕਸੀਨ
45 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਪਹਿਲੀ ਤੋਂ ਲੱਗੇਗੀ ਕੋਰੋਨਾ ਵੈਕਸੀਨ

ਨਵੀਂ ਦਿੱਲੀ, 23 ਮਾਰਚ (ਏਜੰਸੀ)-ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਮੰਗਲਵਾਰ ਨੂੰ ਦੱਸਿਆ ਕਿ 45 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਵਿਅਕਤੀ 1 ਅਪ੍ਰੈਲ ਤੋਂ ਕੋਵਿਡ-19 ਵੈਕਸੀਨ ਲਗਵਾ ਸਕਦੇ ਹਨ ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਦੌਰਾਨ ਲਏ ਗਏ ਫ਼ੈਸਲਿਆਂ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ 45 ਸਾਲ ਤੋਂ ਜ਼ਿਆਦਾ ਦੇ ਉਮਰ ਦੇ ਵਿਅਕਤੀ ਜਿਨ੍ਹਾਂ ਨੂੰ ਕੋਈ ਬਿਮਾਰੀ ਹੈ ਜਾਂ ਨਹੀਂ ਸਾਰਿਆਂ ਨੂੰ ਕੋਰੋਨਾ ਵੈਕਸੀਨ ਦੀ ਖ਼ੁਰਾਕ ਦਿੱਤੀ ਜਾਵੇਗੀ । ਉਨ੍ਹਾਂ ਨੇ ਲੋਕਾਂ ਨੂੰ ਕੋਵਿਡ-19 ਵੈਕਸੀਨ ਲੈਣ ਲਈ ਆਪਣਾ ਨਾਂਅ ਰਜਿਸਟਰ ਕਰਵਾਉਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਇਸ ਦੇ ਇਲਾਵਾ ਮੰਤਰੀ ਮੰਡਲ ਨੇ ਵਿਗਿਆਨਿਕ ਆਧਾਰ ‘ਤੇ ਦੂਜਾ ਫ਼ੈਸਲਾ ਵੀ ਲਿਆ ਹੈ । ਉਨ੍ਹਾਂ ਦੱਸਿਆ ਕਿ ਪਹਿਲਾਂ ਦੱਸਿਆ ਗਿਆ ਸੀ ਕਿ ਪਹਿਲੀ ਖ਼ੁਰਾਕ ਦੇ ਬਾਅਦ 4 ਤੋਂ 6 ਹਫ਼ਤਿਆਂ ਦਰਮਿਆਨ ਵੈਕਸੀਨ ਦੀ ਦੂਜੀ ਖ਼ੁਰਾਕ ਲੈਣੀ ਚਾਹੀਦੀ ਹੈ ਪਰ ਹੁਣ ਵਿਗਿਆਨੀਆਂ ਨੇ ਕੋਵੀਸ਼ੀਲਡ ਦੀ ਦੂਜੀ ਖ਼ਰਾਕ ‘ਚ 4 ਤੋਂ 8 ਹਫ਼ਤਿਆਂ ਦੇ ਅੰਤਰ ਦੀ ਗੱਲ ਕਹੀ ਹੈ । ਉਨ੍ਹਾਂ ਕਿਹਾ ਕਿ 1 ਅਪ੍ਰੈਲ ਤੋਂ ਬਾਅਦ 45 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਲਈ ਵੈਕਸੀਨ ਉਪਲਬਧ ਰਹੇਗੀ, ਉਸ ਦੇ ਲਈ ਵਿਅਕਤੀ ਨੂੰ ਕਿਸੇ ਵੀ ਤਰਾਂ ਦੇ ਪ੍ਰਮਾਣ ਪੱਤਰ ਦੀ ਜ਼ਰੂਰਤ ਨਹੀਂ ਪਵੇਗੀ ।

ਕੇਂਦਰੀ ਮੰਤਰੀ ਨੇ ਕਿਹਾ ਕਿ ਵੈਕਸੀਨ ਲੋੜੀਂਦੀ ਮਾਤਰਾ ‘ਚ ਉਪਲਬਧ ਹੈ, ਉਸ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ । ਉਨ੍ਹਾਂ ਨੇ ਦੱਸਿਆ ਕਿ ਟੀਕਾਕਰਨ ਪ੍ਰੋਗਰਾਮ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ । ਹੁਣ ਤੱਕ 4 ਕਰੋੜ 85 ਲੱਖ ਲੋਕਾਂ ਨੂੰ ਵੈਕਸੀਨ ਦੀ ਖ਼ੁਰਾਕ ਦਿੱਤੀ ਗਈ ਹੈ । ਜਿਨ੍ਹਾਂ ‘ਚੋਂ 4 ਕਰੋੜ ਲੋਕਾਂ ਨੂੰ ਕੋਰੋਨਾ ਦੀ ਪਹਿਲੀ ਖ਼ੁਰਾਕ ਲੱਗੀ ਹੈ, ਜਦਕਿ 85 ਲੱਖ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਦੂਜੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ । ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਦੇਸ਼ ਦੇ ਦੋਵੇਂ ਵੈਕਸੀਨ ਸਫਲ ਹਨ । ਇਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵੈਕਸੀਨ ਲੈ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ । ਦੇਸ਼ ਭਰ ‘ਚ ਕੋਵਿਡ-19 ਵੈਕਸੀਨ ਲਗਾਉਣ ਦੀ ਮੁਹਿੰਮ ਦੇ ਪਹਿਲੇ ਪੜਾਅ ਦੀ ਸ਼ੁਰੂਆਤ 16 ਜਨਵਰੀ ਤੋਂ ਹੋਈ ਸੀ ਅਤੇ ਪਹਿਲੇ ਪੜਾਅ ‘ਚ ਸਿਹਤ ਕਰਮੀਆਂ ਨੂੰ ਵੈਕਸੀਨ ਦੀ ਖ਼ੁਰਾਕ ਦਿੱਤੀ ਗਈ ਸੀ ਅਤੇ 2 ਫਰਵਰੀ ਤੋਂ ਮੁੂਹਰਲੀ ਕਤਾਰ ‘ਚ ਕੰਮ ਕਰ ਵਾਲਿਆਂ ਨੂੰ ਇਹ ਖ਼ੁਰਾਕ ਦਿੱਤੀ ਗਈ ਸੀ ।

ਦੇਸ਼ ਦੇ ਕੁੱਝ ਹਿੱਸਿਆਂ ‘ਚ ਕੋਵਿਡ-19 ਦੇ ਕੇਸਾਂ ‘ਚ ਵਾਧੇ ਦਰਮਿਆਨ ਕੇਂਦਰ ਨੇ ਮੰਗਲਵਾਰ ਨੂੰ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਰ. ਟੀ.-ਪੀ. ਸੀ. ਆਰ. ਟੈਸਟਾਂ ਦੇ ਅਨੁਪਾਤ ਨੂੰ ਵਧਾਉਣ, ਟੈਸਟ-ਟਰੈਕ-ਇਲਾਜ ਪ੍ਰੋਟੋਕਾਲ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਸਾਰੇ ਤਰਜੀਹੀ ਗਰੁੱਪਾਂ ਨੂੰ ਕਵਰ ਕਰਨ ਲਈ ਵੈਕਸੀਨੇਸ਼ਨ ਦੀ ਰਫ਼ਤਾਰ ‘ਚ ਤੇਜ਼ੀ ਲਿਆਉਣ ਲਈ ਕਿਹਾ ਹੈ । ਅਪ੍ਰੈਲ ਲਈ ਤਾਜ਼ਾ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕੋਵਿਡ-19 ਦੇ ਕੇਸਾਂ ‘ਚ ਤਾਜ਼ਾ ਵਾਧੇ ਨੂੰ ਧਿਆਨ ‘ਚ ਰੱਖਦਿਆਂ ਨਵੇਂ ਪਾਜ਼ੀਟਿਵ ਮਰੀਜ਼ ਮਿਲਣ ਦੇ ਬਾਅਦ ਉਸ ਦੇ ਸੰਪਰਕ ‘ਚ ਆਏ ਲੋਕਾਂ ਦਾ ਜਲਦੀ ਤੋਂ ਜਲਦੀ ਪਤਾ ਲਗਾ ਕੇ ਉਨ੍ਹਾਂ ਨੂੰ ਇਕਾਂਤਵਾਸ ਕਰਨਾ ਚਾਹੀਦਾ ਹੈ, ਉਸ ਦੀ ਟੈਸਟਿੰਗ ਦੇ ਬਾਅਦ ਜ਼ਰੂਰਤ ਅਨੁਸਾਰ ਉਸ ਦਾ ਇਲਾਜ ਕੀਤਾ ਜਾਵੇ । ਗ੍ਰਹਿ ਮੰਤਰਾਲੇ ਅਨੁਸਾਰ ਟੈਸਟ ਟਰੈਕ-ਇਲਾਜ ਪ੍ਰੋਟੋਕਾਲ ‘ਚ ਜਿਨ੍ਹਾਂ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ‘ਚ ਆਰ. ਟੀ.-ਪੀ. ਸੀ. ਆਰ. ਟੈਸਟ ਦੀ ਗਿਣਤੀ ਘੱਟ ਹੈ, ਉਥੇ ਟੈਸਟਾਂ ਦੀ ਗਿਣਤੀ ਵਧਾਈ ਜਾਵੇ । ਟੈਸਟਾਂ ਦੀ ਗਿਣਤੀ ਨੂੰ ਵਧਾ ਕੇ 70 ਫ਼ੀਸਦੀ ਤੱਕ ਲਿਆਂਦਾ ਜਾਣਾ ਚਾਹੀਦਾ ਹੈ ।

Leave a Reply

Your email address will not be published.