2 ਅਰਬ ਕੈਸ਼ ਲੈ ਕੇ ਭੱਜ ਰਹੀ ਸੀ ਕਾਰੋਬਾਰੀ ਤੇ ਨੇਤਾ ਦੀ ਪਤਨੀ, ਕਸਟਮ ਨੇ ਦਬੋਚਿਆ

ਨਵੀਂ ਦਿੱਲੀ: ਜਿੱਥੇ ਰੂਸ-ਯੂਕਰੇਨ ਵਿਚਾਲੇ ਤਣਾਅ ਦੀ ਸਥਿਤੀ ਅਜੇ ਵੀ ਬਣੀ ਹੋਈ ਹੈ, ਉੱਥੇ ਹੀ ਇਸ ਦੌਰਾਨ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ।

ਦਰਅਸਲ, ਰੂਸੀ ਹਮਲੇ ਤੋਂ ਬਾਅਦ ਲੋਕ ਯੂਕਰੇਨ ਛੱਡ ਕੇ ਯੂਰਪੀ ਦੇਸ਼ਾਂ ‘ਚ ਸ਼ਰਨ ਲੈਣ ਲਈ ਮਜਬੂਰ ਹੋ ਰਹੇ ਹਨ। ਅਜਿਹੇ ‘ਚ ਹੰਗਰੀ ਦੇ ਰਿਫਿਊਜ਼ੀ ਬਾਰਡਰ ‘ਤੇ ਇੱਕ ਅਜਿਹੀ ਗਲੈਮਰਸ ਔਰਤ ਪਹੁੰਚੀ, ਜਿਸ ਕੋਲ 2.2 ਅਰਬ ਰੁਪਏ ਤੋਂ ਜ਼ਿਆਦਾ ਦੀ ਨਕਦੀ ਸੀ।

ਖ਼ਾਸ ਗੱਲ ਇਹ ਹੈ ਕਿ ਇਹ ਔਰਤ ਯੂਕਰੇਨ ਦੇ ਇੱਕ ਵੱਡੇ ਟਾਈਕੂਨ ਤੇ ਰਾਜਨੇਤਾ ਦੀ ਪਤਨੀ ਹੈ। ਰਿਪੋਰਟ ਮੁਤਾਬਕ ਔਰਤ ਦੇ ਸੂਟਕੇਸ ‘ਚ 2.2 ਅਰਬ ਰੁਪਏ ਤੋਂ ਜ਼ਿਆਦਾ ਦੀ ਨਕਦੀ (ਅਮਰੀਕੀ ਡਾਲਰ ਤੇ ਯੂਰੋ ਦੇ ਨੋਟ) ਸਨ, ਜਿਸ ਨੂੰ ਹੰਗਰੀ ਦੇ ਕਸਟਮ ਵਿਭਾਗ ਨੇ ਫੜਿਆ ਹੈ।
ਦਰਅਸਲ, ਇਹ ਪੈਸੇ ਵਿਵਾਦਾਂ ‘ਚ ਘਿਰੇ ਯੂਕਰੇਨ ਦੇ ਸਾਬਕਾ ਸੰਸਦ ਮੈਂਬਰ ਇਗੋਰ ਕੋਟਵਿਟਸਕੀ ਦੀ ਪਤਨੀ ਅਨਾਸਤਾਸੀਆ ਕੋਟਵਿਤਸਕੀ ਦੇ ਸਮਾਨ ‘ਚੋਂ ਮਿਲੇ ਹਨ। ਅਜਿਹੇ ‘ਚ ਇਸ ਦੀ ਫ਼ੋਟੋ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਦੂਜੇ ਪਾਸੇ ਯੂਕਰੇਨ ਦੇ ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸਾਬਕਾ ਸੰਸਦ ਮੈਂਬਰ ਦੀ ਪਤਨੀ ਦੇ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।
ਕੋਟਵਿਟਸਕੀ ਕਦੇ ਯੂਕਰੇਨ ਦੇ ਸਭ ਤੋਂ ਅਮੀਰ ਸੰਸਦ ਮੈਂਬਰ ਸਨ। ਇਸ ਦੇ ਨਾਲ ਹੀ ਕੋਟਵਿਟਸਕੀ ਨੇ ਆਪਣੀ ਪਤਨੀ ਦੇ ਸੂਟਕੇਸ ‘ਚ 2.2 ਅਰਬ ਰੁਪਏ ਮਿਲਣ ਦੀ ਗੱਲ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਮਾਂ ਬਣਨ ਵਾਲੀ ਹੈ। ਇਸੇ ਲਈ ਉਹ ਦੇਸ਼ ਛੱਡ ਕੇ ਜਾ ਰਹੀ ਸੀ।
ਕੋਟਵਿਟਸਕੀ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਹੈ ਕਿ – ਮੇਰਾ ਸਾਰਾ ਪੈਸਾ ਯੂਕਰੇਨ ਦੇ ਬੈਂਕਾਂ ‘ਚ ਜਮ੍ਹਾ ਹੈ ਅਤੇ ਉੱਥੋਂ ਕੁਝ ਵੀ ਨਹੀਂ ਕੱਢਿਆ ਗਿਆ ਹੈ। ਇਸ ਦੇ ਨਾਲ ਹੀ ਉਸ ਦਾ ਸੋਸ਼ਲ ਮੀਡੀਆ ਅਕਾਊਂਟ ਵੀ ਬੰਦ ਹੋ ਗਿਆ ਹੈ। ਅਜੇ ਤੱਕ ਇਸ ਮਾਮਲੇ ‘ਤੇ ਅਨਾਸਤਾਸੀਆ ਦੇ ਪੱਖ ਤੋਂ ਕੋਈ ਸਪੱਸ਼ਟੀਕਰਨ ਨਹੀਂ ਆਇਆ ਹੈ। ਰਿਪੋਰਟ ਮੁਤਾਬਕ ਇਸ ਦੌਰਾਨ ਅਨਾਸਤਾਸੀਆ ਹੰਗਰੀ ਦੇ ਦੋ ਮਰਦਾਂ ਅਤੇ ਆਪਣੀ ਮਾਂ ਨਾਲ ਸਫ਼ਰ ਕਰ ਰਹੀ ਸੀ।

ਇੱਕ ਅਖ਼ਬਾਰ ਮੁਤਾਬਕ ਅਨਾਸਤਾਸੀਆ ‘ਤੇ ਦੋਸ਼ ਹੈ ਕਿ ਉਸ ਨੇ ਯੂਕਰੇਨ ਦੇ ਵਿਲੋਕ ਚੈੱਕ ਪੁਆਇੰਟ ‘ਤੇ ਆਪਣੇ ਕੋਲ ਮੌਜੂਦ ਪੈਸੇ ਦਾ ਖੁਲਾਸਾ ਨਹੀਂ ਕੀਤਾ, ਪਰ ਹੰਗਰੀ ਦੇ ਕਸਟਮ ਅਧਿਕਾਰੀਆਂ ਨੂੰ ਉਸ ਕੋਲੋਂ ਅਰਬਾਂ ਰੁਪਏ ਦੇ ਨੋਟ ਮਿਲੇ ਹਨ। ਰਿਪੋਰਟਾਂ ‘ਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਟਵਿਟਸਕੀ ਆਪਣੇ ਸਹਿਯੋਗੀਆਂ ਰਾਹੀਂ ਯੂਕਰੇਨ ਦੀਆਂ ਪ੍ਰਮਾਣੂ ਤੇ ਯੂਰੇਨੀਅਮ ਦੀਆਂ ਖਾਣਾਂ ਨੂੰ ਕੰਟਰੋਲ ਕਰਦਾ ਹੈ।

ਹਾਲਾਂਕਿ, ਇਸ ਦਾ ਇੱਕ ਹਿੱਸਾ ਹੁਣ ਰੂਸ ਦੇ ਕਬਜ਼ੇ ‘ਚ ਹੈ। ਇਸ ਮਾਮਲੇ ‘ਚ ਯੂਕਰੇਨ ਦੇ ਟ੍ਰਾਂਸਕਾਰਪੈਥੀਅਨ ਖੇਤਰ ਦੀ ਸਰਹੱਦ ‘ਤੇ ਤਾਇਨਾਤ ਗਾਰਡਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਵੀ ਦੋਸ਼ ਹੈ ਕਿ ਉਨ੍ਹਾਂ ਨੇ ਰਿਸ਼ਵਤ ਲੈ ਕੇ ਪੈਸਾ ਦੇਸ਼ ਤੋਂ ਬਾਹਰ ਲਿਜਾਣ ‘ਚ ਉਨ੍ਹਾਂ ਦੀ ਮਦਦ ਕੀਤੀ ਹੈ। ਦਰਅਸਲ, ਕੋਟਵਿਟਸਕੀ ਦੇ ਮਾਮਲੇ ਦਾ ਪਰਦਾਫ਼ਾਸ਼ ਕੀਵ ਦੇ ਕਾਰੋਬਾਰੀ ਸਯਾਰ ਖੁਸ਼ੁਤੋਵ ਨੇ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਸਟਮ ਅਧਿਕਾਰੀ ਰਿਸ਼ਵਤ ਲੈ ਕੇ ਪੈਸੇ ਦੇਸ਼ ਤੋਂ ਬਾਹਰ ਲਿਜਾਣ ਦਿੰਦੇ ਹਨ।

Leave a Reply

Your email address will not be published. Required fields are marked *