ਚੰਡੀਗੜ੍ਹ, 30 ਜੂਨ (ਪੰਜਾਬ ਮੇਲ)- ਪੰਜਾਬ ਦੇ ਨੀਮ ਪਹਾੜੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੋਂ ਪਹਿਲੀ ਵਾਰ ਬਰਤਾਨੀਆ ਨੂੰ ਲੀਚੀ ਦੀ ਬਰਾਮਦ ਕੀਤੀ ਗਈ ਹੈ, ਸੂਬੇ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਐਤਵਾਰ ਨੂੰ ਲੀਚੀ ਦੀ ਪਹਿਲੀ ਖੇਪ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏਪੀਈਡੀਏ) ਦੇ ਸਹਿਯੋਗ ਨਾਲ ਬਾਗਬਾਨੀ ਵਿਭਾਗ ਦੁਆਰਾ ਨਿਰਯਾਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੀਚੀ ਦੀ ਕਾਸ਼ਤ 3,250 ਹੈਕਟੇਅਰ ਵਿੱਚ ਹੁੰਦੀ ਹੈ, ਜਿਸ ਦਾ ਉਤਪਾਦਨ ਲਗਭਗ 13,000 ਮੀਟ੍ਰਿਕ ਟਨ ਹੁੰਦਾ ਹੈ।
“ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਅਨੁਕੂਲ ਮੌਸਮ ਦੇ ਕਾਰਨ, ਪੈਦਾ ਕੀਤੀ ਲੀਚੀ ਦਾ ਕੁਦਰਤੀ ਤੌਰ ‘ਤੇ ਗਹਿਰਾ ਲਾਲ ਰੰਗ ਅਤੇ ਮਿਠਾਸ ਦੂਜੇ ਰਾਜਾਂ ਨਾਲੋਂ ਉੱਤਮ ਹੈ।”
ਜੌੜਾਮਾਜਰਾ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਪਹਿਲਕਦਮੀਆਂ ਨਾਲ ਲੀਚੀ ਉਤਪਾਦਕ ਬਰਾਮਦ ਕਰਕੇ ਵੱਧ ਮੁਨਾਫ਼ਾ ਕਮਾ ਸਕਣਗੇ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਹੋਰ ਬਾਗਬਾਨੀ ਫਸਲਾਂ ਦੀ ਬਰਾਮਦ ਲਈ ਵੀ ਉਪਰਾਲੇ ਕੀਤੇ ਜਾਣਗੇ।