ਹੁਣ ਪਿੰਡਾਂ ‘ਤੇ ਕਰੋਨਾ ਦਾ ਹੱਲਾ; ਕੈਪਟਨ ਵੱਲੋਂ ਮੁਹੱਲੇ ਤੇ ਪਿੰਡ ਬਚਾਉਣ ਦਾ ਸੱਦਾ

Home » Blog » ਹੁਣ ਪਿੰਡਾਂ ‘ਤੇ ਕਰੋਨਾ ਦਾ ਹੱਲਾ; ਕੈਪਟਨ ਵੱਲੋਂ ਮੁਹੱਲੇ ਤੇ ਪਿੰਡ ਬਚਾਉਣ ਦਾ ਸੱਦਾ
ਹੁਣ ਪਿੰਡਾਂ ‘ਤੇ ਕਰੋਨਾ ਦਾ ਹੱਲਾ; ਕੈਪਟਨ ਵੱਲੋਂ ਮੁਹੱਲੇ ਤੇ ਪਿੰਡ ਬਚਾਉਣ ਦਾ ਸੱਦਾ

ਨਵੀਂ ਦਿੱਲੀ: ਕਰੋਨਾ ਦਾ ਕਹਿਰ ਪਿੰਡਾਂ ‘ਚ ਟੁੱਟਣ ਮਗਰੋਂ ਕੇਂਦਰ ਸਰਕਾਰ ਨੇ ਵਾਇਰਸ ਨਾਲ ਸਿੱਝਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਉਧਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਦਿਹਾਤੀ ਖੇਤਰ ਵਿਚ ਕਰੋਨਾ ਦਾ ਪਸਾਰ ਰੋਕਣ ਲਈ ਪਿੰਡ ਵਾਸੀਆਂ ਨੂੰ ਆਪੋ-ਆਪਣੇ ਪਿੰਡਾਂ ਵਿਚ ਸਿਰਫ ਕਰੋਨਾ ਮੁਕਤ ਲੋਕਾਂ ਨੂੰ ਹੀ ਦਾਖਲ ਹੋਣ ਦੇਣ ਦੀ ਅਪੀਲ ਕੀਤੀ ਹੈ। ਪੰਜਾਬ ਵਾਸੀਆਂ ਨੂੰ ਮੁਖ਼ਾਤਬ ਹੁੰਦਿਆਂ ਮੁੱਖ ਮੰਤਰੀ ਨੇ ਅਗਲੇ ਦੋ ਮਹੀਨੇ ਪੇਂਡੂ ਇਲਾਕਿਆਂ ਵਿਚ ਸਖਤ ਕਦਮ ਉਠਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਦਿਹਾਤੀ ਖੇਤਰਾਂ ‘ਚ ਕਰੋਨਾ ਕੇਸਾਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ ਜਿਸ ਕਰਕੇ ਬਹੁਤ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਠੀਕਰੀ ਪਹਿਰੇ ਲਾਉਣ ਦੀ ਵੀ ਅਪੀਲ ਕੀਤੀ ਤਾਂ ਜੋ ਬਾਹਰੀ ਲੋਕਾਂ ਨੂੰ ਦੂਰ ਰੱਖਣ ਅਤੇ ਸਿਰਫ ਕਰੋਨਾ ਮੁਕਤ ਲੋਕਾਂ ਨੂੰ ਪਿੰਡਾਂ ਵਿਚ ਪ੍ਰਵੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ।

ਕੇਂਦਰ ਵੱਲੋਂ ਵੀ ਪਿੰਡਾਂ ਅਤੇ ਨੀਮ ਸ਼ਹਿਰੀ ਕਸਬਿਆਂ ‘ਚ ਘੱਟੋ ਘੱਟ 30 ਬਿਸਤਰਿਆਂ ਵਾਲੇ ਕੋਵਿਡ ਕੇਅਰ ਸੈਂਟਰ ਸਥਾਪਤ ਕਰਨ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਹਲਕੇ ਲੱਛਣਾਂ ਜਾਂ ਹੋਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਘਰਾਂ ‘ਚ ਇਕਾਂਤਵਾਸ ਦੀ ਥਾਂ ‘ਤੇ ਉਥੇ ਰੱਖਿਆ ਜਾ ਸਕੇ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਰੈਪਿਡ ਐਂਟੀਜਨ ਟੈਸਟ ਕਿੱਟਾਂ ਉਪ ਕੇਂਦਰਾਂ ਜਾਂ ਸਿਹਤ ਤੇ ਵੈੱਲਨੈੱਸ ਸੈਂਟਰਾਂ ਅਤੇ ਮੁਢਲੇ ਸਿਹਤ ਕੇਂਦਰਾਂ ਸਮੇਤ ਸਾਰੇ ਜਨ-ਸਿਹਤ ਕੇਂਦਰਾਂ ‘ਤੇ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਪਿੰਡਾਂ, ਸ਼ਹਿਰਾਂ ਨਾਲ ਲੱਗਦੇ ਕਸਬਿਆਂ ਅਤੇ ਆਦਿਵਾਸੀ ਇਲਾਕਿਆਂ ‘ਚ ਕਰੋਨਾ ਦੀ ਲਾਗ ਫੈਲਣ ਮਗਰੋਂ ਸਿਹਤ ਮੰਤਰਾਲੇ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਤਾਂ ਜੋ ਸਥਾਨਕ ਪੱਧਰ ‘ਤੇ ਸਿਹਤ ਸੰਭਾਲ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਸਕੇ। ਮੰਤਰਾਲੇ ਨੇ ਕਿਹਾ ਕਿ ਕੋਵਿਡ ਕੇਅਰ ਸੈਂਟਰਾਂ ‘ਚ ਕਰੋਨਾ ਦੇ ਸ਼ੱਕੀ ਜਾਂ ਪੀੜਤ ਵਿਅਕਤੀਆਂ ਨੂੰ ਦਾਖਲ ਕੀਤਾ ਜਾ ਸਕਦਾ ਹੈ ਪਰ ਉਨ੍ਹਾਂ ਲਈ ਵੱਖਰਾ ਸਥਾਨ ਹੋਣਾ ਚਾਹੀਦਾ ਹੈ ਜਿਥੋਂ ਉਹ ਅੰਦਰ ਅਤੇ ਬਾਹਰ ਆ-ਜਾ ਸਕਣ।

Leave a Reply

Your email address will not be published.