ਕਈ ਰਾਜਾਂ ਵਲੋਂ ਹਫ਼ਤਾਵਰੀ ਤਾਲਾਬੰਦੀ ਲਗਾਉਣ ਦੇ ਬਾਵਜੂਦ ਲਗਾਤਾਰ ਵਧ ਰਹੇ ਕੋਰੋਨਾ ਦੇ ਮਾਮਲਿਆਂ ‘ਤੇ ਦੇਸ਼ ‘ਚ ਮੁਕੰਮਲ ਤਾਲਾਬੰਦੀ ਦੀ ਮੰਗ ਲਗਾਤਾਰ ਜ਼ੋਰ ਫੜ ਰਹੀ ਹੈ |
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੁਕੰਮਲ ਤਾਲਾਬੰਦੀ ਨੂੰ ਕੋਰੋਨਾ ਰੋਕਣ ਦਾ ਇਕਲੌਤਾ ਤਰੀਕਾ ਕਰਾਰ ਦਿੰਦਿਆਂ ਸਰਕਾਰ ਨੂੰ ਹਾਲੇ ਵੀ ਸਮੇਂ ਰਹਿੰਦਿਆਂ ਸੁਚੇਤ ਹੋਣ ਨੂੰ ਕਿਹਾ | ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਪਾਏ ਸੰਦੇਸ਼ ‘ਚ ਉਕਤ ਸੁਝਾਅ ਦਿੰਦਿਆਂ ਕਿਹਾ ਕਿ ਸਰਕਾਰ ਸਮਝ ਨਹੀਂ ਰਹੀ ਕਿ ਕੋਰੋਨਾ ਦੇ ਫੈਲਾਅ ਨੂੰ ਰੋਕਣ ਦਾ ਇਕਲੌਤਾ ਹੱਲ ਮੁਕੰਮਲ ਤਾਲਾਬੰਦੀ ਹੈ | ਉਨ੍ਹਾਂ ਕਿਹਾ ਕਿ ਇਸ ਦੌਰਾਨ ਸਰਕਾਰ ਦੇ ਕਮਜ਼ੋਰ ਤਬਕੇ ਲਈ ਨਿਆ ਦੀ ਸੁਰੱਖਿਆ ਦਿੱਤੀ ਜਾਵੇ | ਰਾਹੁਲ ਗਾਂਧੀ ਨੇ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਭਾਰਤ ਸਰਕਾਰ ਵਲੋਂ ਕਦਮ ਨਾ ਚੱੁਕੇ ਜਾਣ ਕਾਰਨ ਕਈ ਬੇਗੁਨਾਹ ਲੋਕਾਂ ਦੀ ਜਾਨ ਜਾ ਰਹੀ ਹੈ | ਦੇਸ਼ ਦੇ ਸਭ ਤੋਂ ਵੱਡੇ ਉਦਯੋਗ ਚੈਂਬਰ (ਸੀ.ਆਈ.ਆਈ.) ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਘੱਟ ਕਰਨ ਲਈ ਵਿਆਪਕ ਪੱਧਰ ‘ਤੇ ਆਰਥਿਕ ਗਤੀਵਿਧੀਆਂ ਨੂੰ ਸੀਮਤ ਕਰਨ ਲਈ ਕਦਮ ਚੁੱਕੇ ਜਾਣ | ਦੇਸ਼ ਦੇ ਛੋਟੇ ਵਪਾਰੀਆਂ ਦਾ ਸੰਗਠਨ ਪਹਿਲਾਂ ਹੀ ਤਾਲਾਬੰਦੀ ਦੀ ਉਲੰਘਣਾ ਕਰ ਚੁੱਕਾ ਹੈ | ਸੀ.ਏ.ਆਈ.ਟੀ. ਵਲੋਂ ਕਰਵਾਏ ਸਰਵੇਖਣ ‘ਚ 67.5 ਲੋਕਾਂ ਦੇ ਪਿਛਲੇ ਸਾਲ ਵਰਗੀ ਤਾਲਾਬੰਦੀ ਦੀ ਵਕਾਲਤ ਕਰਦਿਆਂ ਕਿਹਾ ਕਿ ਇਸ ਤੋਂ ਬਿਨਾਂ ਕੋਰੋਨਾ ਨਹੀਂ ਰੋਕਿਆ ਜਾ ਸਕਦਾ | ਇਸ ਤੋਂ ਪਹਿਲਾਂ ਸੁਪਰੀਮ ਕੋਰਟ ਵੀ ਤਾਲਾਬੰਦੀ ‘ਤੇ ਵਿਚਾਰ ਕਰਨ ਦੀ ਸਲਾਹ ਦੇ ਚੁੱਕਾ ਹੈ |
Leave a Reply