ਸੰਵੇਦਨਸ਼ੀਲ ਮਾਮਲਿਆਂ ਪ੍ਰਤੀ ਪਾਕਿਸਤਾਨ ਦੀ ਇਕ ਹੋਰ ਲਾਪਰਵਾਹੀ

ਪਾਕਿਸਤਾਨ ਸਰਕਾਰ ਨੇ ਇਕ ਵਾਰ ਫਿਰ ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਗ਼ੈਰ–ਵਾਜਬ ਦਖ਼ਲ ਦੇ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ। ਉਸ ਨੇ ਦੁਨੀਆ ਭਰ ’ਚ ਬਦਨਾਮ ਆਪਣੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਅਧਿਕਾਰੀ ਮੁਹੰਮਦ ਅਬੂ ਬਕਰ ਆਫ਼ਤਾਬ ਕੁਰੈਸ਼ੀ ਨੂੰ ਤਿੰਨ ਸਾਲਾਂ ਲਈ ਉਸ ਪ੍ਰਬੰਧਕੀ ਇਕਾਈ ਦਾ ਮੁੱਖ ਕਾਰਜਕਾਰੀ ਅਧਿਕਾਰੀ ਭਾਵ ਸੀਈਓ ਨਿਯੁਕਤ ਕਰ ਦਿੱਤਾ ਹੈ, ਜੋ ਲਹਿੰਦੇ ਪੰਜਾਬ ਦੇ ਕਰਤਾਰਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦਾ ਸਾਰਾ ਇੰਤਜ਼ਾਮ ਵੇਖਦੀ ਹੈ। ਅਬੂ ਬਕਰ ਦਰਅਸਲ ਆਈਐੱਸਆਈ ਦਾ ਡਿਪਟੀ ਡਾਇਰੈਕਟਰ ਜਨਰਲ ਵੀ ਹੈ। ‘ਈਵੈਕੁਈ ਟਰੱਸਟ ਪ੍ਰਾਪਰਟੀ ਬੋਰਡ’ ਦੇ ਡਿਪਟੀ ਸਕੱਤਰ (ਪ੍ਰਸ਼ਾਸਨ) ਮੁਨੀਰ ਅਹਿਮਦ ਨੇ 11 ਜਨਵਰੀ ਨੂੰ ਬਾਕਾਇਦਾ ਇਸ ਨਵੀਂ ਨਿਯੁਕਤੀ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਇਸ ਤੋਂ ਬਾਅਦ ਭਾਰਤ ਤੇ ਦੁਨੀਆ ਦੇ ਕੋਨੇ–ਕੋਨੇ ’ਚ ਵੱਸਦੇ ਸਿੱਖਾਂ ’ਚ ਰੋਹ ਤੇ ਰੋਸ ਦੀ ਲਹਿਰ ਦੌੜ ਗਈ ਹੈ। ਕਰਤਾਰਪੁਰ ਸਾਹਿਬ ਸਿੱਖਾਂ ਲਈ ਓਨਾ ਹੀ ਮੁਬਾਰਕ ਅਤੇ ਪਵਿੱਤਰ ਧਾਰਮਿਕ ਅਸਥਾਨ ਹੈ, ਜਿੰਨਾ ਹਿੰਦੂਆਂ ਲਈ ਹਰਿਦੁਆਰ, ਮੁਸਲਮਾਨਾਂ ਲਈ ਮੱਕਾ–ਮਦੀਨਾ ਤੇ ਈਸਾਈਆਂ ਲਈ ਯੇਰੂਸ਼ਲੇਮ; ਕਿਉਂਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਲੇ 18 ਵਰ੍ਹੇ ਖੇਤਾਂ ’ਚ ਕਿਰਤ ਕਰ ਕੇ ਬਿਤਾਏ ਸਨ। ਇਸ ਅਸਥਾਨ ਦੀ ਮਿੱਟੀ ’ਚੋਂ ਵੀ ਉਨ੍ਹਾਂ ਦੇ ਮੁੜ੍ਹਕੇ ਦੀ ਮਹਿਕ ਅੱਜ ਵੀ ਮਹਿਸੂਸ ਕੀਤੀ ਜਾ ਸਕਦੀ ਹੈ। ਇਸੇ ਲਈ ਦੁਨੀਆ ਭਰ ਦੇ ਸਿੱਖ ਸ਼ਰਧਾਲੂ ਹਰ ਸਾਲ ਹੁੰਮ–ਹੁੰਮਾ ਕੇ ਇੱਥੇ ਪੁੱਜਦੇ ਹਨ। ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਬਣਨ ਦੀ ਖ਼ਬਰ ਪਾਕਿ ਫ਼ੌਜ ਦੇ ਉਦੋਂ ਦੇ ਮੁਖੀ ਕਮਰ ਜਾਵੇਦ ਬਾਜਵਾ ਨੇ ਹੀ ਪਹਿਲੀ ਵਾਰ ਤਤਕਾਲੀਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਮੌਜੂਦਗੀ ’ਚ ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਨਾਲ ਜੱਫੀ ਪਾਉਂਦਿਆਂ ਜ਼ਾਹਿਰ ਕੀਤੀ ਸੀ। ਉਸ ਤੋਂ ਪਹਿਲਾਂ 1999 ’ਚ ਜਦੋਂ ਪੂਰੀ ਖ਼ਲਕਤ ਖ਼ਾਲਸਾ ਪੰਥ ਦੀ ਸਾਜਨਾ ਦੇ ਤ੍ਰੈ–ਸ਼ਤਾਬਦੀ ਜਸ਼ਨ ਮਨਾ ਰਹੀ ਸੀ, ਉਦੋਂ ਵੀ ਪਾਕਿਸਤਾਨ ਦੇ ਉਦੋਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਜਾਵੇਦ ਨਸੀਰ ਨੂੰ ਆਪਣੇ ਦੇਸ਼ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਸੀ, ਜੋ ਪਹਿਲਾਂ ਆਈਐੱਸਆਈ ਦਾ ਡਾਇਰੈਕਟਰ ਜਨਰਲ ਵੀ ਰਿਹਾ ਸੀ। ਉਦੋਂ ਵੀ ਆਲਮੀ ਪੱਧਰ ’ਤੇ ਇਸ ਨਿਯੁਕਤੀ ਦਾ ਜ਼ੋਰਦਾਰ ਵਿਰੋਧ ਹੋਇਆ ਸੀ। ਹੁਣ ਉਸੇ ਤਰ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਸੀਈਓ ਇਕ ਗ਼ੈਰ–ਸਿੱਖ ਅਬੂ ਬਕਰ ਨੂੰ ਲਾ ਕੇ ਵੀ ਪਾਕਿਸਤਾਨ ਸਰਕਾਰ ਨੇ ਆਪਣੀ ਨੁਕਤਾਚੀਨੀ ਦਾ ਇਕ ਨਵਾਂ ਰਾਹ ਖੋਲ੍ਹ ਦਿੱਤਾ ਹੈ। ਪਿਛਲੇ ਵਰ੍ਹੇ ਜਦੋਂ ਫ਼ੌਜ ਦੇ ਸਾਬਕਾ ਬ੍ਰਿਗੇਡੀਅਰ ਮੁਹੰਮਦ ਲਤੀਫ਼ ਨੂੰ ਇਸੇ ਗੁਰੂਘਰ ਦਾ ਪਹਿਲਾ ਸੀਈਓ ਨਿਯੁਕਤ ਕੀਤਾ ਗਿਆ ਸੀ, ਉਦੋਂ ਵੀ ਪੂਰੀ ਦੁਨੀਆ ’ਚ ਹੰਗਾਮਾ ਮਚਿਆ ਸੀ। ਇਸੇ ਲਈ ਉਸ ਨੂੰ ਤੁਰੰਤ ਇਸ ਅਹਿਮ ਅਹੁਦੇ ਤੋਂ ਲਾਂਭੇ ਕਰ ਕੇ ਰਾਣਾ ਸ਼ਾਹਿਦ ਨੂੰ ਨਵਾਂ ਸੀਈਓ ਥਾਪ ਦਿੱਤਾ ਗਿਆ ਸੀ। ਇੱਥੇ ਆਉਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਨੂੰ ਯਕੀਨੀ ਤੌਰ ’ਤੇ ਕੋਈ ਸਿੱਖ ਹੀ ਬਿਹਤਰ ਸਮਝ ਸਕਦਾ ਹੈ ਤੇ ਰਹਿਤ ਮਰਿਆਦਾ ਦੀ ਪਾਲਣਾ ਜਾਂ ਉਲੰਘਣਾ ’ਤੇ ਵੀ ਬਾਰੀਕਬੀਨੀ ਨਾਲ ਨਜ਼ਰ ਰੱਖ ਸਕਦਾ ਹੈ ਪਰ ਇਨ੍ਹਾਂ ਸੰਵੇਦਨਸ਼ੀਲ ਮਾਮਲਿਆਂ ਦੀ ਉੱਥੋਂ ਦੀ ਸਰਕਾਰ ਨੂੰ ਕਦੇ ਕੋਈ ਪਰਵਾਹ ਨਹੀਂ ਰਹੀ। ਜੇ ਉਹ ਥੋੜ੍ਹਾ ਜਿੰਨਾ ਵੀ ਧਿਆਨ ਰੱਖਦੀ ਹੁੰਦੀ ਤਾਂ ਉੱਥੇ ਦੀਆਂ ਘੱਟ–ਗਿਣਤੀਆਂ ’ਤੇ ਕਦੇ ਵੀ ਅਥਾਹ ਤਸ਼ੱਦਦ ਨਾ ਢਾਹੇ ਜਾਂਦੇ ਤੇ ਅਜਿਹੀਆਂ ਬੇਮੇਲ ਨਿਯੁਕਤੀਆਂ ਸਦਕਾ ਹੀ ਕਰਤਾਰਪੁਰ ਸਾਹਿਬ ਵਿਖੇ ਦਿੱਤੀ ਜਾਣ ਵਾਲੇ ਪ੍ਰਸਾਦ ਦੀ ਪੈਕਿੰਗ ’ਤੇ ਪਾਕਿਸਤਾਨੀ ਸਿਗਰੇਟ ਦਾ ਇਸ਼ਤਿਹਾਰ ਨਾ ਦਿੱਤਾ ਜਾਂਦਾ ਤੇ ਗੁਰੂਘਰ ਦੀ ਪਰਿਕਰਮਾ ’ਚ ਪਾਕਿਸਤਾਨੀ ਮਾੱਡਲਾਂ ਤੋਂ ਮਾੱਡਲਿੰਗ ਨਾ ਕਰਵਾਈ ਜਾਂਦੀ।

Leave a Reply

Your email address will not be published. Required fields are marked *