ਸੰਯੁਕਤ ਰਾਸ਼ਟਰ ਦੀ ਅੱਤਵਾਦੀਆਂ ਬਾਰੇ ਕਾਲੀ ਸੂਚੀ ‘ਚ ਸ਼ਾਮਿਲ ਹਨ ਤਾਲਿਬਾਨ ਦੇ ਪ੍ਰਧਾਨ ਮੰਤਰੀ ਸਮੇਤ 14 ਨਵੇਂ ਮੰਤਰੀ

Home » Blog » ਸੰਯੁਕਤ ਰਾਸ਼ਟਰ ਦੀ ਅੱਤਵਾਦੀਆਂ ਬਾਰੇ ਕਾਲੀ ਸੂਚੀ ‘ਚ ਸ਼ਾਮਿਲ ਹਨ ਤਾਲਿਬਾਨ ਦੇ ਪ੍ਰਧਾਨ ਮੰਤਰੀ ਸਮੇਤ 14 ਨਵੇਂ ਮੰਤਰੀ
ਸੰਯੁਕਤ ਰਾਸ਼ਟਰ ਦੀ ਅੱਤਵਾਦੀਆਂ ਬਾਰੇ ਕਾਲੀ ਸੂਚੀ ‘ਚ ਸ਼ਾਮਿਲ ਹਨ ਤਾਲਿਬਾਨ ਦੇ ਪ੍ਰਧਾਨ ਮੰਤਰੀ ਸਮੇਤ 14 ਨਵੇਂ ਮੰਤਰੀ

ਅੰਮ੍ਤਿਸਰ / ਅਫ਼ਗਾਨਿਸਤਾਨ ‘ਚ ਤਾਲਿਬਾਨ ਨੇ ਜਿਸ ਕਾਰਜਕਾਰੀ ਸਰਕਾਰ ਦਾ ਐਲਾਨ ਕੀਤਾ ਹੈ, ਉਸ ਦੀ ਕੈਬਨਿਟ ‘ਚ ਉਨ੍ਹਾਂ ਤਾਲਿਬਾਨ ਆਗੂਆਂ ਨੂੰ ਮਹੱਤਵਪੂਰਨ ਅਹੁਦੇ ਦਿੱਤੇ ਹਨ, ਜੋ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੇ ਹਨ |

ਇਸ ਮੰਤਰੀ ਮੰਡਲ ‘ਚ ਪ੍ਰਧਾਨ ਮੰਤਰੀ ਮੁੱਲਾ ਮੁਹੰਮਦ ਹਸਨ ਅਖੁੰਦ ਸਮੇਤ 14 ਨਵੇਂ ਮੰਤਰੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅੱਤਵਾਦੀਆਂ ਬਾਰੇ ਕਾਲੀ ਸੂਚੀ ‘ਚ ਸ਼ਾਮਿਲ ਹਨ | ਇਸ ਸੂਚੀ ‘ਚ ਪ੍ਰਧਾਨ ਮੰਤਰੀ ਮੁੱਲ੍ਹਾ ਮੁਹੰਮਦ ਹਸਨ ਅਖੁੰਦ ਤੇ ਉਸ ਦੇ ਦੋਵੇਂ ਡਿਪਟੀ ਮੁੱਲਾ ਅਬਦੁਲ ਗਨੀ ਬਰਾਦਰ, ਮੌਲਵੀ ਅਬਦੁਲ ਸਲਾਮ ਹਨਾਫ਼ੀ, ਗ੍ਰਹਿ ਮੰਤਰੀ ਸਿਰਾਜੁਦੀਨ ਹੱਕਾਨੀ, ਰੱਖਿਆ ਮੰਤਰੀ ਮੁੱਲਾ ਯਾਕੂਬ, ਖ਼ਲੀਲ ਹੱਕਾਨੀ, ਮੁੱਲਾ ਯਾਕੂਬ, ਮੁੱਲਾ ਅਮੀਰ ਖ਼ਾਨ ਮੁਤਾਕੀ, ਸ਼ੇਰ ਮੁਹੰਮਦ ਅੱਬਾਸ ਸਟੇਨਕਿਜ਼ਾਈ, ਮੁੱਲਾ ਅਬਦੁਲ ਲਤੀਫ਼ ਮਨਸੂਰ, ਨਜੀਬਉੱਲਾ ਹੱਕਾਨੀ, ਮੌਲਾਨਾ ਅਬੁਦਲ ਬਾਕੀ, ਕਾਰੀ ਦੀਨ ਹਨੀਫ਼, ਮੌਲਵੀ ਨੂਰ ਜਲਾਲ ਦੇ ਨਾਂਅ ਸ਼ਾਮਿਲ ਹਨ | ਲਸ਼ਕਰ ਦੇ ਅੱਤਵਾਦੀਆਂ ਨਾਲ ਡੂੰਘੇ ਸਬੰਧ ਰੱਖਣ ਵਾਲੇ ਮੁੱਲਾ ਉਮਰ ਦੇ ਪੁੱਤਰ ਮੁੱਲਾ ਯਾਕੂਬ ਨੂੰ ਰੱਖਿਆ ਮੰਤਰੀ ਬਣਾਇਆ ਗਿਆ ਹੈ | ਇਹ ਤਾਇਨਾਤੀ ਸਪੱਸ਼ਟ ਸੰਕੇਤ ਦਿੰਦੀ ਹੈ ਕਿ ਤਾਲਿਬਾਨ ਦੀ ਕਾਰਜ ਪ੍ਰਣਾਲੀ 20 ਸਾਲਾਂ ਬਾਅਦ ਵੀ ਨਹੀਂ ਬਦਲੀ ਅਤੇ ਤਾਲਿਬਾਨ ਦਾ ਅਤੀਤ, ਵਰਤਮਾਨ ਅਤੇ ਭਵਿੱਖ ਇਕੋ ਜਿਹਾ ਹੈ |

ਮੰਤਰੀ ਮੰਡਲ ‘ਚ ਕਯੁਮ ਜ਼ਾਕਿਰ, ਸਾਦਰ ਇਬਰਾਹੀਮ, ਦਾਊਦ ਮੋਜ਼ਾਮਿਲ ਦੀ ਗ਼ੈਰ-ਹਾਜ਼ਰੀ ਇਹ ਦਰਸਾਉਂਦੀ ਹੈ ਕਿ ਮੁੱਲਾ ਉਮਰ ਦੇ ਕੰਧਾਰ ਸਮਰਥਕਾਂ ਅਤੇ ਪਖਤਿਆਂ ਦੇ ਸਮਰਥਕਾਂ ਦਰਮਿਆਨ ਸੱਤਾ ਦੀ ਲੜਾਈ ‘ਚ ਸਿਰਾਜੁਦੀਨ ਹੱਕਾਨੀ ਅਤੇ ਉਸ ਦੇ ਸਾਥੀ ਜੇਤੂ ਬਣ ਕੇ ਉਭਰੇ ਹਨ | ਸਿਰਾਜੁਦੀਨ ਹੱਕਾਨੀ ਨੈੱਟਵਰਕ ਦੇ ਸੰਸਥਾਪਕ ਜਲਾਲੁਦੀਨ ਹੱਕਾਨੀ ਦਾ ਪੁੱਤਰ ਹੈ | ਇਸ ਨੂੰ ਆਲਮੀ ਅੱਤਵਾਦੀ ਐਲਾਨ ਕੇ ਅਮਰੀਕਾ ਨੇ ਇਸ ਦੇ ਸਿਰ ‘ਤੇ 50 ਲੱਖ ਡਾਲਰ ਦਾ ਇਨਾਮ ਰੱਖਿਆ ਹੈ | ਸਿਰਾਜੁਦੀਨ ਹੱਕਾਨੀ ਪਾਕਿਸਤਾਨੀ ਫ਼ੌਜ ਦੇ ਹੱਥਾਂ ਦੀ ਕਠਪੁਤਲੀ ਹੈ ਅਤੇ ਹੁਣ ਇਹ ਵੇਖਣਾ ਹੋਵੇਗਾ ਹੈ ਕਿ ਸਿਰਾਜੁਦੀਨ ਆਪਣੇ ਮਾਲਕ (ਪਾਕਿਸਤਾਨ) ਨੂੰ ਕੀ ਵਾਪਸੀ ਦਿੰਦਾ ਹੈ |

ਅਫ਼ਗਾਨ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਤਾਲਿਬਾਨ ਦੀ ਕੈਬਨਿਟ ਦੇ ਨਾਲ ਅਜੇ ਤੱਕ ਚੀਫ਼ ਜਸਟਿਸ ਅਤੇ ਅਟਾਰਨੀ ਜਨਰਲ ਦੀ ਨਿਯੁਕਤੀ ਨਹੀਂ ਹੋਈ ਹੈ | ਜਦਕਿ ਕਿਸੇ ਵੀ ਦੇਸ਼ ‘ਚ ਕਾਨੂੰਨ ਦਾ ਸ਼ਾਸਨ ਚਲਾਉਣ ‘ਚ ਸੁਪਰੀਮ ਕੋਰਟ ਤੇ ਅਟਾਰਨੀ ਜਨਰਲ ਦਾ ਦਫ਼ਤਰ ਅਹਿਮ ਭੂਮਿਕਾ ਨਿਭਾਉਂਦਾ ਹੈ | ਤਾਲਿਬਾਨ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਇਹ ‘ਦੇਖਭਾਲ ਕਰਨ ਵਾਲੀ’ ਸਰਕਾਰ ਕਿੰਨੇ ਸਮੇਂ ਤੱਕ ਕੰਮ ਕਰੇਗੀ | ਕਾਰਜਕਾਰੀ ਪ੍ਰਧਾਨ ਮੰਤਰੀ ਮੁੱਲਾ ਹਸਨ ਅਖੁੰਦ ਨੇ ਇਕ ਲਿਖਤੀ ਬਿਆਨ ‘ਚ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਵਿਦੇਸ਼ੀ ਫ਼ੌਜਾਂ ਦੀ ਵਾਪਸੀ, ਕਬਜ਼ੇ ਦੇ ਅੰਤ ਅਤੇ ਦੇਸ਼ ਦੀ ਕਥਿਤ ਪੂਰਨ ਆਜ਼ਾਦੀ ਦੀ ਵਧਾਈ ਦਿੱਤੀ ਹੈ |

ਬੁੱਧ ਦੀਆਂ ਮੂਰਤੀਆਂ ਨੂੰ ਬੰਬ ਨਾਲ ਉਡਾਉਣ ਵਾਲਾ ਬਣਿਆ ਪ੍ਰਧਾਨ ਮੰਤਰੀ ਕਵੇਟਾ ਸ਼ੂਰਾ ਦੇ ਮੁਖੀ ਮੁੱਲਾ ਹਸਨ ਅਖੁੰਦ ਸਾਲ 2001 ‘ਚ ਜਦੋਂ ਤਾਲਿਬਾਨ ਦੀ ਸਰਕਾਰ ਸੱਤਾ ‘ਚ ਆਈ ਸੀ ਤਾਂ ਉਸ ਸਰਕਾਰ ‘ਚ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਸੀ | ਉਸ ਨੇ ਉਦੋਂ ਬਾਮੀਆਂ ਪ੍ਰਾਂਤ ‘ਚ ਤੋਪ ਦੇ ਗੋਲਿਆਂ ਨਾਲ ਮਹਾਤਮਾ ਬੁੱਧ ਦੀਆਂ ਵਿਸ਼ਾਲ ਮੂਰਤੀਆਂ ਨਸ਼ਟ ਕੀਤੀਆਂ ਸਨ | ਉਸ ਨੇ ਇਸ ਨੂੰ ਆਪਣਾ ਧਾਰਮਿਕ ਫ਼ਰਜ਼ ਦੱਸਿਆ ਸੀ | ਉਸ ਨੇ ਇਕ ਇੰਟਰਵਿਊ ‘ਚ ਕਿਹਾ ਸੀ ਕਿ ਉਸ ਨੇ ਆਪਣੀ ਪੂਰੀ ਜ਼ਿੰਦਗੀ ‘ਚ ਕਦੇ ਅਖ਼ਬਾਰ ਨਹੀਂ ਪੜ੍ਹੀ | ਏਨਾ ਹੀ ਨਹੀਂ, ਉਹ ਅਖ਼ਬਾਰ ਨੂੰ ਜ਼ਮੀਨ ‘ਤੇ ਪਈ ਵੇਖ ਗ਼ੁੱਸਾ ਹੋ ਜਾਂਦਾ ਸੀ ਅਤੇ ਇਕ ਵਾਰ ਉਸ ਨੇ ਇਸੇ ਕਾਰਨ ਮੁੱਲਾ ਉਮਰ ਨਾਲ ਅਖ਼ਬਾਰਾਂ ‘ਤੇ ਪਾਬੰਦੀ ਲਗਾਉਣ ਦੀ ਇੱਛਾ ਜ਼ਾਹਰ ਕੀਤੀ ਸੀ | ਮੁੱਲਾ ਹਸਨ ਦਾ ਕਹਿਣਾ ਹੈ ਕਿ ਅਖ਼ਬਾਰ ‘ਚ ਸ਼ਬਦ ਛਪੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਜ਼ਮੀਨ ‘ਤੇ ਸੁੱਟਣਾ ਇਕ ਤਰ੍ਹਾਂ ਨਾਲ ਕੁਰਾਨ ਦਾ ਅਪਮਾਨ ਹੈ, ਕਿਉਂਕਿ ਕੁਰਾਨ ‘ਚ ਵੀ ਸ਼ਬਦ ਛਪੇ ਹੁੰਦੇ ਹਨ |

ਆਤਮਘਾਤੀ ਹਮਲਿਆਂ ਦੇ ਸਾਜਿਸ਼ ਘਾੜੇ ਨੂੰ ਬਣਾਇਆ ਖ਼ੁਫ਼ੀਆ ਵਿਭਾਗ ਦਾ ਉਪ ਮੁਖੀ ਅਫ਼ਗਾਨਿਸਤਾਨ ਦੀ ਨਵੀਂ ਤਾਲਿਬਾਨ ਸਰਕਾਰ ‘ਚ ਤਾਜ ਮੀਰ ਜਵਾਦ ਨੂੰ ਖ਼ੁਫ਼ੀਆ ਵਿਭਾਗ ਦਾ ਉਪ ਮੁਖੀ ਬਣਾਇਆ ਗਿਆ ਹੈ | ਉਹ ਆਤਮਘਾਤੀ ਹਮਲਾਵਰਾਂ ਦਾ ਇਕ ਨੈੱਟਵਰਕ ਚਲਾਉਂਦਾ ਹੈ ਜੋ ਕਾਬੁਲ ‘ਚ ਕਈ ਘਾਤਕ ਹਮਲਿਆਂ ਲਈ ਜ਼ਿੰਮੇਵਾਰ ਹੈ | ਉਹ ਨਵੇਂ ਖ਼ੁਫ਼ੀਆ ਮੁਖੀ ਅਬਦੁਲ ਹੱਕ ਵਸੀਕ ਦੇ ਪਹਿਲੇ ਡਿਪਟੀ ਵਜੋਂ ਸੇਵਾ ਨਿਭਾਵੇਗਾ | ਦੱਸਿਆ ਜਾਂਦਾ ਹੈ ਕਿ ਜਵਾਦ ਪਾਕਿਸਤਾਨ ਦੇ ਮੀਰ ਅਲੀ ‘ਚ ਬੰਬਾਂ ਦਾ ਪ੍ਰਯੋਗ ਕਰਦੇ ਹੋਏ ਇਕ ਧਮਾਕੇ ‘ਚ ਜ਼ਖਮੀ ਹੋ ਗਿਆ ਸੀ | ਖੁਫ਼ੀਆ ਏਜੰਸੀ ਆਈ.ਐਸ.ਆਈ. ਨੇ ਉਸ ਨੂੰ ਪਾਕਿਸਤਾਨੀ ਪਾਸਪੋਰਟ ‘ਤੇ ਇਲਾਜ ਲਈ ਸ੍ਰੀਲੰਕਾ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਸੀ ਜੋ ਅਸਫਲ ਸਾਬਤ ਹੋਈ | ਬਾਅਦ ‘ਚ ਉਸ ਦਾ ਇਲਾਜ ਕਰਾਚੀ ‘ਚ ਕਰਵਾਇਆ ਗਿਆ |

ਪਾਕਿ ਜੇਲ੍ਹ ‘ਚ ਰਹਿ ਚੁੱਕਾ ਹੈ ਮੁੱਲਾ ਬਰਾਦਰ ਮੁੱਲਾ ਅਬਦੁਲ ਗਨੀ ਬਰਾਦਰ, ਜਿਸ ਨੂੰ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ, ਤਾਲਿਬਾਨ ਦੇ ਸੰਸਥਾਪਕਾਂ ‘ਚੋਂ ਇਕ ਹੈ | ਜਦੋਂ ਸਾਲ 1996-2001 ‘ਚ ਅਫ਼ਗਾਨਿਸਤਾਨ ‘ਚ ਤਾਲਿਬਾਨ ਦੀ ਸਰਕਾਰ ਸੀ ਤਾਂ ਇਸ ਦੀ ਉਸ ‘ਚ ਬਹੁਤ ਖ਼ਾਸ ਭੂਮਿਕਾ ਸੀ | ਬਰਾਦਰ ਨੂੰ ਪਾਕਿ ਨੇ ਅਮਰੀਕਾ ਦੇ ਕਹਿਣ ‘ਤੇ ਆਪਣੀ ਜੇਲ੍ਹ ਤੋਂ ਰਿਹਾਅ ਕੀਤਾ ਸੀ |

Leave a Reply

Your email address will not be published.