ਸਫ਼ਲਤਾਪੂਰਵਕ ਮੁਕੰਮਲ ਹੋਈ ‘ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਮੁਹਿੰਮ’ : ਸਿਵਲ ਸਰਜਨ

Home » Blog » ਸਫ਼ਲਤਾਪੂਰਵਕ ਮੁਕੰਮਲ ਹੋਈ ‘ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਮੁਹਿੰਮ’ : ਸਿਵਲ ਸਰਜਨ
ਸਫ਼ਲਤਾਪੂਰਵਕ ਮੁਕੰਮਲ ਹੋਈ ‘ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਮੁਹਿੰਮ’ : ਸਿਵਲ ਸਰਜਨ

ਮੁਹਾਲੀ,1 ਜਨਵਰੀ: ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਚੱਲ ਰਹੀ ‘ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਮੁਹਿੰਮ’ ਸਫ਼ਲਤਾਪੂਰਵਕ ਮੁਕੰਮਲ ਹੋ ਗਈ ਹੈ।

ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ 26 ਨਵੰਬਰ ਤੋਂ ਸ਼ੁਰੂ ਹੋਈ ਇਸ ਮੁਹਿੰਮ ਅਧੀਨ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੋਤੀਆਬਿੰਦ ਤੋਂ ਪੀੜਤ ਕੁਲ 310 ਮਰੀਜ਼ਾਂ ਦੇ ਆਪਰੇਸ਼ਨ ਕੀਤੇ ਗਏ ਹਨ ਅਤੇ ਕੁਲ 8877 ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਹੈ।  ਸਿਵਲ ਸਰਜਨ ਨੇ ਦਸਿਆ ਕਿ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਹਦਾਇਤ ’ਤੇ ਸੂਬਾ ਭਰ ਵਿੱਚ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਹਸਪਤਾਲ ਮੁਹਾਲੀ ਵਿਖੇ ਕੁਲ 149 ਆਪਰੇਸ਼ਨ, ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਚ 52 ਅਤੇ ਖਰੜ ਦੇ ਸਰਕਾਰੀ ਹਸਪਤਾਲ ਵਿਚ 109 ਆਪਰੇਸ਼ਨ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਇਸ ਮੁਹਿੰਮ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਉਣ ਲਈ ਨਿਜੀ ਹਸਪਤਾਲਾਂ ਦਾ ਵੀ ਸਹਿਯੋਗ ਲਿਆ ਗਿਆ। ਸਿਵਲ ਸਰਜਨ ਨੇ ਮੁਹਿੰਮ ਦੀ ਸਫ਼ਲਤਾ ਲਈ ਸਹਾਇਕ ਸਿਵਲ ਸਰਜਨ ਡਾ. ਰੇਨੂੰ ਸਿੰਘ ਅਤੇ ਤਮਾਮ ਡਾਕਟਰਾਂ ਸਮੇਤ ਸਮੁੱਚੇ ਸਿਹਤ ਅਮਲੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਸਾਂਝੇ ਯਤਨਾਂ ਨਾਲ ਜ਼ਿਲ੍ਹੇ ਦੇ ਲੋਕਾਂ ਤਕ ਇਹ ਅਹਿਮ ਸਿਹਤ ਸਹੂਲਤ ਪਹੁੰਚੀ ਹੈ। 

ਡਾ. ਆਦਰਸ਼ਪਾਲ ਕੌਰ ਮੁਤਾਬਕ ਇਸ ਮੁਹਿੰਮ ਤਹਿਤ ਜਿਥੇ ਜ਼ਿਲ੍ਹੇ ਵਿਚ ਵੱਖ-ਵੱਖ ਥਾਈਂ ਅੱਖਾਂ ਦੀ ਜਾਂਚ ਲਈ ਕੈਂਪ ਲਾਏ ਗਏ ਅਤੇ ਮੋਤੀਆਬਿੰਦ ਤੋਂ ਪੀੜਤ ਪਾਏ ਜਾਣ ਵਾਲੇ ਵਿਅਕਤੀਆਂ ਦਾ ਆਪਰੇਸ਼ਨ ਕੀਤਾ ਗਿਆ। ਲੋਕਾਂ ਨੂੰ ਇਸ ਮੁਹਿੰਮ ਬਾਰੇ ਜਾਗਰੂਕ ਕਰਨ ਲਈ ਜਾਗਰੂਕਤਾ ਵੈਨ ਵੀ ਜ਼ਿਲ੍ਹੇ ਵਿਚ ਵੱਖ-ਵੱਖ ਥਾਈਂ ਗਈ। ਉਨ੍ਹਾਂ ਦਸਿਆ, “ਆਪ੍ਰੇਸ਼ਨ ਵਾਲੇ ਲੋਕਾਂ ਲਈ ਰਿਫਰੈਸ਼ਮੈਂਟ ਦੇ ਨਾਲ-ਨਾਲ ਆਉਣ-ਜਾਣ ਲਈ ਆਵਾਜਾਈ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ ਅਤੇ ਆਪ੍ਰੇਸ਼ਨ ਵਾਲੇ ਮਰੀਜ਼ਾਂ ਨੂੰ ਮੁਫਤ ਐਨਕਾਂ ਵੀ ਦਿੱਤੀਆਂ ਗਈਆਂ। ਸਿਵਲ ਸਰਜਨ ਨੇ ਦੁਹਰਾਇਆ ਕਿ ਜੇ ਕਿਸੇ ਵਿਅਕਤੀ ਨੂੰ ਅੱਖਾਂ ਵਿਚ ਕੋਈ ਤਕਲੀਫ਼ ਹੈ ਤਾਂ ਉਹ ਨੇੜਲੀ ਸਿਹਤ ਸੰਸਥਾ ਵਿਚ ਜਾ ਕੇ ਜਾਂਚ ਜ਼ਰੂਰ ਕਰਵਾਏ ਕਿਉਂਕਿ ਸਹੀ ਸਮੇਂ ’ਤੇ ਬੀਮਾਰੀ ਦੀ ਪਛਾਣ ਹੋਣ ਨਾਲ ਇਲਾਜ ਕਰਨਾ ਆਸਾਨ ਹੋ ਜਾਂਦਾ ਹੈ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਸਿਹਤ ਸਮੱਸਿਆ ਦੇ ਇਲਾਜ ਲਈ ਸਰਕਾਰੀ ਸਿਹਤ ਸੰਸਥਾਵਾਂ ਵਿਚ ਆਉਣ ਜਿਥੇ ਜਾਂਚ, ਟੈਸਟ, ਇਲਾਜ ਅਤੇ ਦਵਾਈਆਂ ਮੁਫ਼ਤ ਹਨ।

Leave a Reply

Your email address will not be published.