ਸੌਦਾ ਕਰਨ ਆਏ ਬੰਦਿਆਂ ਨੇ ਪ੍ਰਾਪਰਟੀ ਡੀਲਰ ਤੋਂ ਲੁੱਟੇ ਇੱਕ ਕਰੋੜ

ਸੌਦਾ ਕਰਨ ਆਏ ਬੰਦਿਆਂ ਨੇ ਪ੍ਰਾਪਰਟੀ ਡੀਲਰ ਤੋਂ ਲੁੱਟੇ ਇੱਕ ਕਰੋੜ

ਡੇਰਾਬਸੀ : ਮੁਹਾਲੀ ਦੇ ਡੇਰਾਬੱਸੀ ਵਿੱਚ ਦਿਨ-ਦਿਹਾੜੇ ਲੁਟੇਰਿਆਂ ਨੇ ਇੱਕ ਪ੍ਰਾਪਰਟੀ ਡੀਲਰ ਤੋਂ ਇੱਕ ਕਰੋੜ ਰੁਪਏ ਲੁੱਟ ਲਏ। ਇਹ ਲੁੱਟ ਡੇਰਾਬੱਸੀ-ਬਰਵਾਲਾ ਚੌਕ ਨੇੜੇ ਸਥਿਤ ਇੱਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿੱਚ ਹੋਈ। ਇਸ ਦੇ ਨਾਲ ਹੀ ਲੁਟੇਰਿਆਂ ਨੇ ਉਨ੍ਹਾਂ ਨੂੰ ਫੜਨ ਲਈ ਪਿੱਛੇ ਭੱਜੇ ਤਿੰਨ ਰੇਹੜੀ ਵਾਲਿਆਂ ‘ਤੇ ਵੀ ਫਾਇਰ ਕਰ ਦਿੱਤੇ, ਜਿਸ ਨਾਲ ਰੇਹੜੀ ਵਾਲਾ ਮੁਹੰਮਦ ਸਾਜਿਦ ਜ਼ਖ਼ਮੀ ਹੋ ਗਿਆ। ਉਸ ਨੂੰ ਗੰਭੀਰ ਹਾਲਤ ਵਿੱਚ ਡੇਰਾਬੱਸੀ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਸ ਨੂੰ ਜੀਐਮਸੀਐਚ-32 ਰੈਫਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਡੇਰਾਬੱਸੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਡੇਰਾਬੱਸੀ ਬਰਵਾਲਾ ਚੌਕ ਨੇੜੇ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਨੇ ਦੱਸਿਆ ਕਿ ਉਸ ਨੇ ਆਪਣੀ ਜੱਦੀ ਜ਼ਮੀਨ ਦਾ ਸੌਦਾ ਕੀਤਾ ਸੀ, ਜਿਸ ਨੂੰ ਖਰੀਦਣ ਵਾਲਾ ਉਸ ਨੂੰ ਦਫਤਰ ਵਿੱਚ ਇੱਕ ਕਰੋੜ ਰੁਪਏ ਨਕਦ ਦੇਣ ਲਈ ਆਇਆ ਸੀ। ਉਸ ਨੇ ਇਸ ਪੈਸੇ ਨਾਲ ਕੁਝ ਨਵਾਂ ਸੌਦਾ ਕਰਨ ਲਈ ਕੁਝ ਲੋਕਾਂ ਨੂੰ ਆਪਣੇ ਦਫ਼ਤਰ ਬੁਲਾਇਆ ਸੀ। ਹਰਜੀਤ ਨੇ ਦੋਸ਼ ਲਾਇਆ ਕਿ ਸੌਦਾ ਕਰਨ ਆਏ ਲੋਕ ਹੀ ਲੁਟੇਰੇ ਨਿਕਲੇ। ਉਨ੍ਹਾਂ ਵਿੱਚੋਂ ਚਾਰ ਲੋਕ ਉਸ ਨੂੰ ਆਫਿਸ ਵਿੱਚ ਬੰਦੂਕ ਦਿਖਾ ਕੇ ਪੈਸੇ ਲੈ ਕੇ ਫਰਾਰ ਹੋ ਗਏ। ਲੁਟੇਰਿਆਂ ਨੇ ਭੱਜਣ ਵੇਲੇ ਦੋ ਗੋਲੀਆਂ ਚਲਾਈਆਂ। ਇਨ੍ਹਾਂ ਵਿੱਚੋਂ ਇੱਕ ਮੁਹੰਮਦ ਸਾਜਿਦ (37) ਨੂੰ ਲੱਗੀ। ਲੁਟੇਰੇ ਇੱਕ ਨੌਜਵਾਨ ਗੋਵਿੰਦਾ ਦੀ ਬਾਈਕ ਲੈ ਕੇ ਫ਼ਰਾਰ ਹੋ ਗਏ। ਦੋ ਬਾਈਕ ਸਵਾਰ ਬਦਮਾਸ਼ ਵੱਖ-ਵੱਖ ਸਾਈਡਾਂ ਵੱਲ ਫ਼ਰਾਰ ਹੋ ਗਏ। ਡੇਰਾਬੱਸੀ ਪੁਲਿਸ ਨੇ ਮਾਮਲੇ ਵਿੱਚ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published.