ਵਾਹਗਿਓ ਪਾਰ: ਕੱਟੜਪੰਥੀਆਂ ਅੱਗੇ ਝੁਕੀ ਇਮਰਾਨ ਸਰਕਾਰ…

ਇਸਲਾਮਾਬਾਦ / ਪਾਕਿਸਤਾਨ ਸਰਕਾਰ ਵੱਲੋਂ ਕੱਟੜਪੰਥੀ ਜਮਾਤ ਤਹਿਰੀਕ-ਇ-ਲਬਾਇਕ (ਟੀ.ਐੱਲ.ਪੀ.) ਪ੍ਰਤੀ ਰੁਖ਼ ਨਰਮ ਕੀਤੇ ਜਾਣ ਮਗਰੋਂ ਦੋਵਾਂ ਧਿਰਾਂ ਦਰਮਿਆਨ ਸਮਝੌਤਾ ਸਿਰੇ ਚੜ੍ਹ ਗਿਆ ਹੈ।

ਦੋਵਾਂ ਧਿਰਾਂ ਨੇ ਸਮਝੌਤੇ ਦੇ ਵੇਰਵੇ ਐਤਵਾਰ ਸ਼ਾਮ ਤੱਕ ਮੀਡੀਆ ਨਾਲ ਸਾਂਝੇ ਨਹੀਂ ਸਨ ਕੀਤੇ। ਤਹਿਰੀਕ ਦੇ ਇਕ ਆਗੂ ਮੁਫ਼ਤੀ ਮੁਨੀਬੁਰ ਰਹਿਮਾਨ ਨੇ ਅੰਗਰੇਜ਼ੀ ਅਖ਼ਬਾਰ ‘ਡਾਅਨ’ ਨੂੰ ਦੱਸਿਆ ਕਿ ‘‘ਢੁਕਵਾਂ ਸਮਾਂ ਆਉਣ ’ਤੇ ਵੇਰਵੇ ਨਸ਼ਰ ਕੀਤੇ ਜਾਣਗੇ।’’ ਇਹ ਸਮਝੌਤਾ ਤਕਰੀਬਨ ਦੋ ਹਫ਼ਤਿਆਂ ਤੋਂ ਚੱਲ ਰਹੀ ਕਸ਼ੀਦਗੀ ਅਤੇ ਹਿੰਸਾ ਤੋਂ ਬਾਅਦ ਸਿਰੇ ਚੜ੍ਹਿਆ ਹੈ। ਹਿੰਸਾ ਵਿਚ ਸੱਤ ਪੁਲੀਸ ਮੁਲਾਜ਼ਮਾਂ ਸਮੇਤ 20 ਤੋਂ ਵੱਧ ਲੋਕ ਮਾਰੇ ਗਏ ਅਤੇ 300 ਦੇ ਕਰੀਬ ਜ਼ਖ਼ਮੀ ਹੋਏ। ਸਮਝੌਤੇ ਦੇ ਬਾਵਜੂਦ ਵਜ਼ੀਰਾਬਾਦ ਵਿਚ ਸਥਿਤੀ ਜਿਉਂ ਦੀ ਤਿਉਂ ਦੱਸੀ ਜਾਂਦੀ ਹੈ। ਟੀ[ਐੱਲ[ਪੀ[ ਦੀ ਲੀਡਰਸ਼ਿਪ ਨੇ ਉੱਥੇ ਡੇਰਾ ਲਾਈ ਬੈਠੇ ਆਪਣੇ ਹਮਾਇਤੀਆਂ ਨੂੰ ਘਰ ਵਾਪਸੀ ਲਈ ਹਰੀ ਝੰਡੀ ਨਹੀਂ ਦਿੱਤੀ। ਅਖ਼ਬਾਰ ‘ਐਕਸਪ੍ਰੈਸ ਟ੍ਰਿਬਊਨ’ ਅਨੁਸਾਰ ਸਮਝੌਤੇ ਅਧੀਨ ਟੀ[ਐੱਲ[ਪੀ[ ਨੂੰ ਦਹਿਸ਼ਤੀ ਨਹੀਂ, ਖਾੜਕੂ ਜਮਾਤ ਮੰਨਿਆ ਜਾਵੇਗਾ। ਸਮਝੌਤੇ ਦੀਆਂ ਮੱਦਾਂ ਲਾਗੂ ਕਰਵਾਉਣ ਲਈ 12 ਮੈਂਬਰੀ ਸਾਂਝੀ ਕਮੇਟੀ ਕਾਇਮ ਕੀਤੀ ਗਈ ਹੈ ਜਿਸ ਦੀ ਅਗਵਾਈ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਲੀ ਮੁਹੰਮਦ ਖ਼ਾਨ ਕਰਨਗੇ।

ਟੀ.ਐੱਲ.ਪੀ. ਨੇ 9 ਦਿਨ ਪਹਿਲਾਂ ਲਾਹੌਰ ਤੋਂ ਇਸਲਾਮਾਬਾਦ ਵੱਲ ਲੰਮਾ ਮਾਰਚ ਆਰੰਭਿਆ ਸੀ। ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਤਿੰਨ ਦਿਨ ਹਿੰਸਾ ਦਾ ਦੌਰ-ਦੌਰਾ ਚਲਦਾ ਰਿਹਾ ਸੀ। ਇਮਰਾਨ ਖ਼ਾਨ ਸਰਕਾਰ ਦਾ ਇਸ ਮਾਰਚ ਪ੍ਰਤੀ ਰੁਖ਼ ਕਦੇ ਸਖ਼ਤੀ ਤੇ ਕਦੇ ਨਰਮੀ ਵਾਲਾ ਰਿਹਾ। ਅਜਿਹੇ ਰੁਖ਼ ਦੇ ਬਾਵਜੂਦ ਮਾਰਚ, ਸ਼ੁੱਕਰਵਾਰ ਨੂੰ ਵਜ਼ੀਰਾਬਾਦ ਪੁੱਜ ਗਿਆ ਜੋ ਲਾਹੌਰ ਤੋਂ 199 ਕਿਲੋਮੀਟਰ ਦੀ ਦੂਰੀ ’ਤੇ ਹੈ। ਸ਼ਨਿੱਚਰਵਾਰ ਨੂੰ ਸਰਕਾਰ ਨੇ ਗੱਲਬਾਤ ਦੀ ਪੇਸ਼ਕਸ਼ ਕੀਤੀ। ਗੱਲਬਾਤ ਦੋ ਦਿਨ ਚੱਲੀ ਅਤੇ ਬੈਠਕਾਂ ਤੇ ਸੌਦੇਬਾਜ਼ੀਆਂ ਨੇ 12 ਘੰਟੇ ਤੋਂ ਵੱਧ ਸਮਾਂ ਲਿਆ। ਟੀ[ਐੱਲ[ਪੀ[ ਦਾ ਵਫ਼ਦ ਤਹਿਰੀਕ ਦੇ ਮੁਖੀ, ਸਾਦ ਹੁਸੈਨ ਰਿਜ਼ਵੀ ਅਤੇ ਇਕ ਹੋਰ ਅਹਿਮ ਆਗੂ ਮੁਫ਼ਤੀ ਵਜ਼ੀਰ ਅਲੀ ਦੀ ਰਿਹਾਈ ਦੀ ਮੰਗ ’ਤੇ ਅੜਿਆ ਰਿਹਾ। ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਇਹ ਮੰਗ ਰੱਦ ਕਰ ਦਿੱਤੀ। ਬਾਅਦ ਵਿਚ ਕੀ ਵਾਪਰਿਆ, ਇਹ ਅਜੇ ਸਪਸ਼ਟ ਨਹੀਂ। ਸ਼ਨਿੱਚਰਵਾਰ ਨੂੰ ਵਜ਼ੀਰੇ ਆਜ਼ਮ ਨੇ ਇਸੇ ਸਬੰਧ ਵਿਚ ਉਲੇਮਾਵਾਂ ਤੇ ਇਸਲਾਮੀ ਵਿਦਵਾਨਾਂ ਦੇ ਇਕ ਵਫ਼ਦ ਨਾਲ ਮੀਟਿੰਗ ਕਰਕੇ ਸਰਕਾਰ ਦਾ ਪੱਖ ਪੇਸ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਹਜ਼ਰਤ ਮੁਹੰਮਦ ਸਾਹਿਬ ਅਤੇ ਇਸਲਾਮ ਦੀ ਬੇਅਦਬੀ ਕਰਨ ਵਾਲਿਆਂ ਦੇ ਉਹ ਸਖ਼ਤ ਖਿਲਾਫ਼ ਹਨ।

ਪਾਕਿਸਤਾਨ ਸਰਕਾਰ ਕੌਮਾਂਤਰੀ ਮੰਚਾਂ ’ਤੇ ਇਹ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਉਂਦੀ ਆਈ ਹੈ ਕਿ ਉਦਾਰਵਾਦੀ ਅਸੂਲਾਂ ਜਾਂ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ’ਤੇ ਕਿਸੇ ਵੀ ਧਰਮ ਜਾਂ ਅੱਲ੍ਹਾ ਦੇ ਕਿਸੇ ਵੀ ਰਸੂਲ ਦੀ ਤੌਹੀਨ ਨਹੀਂ ਕੀਤੀ ਜਾਣੀ ਚਾਹੀਦੀ। ਇਸ ਸਟੈਂਡ ਦੇ ਬਾਵਜੂਦ ਜੇਕਰ ਕੁਝ ਮੁਲਕ ਅਜਿਹਾ ਕੀਤੇ ਜਾਣ ਦੀ ਖੁੱਲ੍ਹ ਦਿੰਦੇ ਹਨ ਤਾਂ ਇਸ ਦਾ ਕਸੂਰ ਪਾਕਿਸਤਾਨੀਆਂ ਵੱਲੋਂ ਹੀ ਆਪਣੇ ਮੁਲਕ ਦੀ ਸਰਕਾਰ ’ਤੇ ਨਹੀਂ ਮੜ੍ਹਿਆ ਜਾਣਾ ਚਾਹੀਦਾ। ਇੱਥੇ ਜ਼ਿਕਰਯੋਗ ਹੈ ਕਿ ਤਹਿਰੀਕ-ਇ-ਲਬਾਇਕ, ਸ਼ਰਲੀ ਅਬਦੋ ਕਾਂਡ ਦੇ ਪ੍ਰਸੰਗ ਵਿਚ ਫਰਾਂਸ ਸਰਕਾਰ ਖਿਲਾਫ਼ ਲਾਮਬੰਦੀ ਦਾ ਸੱਦਾ ਦਿੰਦੀ ਆਈ ਹੈ। ਉਸ ਦੀ ਮੁੱਖ ਮੰਗ ਸੀ ਕਿ ਪਾਕਿਸਤਾਨ ਸਰਕਾਰ ਫਰਾਂਸ ਦੇ ਸਫ਼ੀਰ ਨੂੰ ਖਾਰਿਜ ਕਰੇ ਅਤੇ ਉਸ ਮੁਲਕ ਨਾਲ ਆਪਣੇ ਤੁਆਲੁੱਕਾਤ ਖ਼ਤਮ ਕਰ ਦੇਵੇ। ਉਸ ਵੱਲੋਂ ਦਿੱਤੇ ਅਲਟੀਮੇਟਮ ਦੀ ਮਿਆਦ ਖ਼ਤਮ ਹੋਣ ’ਤੇ ਉਸ ਨੇ ਇਸਲਾਮਾਬਾਦ ਵੱਲ ਮਾਰਚ ਕਰਨ ਅਤੇ ਉੱਥੇ ਸਥਿਤ ਫਰਾਂਸੀਸੀ ਦੂਤਘਰ ਜਬਰੀ ਬੰਦ ਕਰਵਾਉਣ ਦਾ ਐਲਾਨ ਕੀਤਾ। ਇਸ ਐਲਾਨ ਉੱਤੇ ਅਮਲ ਦੌਰਾਨ ਕੱਟੜਪੰਥੀ, ਸੂਬਾ ਪੰਜਾਬ ਦੀ ਪੁਲੀਸ ਨਾਲ ਕਈ ਥਾਵਾਂ ’ਤੇ ਭਿੜ ਚੁੱਕੇ ਸਨ।

ਦਿਵਆਂਗ ਨੂੰ ਜ਼ਿੰਦਾ ਜਲਾਇਆ ਮਿਆਰੀ ਖੱਦਰ ਤੇ ਖੇਸਾਂ ਲਈ ਮਸ਼ਹੂਰ ਜ਼ਿਲ੍ਹੇ ਚਾਰਸੱਦਾ (ਸੂਬਾ ਖ਼ੈਬਰ ਪਖ਼ਤੂਖ਼ਵਾ) ਦੀ ਪੁਲੀਸ ਨੇ ਸ਼ਨਿੱਚਰਵਾਰ ਨੂੰ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਉੱਪਰ ਇਕ ਦਿਵਯਾਂਗ ਨੂੰ ਜ਼ਿੰਦਾ ਜਲਾਉਣ ਦਾ ਦੋਸ਼ ਹੈ। ਅੰਗਰੇਜ਼ੀ ਅਖ਼ਬਾਰ ‘ਪਾਕਿਸਤਾਨ ਆਬਜ਼ਰਵਰ’ ਦੀ ਰਿਪੋਰਟ ਮੁਤਾਬਕ 13 ਗ੍ਰਿਫ਼ਤਾਰਾਂ ਦੇ ਸਕੇ-ਸਬੰਧੀਆਂ ਤੇ ਹੋਰ ਲੋਕਾਂ ਨੇ ਪੁਲੀਸ ਦੀ ਕਾਰਵਾਈ ਖ਼ਿਲਾਫ਼ ਚਾਰਸੱਦਾ ਸ਼ਹਿਰ ਦੇ ਫਾਰੂਕ ਆਜ਼ਮ ਚੌਕ ’ਤੇ ਰੋਸ ਧਰਨਾ ਸ਼ੁਰੂ ਕਰ ਦਿੱਤਾ ਜੋ ਕਿ ਐਤਵਾਰ ਨੂੰ ਵੀ ਜਾਰੀ ਸੀ। ਦਿਵਯਾਂਗ ਵਿਅਕਤੀ ਦਾ ਨਾਮ ਸੁਲੇਮਾਨ ਉਰਫ਼ ਮਲੰਗ ਜਾਨ ਸੀ। ਉਸ ਉਪਰ ਹਮਲਾ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਉਸ ਨੇ 21 ਵਰ੍ਹਿਆਂ ਦੇ ਨੌਜਵਾਨ ਸ਼ਾਹਸਵਾਰ ਦਾ ਗੋਲੀ ਮਾਰ ਕੇ ਕਤਲ ਕੀਤਾ। ਸੁਲੇਮਾਨ ਨੂੰ ਸ਼ੱਕ ਸੀ ਕਿ ਸ਼ਾਹਸਵਾਰ ਨੇ ਉਸ ਦੀ ਬੱਕਰੀ ਚੁਰਾਈ। ਇਸ ਗੱਲੋਂ ਦੋਵਾਂ ਦਰਮਿਆਨ ਤਲਖ਼ਕਲਾਮੀ ਵੀ ਹੋਈ ਸੀ।ਪੁਲੀਸ ਦੇ ਦੱਸਣ ਮੁਤਾਬਿਕ ਸ਼ਾਹਸਵਾਰ ਦੇ ਸਕੇ-ਸਬੰਧੀਆਂ ਤੇ ਕਰੀਬੀਆਂ ਨੇ ਪਹਿਲਾਂ ਸਿਟੀ ਪੁਲੀਸ ਥਾਣੇ ਦੇ ਬਾਹਰ ਧਰਨਾ ਦਿੱਤਾ ਅਤੇ ਫਿਰ ਇਕ ਹਜੂਮ ਦੀ ਸ਼ਕਲ ’ਚ ਸੁਲੇਮਾਨ ਦੇ ਘਰ ਵੱਲ ਹੋ ਤੁਰੇ। ਉੱਥੇ ਜਾ ਕੇ ਉਨ੍ਹਾਂ ਨੇ ਘਰ ਨੂੰ ਅੱਗ ਲਾ ਦਿੱਤੀ। ਸੁਲੇਮਾਨ ਉਸ ਸਮੇਂ ਘਰ ਦੇ ਚੁਬਾਰੇ ਵਿਚ ਸੀ।

ਹਜੂਮੀਆਂ ਨੇ ਗੁਆਂਢ ਪੈਂਦੇ ਘਰ ਤੋਂ ਚੁਬਾਰੇ ’ਤੇ ਚੜ੍ਹ ਕੇ ਸੁਲੇਮਾਨ ਨੂੰ ਉਸ ਦੀ ਵੀਲ੍ਹ-ਚੇਅਰ ਸਮੇਤ ਅੱਗ ਵਿਚ ਸੁੱਟ ਦਿੱਤਾ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਉਸ ਦੀ ਮਾਂ ਵੀ ਝੁਲਸ ਗਈ, ਪਰ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਗਈ ਹੈ। ਘਟਨਾ ਦੀਆਂ ਵੀਡੀEਜ਼ ਵਾਇਰਲ ਹੋਣ ਮਗਰੋਂ ਪੁਲੀਸ ਹਰਕਤ ਵਿਚ ਆਈ। ਪੁਲੀਸ ਵੱਲੋਂ ਗ੍ਰਿਫ਼ਤਾਰੀਆਂ ਕੀਤੇ ਜਾਣ ਤੋਂ ਬਾਅਦ ਗ੍ਰਿਫ਼ਤਾਰਾਂ ਦੇ ਪਰਿਵਾਰ, ਰਿਸ਼ਤੇਦਾਰ ਤੇ ਹੋਰ ਕਰੀਬੀ ਇਕੱਠੇ ਹੋ ਗਏ ਅਤੇ ਪੁਲੀਸ ਖਿਲਾਫ਼ ਡਟ ਗਏ। ਉਨ੍ਹਾਂ ਨੇ ਚਾਰਸੱਦਾ ਨੇੜਿਓ ਲੰਘਦਾ ਕੌਮੀ ਸ਼ਾਹਰਾਹ ਠੱਪ ਕਰ ਦਿੱਤਾ। ਉਨ੍ਹਾਂ ਨੂੰ ਇਹ ਰੋਸ ਹੈ ਕਿ ਇਕ ਤਾਂ ਉਨ੍ਹਾਂ ਦਾ ਨੌਜਵਾਨ ਮੁੰਡਾ ਕਤਲ ਕਰ ਦਿੱਤਾ ਗਿਆ ਅਤੇ ਉਪਰੋਂ ਪੁਲੀਸ ਨੇ ਉਨ੍ਹਾਂ ਦੀ ਧਿਰ ਦੇ 13 ਜੀਆਂ ਉੱਤੇ ਦਹਿਸ਼ਤਵਾਦੀ ਹਿੰਸਾ ਦਾ ਮੁਕੱਦਮਾ ਪਾ ਦਿੱਤਾ। ਅਜਿਹਾ ਕਰ ਕੇ ਉਨ੍ਹਾਂ ਨਾਲ ਦੋਹਰੀ ਵਧੀਕੀ ਕੀਤੀ ਗਈ। ਇਸ ਸਮੁੱਚੇ ਘਟਨਾਕ੍ਰਮ ਦੀ ਪੱਛਮੀ ਮੀਡੀਆ ਵਿਚ ਚਰਚਾ ਹੋਣ ਮਗਰੋਂ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਸੂਬਾ ਖ਼ੈਬਰ ਪਖਤੂਨਖ਼ਵਾ ਦੇ ਮੁੱਖ ਮੰਤਰੀ ਮੁਹੰਮਦ ਖ਼ਾਨ ਤੋਂ ਰਿਪਰੋਟ ਤਲਬ ਕਰ ਲਈ ਹੈ। ਇਮਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਦਾ ਅਕਸ ਵਿਗਾੜਨ ਵਾਲੀ ਇਸ ਘਟਨਾ ਦੀ ਪੜਤਾਲ ਵਿਚ ਢਿੱਲ-ਮੱਠ ਜਾਂ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਪੈਟਰੋਲ-ਡੀਜ਼ਲ: ਵਾਧਾ ਰੁਕਿਆ ਪੈਟਰੋਲ ਦੀ ਕੀਮਤ 11.53 ਰੁਪਏ ਅਤੇ ਹਾਈ ਸਪੀਡ ਡੀਜ਼ਲ ਦਾ ਰੇਟ 8[49 ਰੁਪਏ ਪਹਿਲੀ ਨਵੰਬਰ ਤੋਂ ਵਧਾਉਣ ਦੀ ਤਜਵੀਜ਼ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਰੱਦ ਕਰ ਦਿੱਤੀ ਹੈ। ਅਖ਼ਬਾਰ ‘ਪਾਕਿਸਤਾਨ ਟੂਡੇ’ ਦੀ ਰਿਪੋਰਟ ਅਨੁਸਾਰ ਵਜ਼ੀਰੇ ਆਜ਼ਮ ਨੇ ਸਪਸ਼ਟ ਕੀਤਾ ਹੈ ਕਿ ਪੈਟਰੋਲ-ਡੀਜ਼ਲ ਦੇ ਭਾਅ ਫਿਲਹਾਲ ਹੋਰ ਨਹੀਂ ਵਧਾਏ ਜਾਣਗੇ। ਜ਼ਿਕਰਯੋਗ ਹੈ ਕਿ ਕੌਮਾਂਤਰੀ ਮੰਡੀ ਵਿਚ ਕੱਚੇ ਤੇਲ ਦਾ ਭਾਅ 83 ਡਾਲਰ ਫ਼ੀ ਬੈਰਲ ਤੋਂ ਵੱਧ ਰਹਿਣ ਕਾਰਨ ਤੇਲ ਵੰਡਣ ਵਾਲੀਆਂ ਸਰਕਾਰੀ ਕੰਪਨੀਆਂ ਦੀ ਕਮੇਟੀ (Eਗਰਾ) ਨੇ ਪੈਟਰੋ ਪਦਾਰਥਾਂ ਦੀਆਂ ਪਰਚੂਨ ਕੀਮਤਾਂ ਹੋਰ ਵਧਾਉਣ ਦਾ ਪ੍ਰਸਤਾਵ ਵਜ਼ੀਰੇ ਆਜ਼ਮ ਕੋਲ ਭੇਜਿਆ ਸੀ। ਪਰ ਸਰਕਾਰ ਅਜੇ 15 ਦਿਨ ਪਹਿਲਾਂ ਕੀਤੇ ਗਏ ਵਾਧੇ ਤੋਂ ਉਪਜੀ ਆਲੋਚਨਾ ਤੇ ਇਸ ਨਾਲ ਵਜ਼ੀਰੇ ਆਜ਼ਮ ਦੇ ਅਕਸ ਨੂੰ ਲੱਗੀ ਢਾਹ ਤੋਂ ਹੀ ਫ਼ਿਕਰਮੰਦ ਹੈ। ਉਹ ਨਹੀਂ ਚਾਹੁੰਦੀ ਕਿ ਉਸ ਉਪਰ ਮਹਿੰਗਾਈ ਹੋਰ ਵਧਾਉਣ ਵਰਗੇ ਦੋਸ਼ ਲੱਗਣ। ਇਸੇ ਲਈ ਉਸ ਨੇ ‘Eਗਰਾ’ ਦੇ ਪ੍ਰਸਤਾਵ ਨੂੰ ਹਾਲ ਦੀ ਘੜੀ ਠੰਢੇ ਬਸਤੇ ਵਿਚ ਪਾਉਣਾ ਮੁਨਾਸਿਬ ਸਮਝਿਆ ਹੈ।

Leave a Reply

Your email address will not be published. Required fields are marked *