ਸ੍ਰੀਨਗਰ / ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੂਲਾ ਦੇ ਸੋਪੋਰ ਇਲਾਕੇ ‘ਚ ਸੁਰੱਖਿਆ ਬਲਾਂ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦ ਉਨ੍ਹਾਂ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ ਇਨਾਮੀ ਕਮਾਂਡਰ ਮੁਦਾਸਿਰ ਪੰਡਤ, ਇਕ ਪਾਕਿਸਤਾਨੀ ਤੇ ਸਥਾਨਕ ਅੱਤਵਾਦੀ ਨੂੰ ਹਲਾਕ ਕਰ ਦਿਤਾ।
ਇਹ ਗਰੁੱਪ ਸੋਪੋਰ ਵਿਖੇ ਕਈ ਹੱਤਿਆਵਾਂ ਲਈ ਜ਼ਿੰਮੇਵਾਰ ਸੀ। ਸ੍ਰੀਨਗਰ ਦੇ ਪੁਲਿਸ ਕੰਟਰੋਲ ਰੂਮ (ਪੀ.ਸੀ.ਆਰ.) ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਦਿਲਬਾਗ ਸਿੰਘ ਨੇ ਦੱਸਿਆ ਕਿ ਇਕ ਪੱਕੀ ਸੂਚਨਾ ‘ਤੇ ਐਤਵਾਰ ਦੇਰ ਰਾਤ 11.45 ਵਜੇ ਸੋਪੋਰ ਦੇ ਗੁੰਡ ਭਰਾਥ ਕਲਾਂ ਇਲਾਕੇ ਦੇ ਤਾਂਤਰੇਪੋਰਾ ਮੁਹੱਲੇ ‘ਚ ਸਾਂਝੀ ਕਾਰਵਾਈ ਦੌਰਾਨ 22 ਆਰ.ਆਰ., ਐਸ.ਉ.ਜੀ. (ਪੁਲਿਸ ) ਅਤੇ 179 ਬਟਾਲੀਅਨ ਸੀ. ਆਰ. ਪੀ. ਐਫ. ਨੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਦਾ ਸਿਲਸਿਲਾ ਸ਼ੁਰੂ ਕੀਤਾ, ਜਦ ਸੁਰੱਖਿਆ ਬਲ ਉਸ ਮਕਾਨ ਦੇ ਨੇੜੇ ਪਹੁੰਚੇ, ਜਿੱਥੇ ਅੱਤਵਾਦੀ ਲੁਕੇ ਸਨ ਤੇ ਉਨ੍ਹਾਂ ਨੇ ਫਰਾਰ ਹੋਣ ਲਈ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਇਨ੍ਹਾਂ ਨੂੰ ਆਤਮ ਸਮਰਪਣ ਕਰਨ ਦਾ ਮੌਕਾ ਵੀ ਦਿੱਤਾ ਪਰ ਉਨ੍ਹਾਂ ਨੇ ਗੋਲੀਬਾਰੀ ਜਾਰੀ ਰੱਖੀ। ਸਵੇਰ ਹੋਣ ਤੱਕ ਦੋਪਾਸੜ ਗੋਲੀਬਾਰੀ ਦੌਰਾਨ ਤਿੰਨੋਂ ਅੱਤਵਾਦੀ ਮਾਰੇ ਗਏ।
ਪੁਲਿਸ ਨੇ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਮੁਦਾਸਿਰ ਪੰਡਤ ਉਰਫ ਉਮਰ ਉਰਫ ਮਾਸ ਭਾਈ ਵਾਸੀ ਡਾਂਗਰਪੋਰਾ ਸੋਪੋਰ ਵਜੋਂ ਕੀਤੀ ਹੈ, ਇਸ ਦੇ ਸਿਰ ‘ਤੇ 10 ਲੱਖ ਰੁਪਏ ਦਾ ਇਨਾਮ ਸੀ। ਮਾਰੇ ਗਏ ਪਾਕਿਸਤਾਨੀ ਅੱਤਵਾਦੀ ਦੀ ਪਛਾਣ ਅਬਦੁੱਲਾ ਉਰਫ ਅਸਰਾਰ ਵਜੋਂ ਹੋਈ ਹੈ, ਜਿਹੜਾ ਪੰਡਤ ਨਾਲ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਸੀ। ਇਹ 2018 ਤੋਂ ਉੱਤਰੀ ਕਸ਼ਮੀਰ ‘ਚ ਸਰਗਰਮ ਸੀ। ਸਥਾਨਕ ਅੱਤਵਾਦੀ ਦੀ ਪਛਾਣ ਖੁਰਸ਼ੀਦ ਮੀਰ ਵਾਸੀ ਭਰਾਥ ਕਲਾਂ ਸੋਪੋਰ ਵਜੋਂ ਹੋਈ ਹੈ ਇਹ 2020 ਤੋਂ ਸਰਗਰਮ ਸੀ ਤੇ 6 ਮਾਮਲਿਆਂ ‘ਚ ਲੋੜਵੰਦ ਸੀ। ਇਹ 7 ਸੁਰੱਖਿਆ ਕਰਮੀਆਂ, 5 ਨਾਗਰਿਕਾਂ ਦੀਆਂ ਹੱਤਿਆਵਾਂ ‘ਚ ਸ਼ਾਮਿਲ ਸੀ ਅਤੇ ਦੋ ਗ੍ਰਨੇਡ ਹਮਲਿਆਂ ਲਈ ਜ਼ਿੰਮੇਵਾਰ ਸੀ। ਤਿੰਨੋਂ ਅੱਤਵਾਦੀਆਂ ਦਾ ਗਰੁੱਪ ਸੋਪੋਰ ‘ਚ 2 ਵੱਡੇ ਹਮਲਿਆਂ ‘ਚ ਵੀ ਸ਼ਾਮਿਲ ਸੀ। ਪਹਿਲਾ ਹਮਲਾ 29 ਮਾਰਚ ਨੂੰ ਕੀਤਾ ਗਿਆ ਸੀ, ਜਿਸ ‘ਚ ਦੋ ਕੌਂਸਲਰ ਅਤੇ ਇਕ ਪੁਲਿਸ ਕਰਮੀ ਮਾਰੇ ਗਏ ਸਨ, ਜਦਕਿ ਦੂਜਾ ਹਮਲਾ 12 ਜੂਨ ਨੂੰ ਕੀਤਾ ਗਿਆ ਸੀ, ਜਿਸ ‘ਚ 2 ਪੁਲਿਸ ਕਰਮੀ ਅਤੇ 2 ਨਾਗਰਿਕ ਮਾਰੇ ਗਏ ਸਨ।
ਮਾਰੇ ਗਏ ਅੱਤਵਾਦੀਆਂ ਦੇ ਕਬਜ਼ੇ ‘ਚੋਂ 2 ਏ.ਕੇ. 47, ਇਕ ਏ.ਕੇ. 56 ਰਾਇਫਲਾਂ, 1 ਪਿਸਤੌਲ, 9 ਏ.ਕੇ. ਮੈਗਜ਼ੀਨ, 77 ਏ.ਕੇ. ਰੌਂਦ, 1 ਗ੍ਰਨੇਡ ਦੇ ਇਲਾਵਾ ਭਾਰੀ ਅਸਲ੍ਹਾ ਬਰਾਮਦ ਕੀਤਾ ਗਿਆ। ਡੀ.ਜੀ.ਪੀ. ਦਿਲਬਾਗ ਸਿੰਘ ਨੇ ਦੱਸਿਆ ਕਿ ਇਸ ਸਾਲ ਸਿਰਫ 2 ਵਿਦੇਸ਼ੀ ਅੱਤਵਾਦੀ ਮਾਰੇ ਗਏ ਹਨ ਤੇ ਉਹ ਦੋਵੇਂ ਸੋਪੋਰ ‘ਚ ਹੀ ਮਾਰੇ ਗਏ। ਉਨ੍ਹਾਂ ਕਿਹਾ ਕਿ ਇਸ ਦਾ ਇਹ ਮਤਲਬ ਨਹੀਂ ਕਿ ਵਾਦੀ ‘ਚ ਵਿਦੇਸ਼ੀ ਅੱਤਵਾਦੀ ਮੌਜੂਦ ਨਹੀਂ। ਇਹ ਚੰਗੀ ਗਿਣਤੀ ‘ਚ ਮੌਜੂਦ ਹਨ ਪਰ ਇਹ ਆਪਣੇ-ਆਪ ਨੂੰ ਘੱਟ ਜ਼ਾਹਰ ਕਰਦੇ ਹਨ। ਸ੍ਰੀਨਗਰ ਵਿਖੇ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਉਨ੍ਹਾਂ ਦੱਸਿਆ ਕਿ ਸ੍ਰੀਨਗਰ ਦੇ ਨੇੜਲੇ ਜ਼ਿਲ੍ਹਿਆਂ ‘ਚ ਇਨ੍ਹਾਂ ਦੇ ਘੁੰਮਣ ਦੀ ਪੁਲਿਸ ਨੂੰ ਸੂਚਨਾ ਮਿਲਦੀ ਰਹਿੰਦੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਫ਼ੌਜ ਦੇ ਮੇਜਰ ਜਨਰਲ ਐਚ.ਐਸ. ਸਾਹੀ ਅਤੇ ਆਈ.ਜੀ. ਪੁਲਿਸ ਵਿਜੇ ਕੁਮਾਰ ਵੀ ਮੌਜੂਦ ਸਨ।
9 ਸੈਨਿਕਾਂ ਸਮੇਤ 20 ਲੋਕਾਂ ਦੀਆਂ ਹੱਤਿਆਵਾਂ ‘ਚ ਸ਼ਾਮਿਲ ਸੀ ਮੁਦਾਸਿਰ ਪੰਡਤ ਡੀ.ਜੀ.ਪੀ. ਅਨੁਸਾਰ ਮੁਦਾਸਿਰ ਪੰਡਤ 9 ਸੁਰੱਖਿਆ ਕਰਮੀਆਂ, 4 ਨਾਗਰਿਕਾਂ, 2 ਸਾਬਕਾ ਅੱਤਵਾਦੀਆਂ, 3 ਸਰਪੰਚਾਂ ਅਤੇ 2 ਹੋਰਾਂ ਦੀਆਂ ਹੱਤਿਆਵਾਂ ‘ਚ ਸ਼ਾਮਿਲ ਸੀ ਅਤੇ ਉਸ ਖ਼ਿਲਾਫ਼ 18 ਐਫ.ਆਈ.ਆਰ. ਦਰਜ ਸਨ।