ਲਖੀਮਪੁਰ ਖੀਰੀ ਘਟਨਾ ਨਾਲ ਕਿਸਾਨ ਅੰਦੋਲਨ ਅਹਿਮ ਮੋੜ ‘ਤੇ

Home » Blog » ਲਖੀਮਪੁਰ ਖੀਰੀ ਘਟਨਾ ਨਾਲ ਕਿਸਾਨ ਅੰਦੋਲਨ ਅਹਿਮ ਮੋੜ ‘ਤੇ
ਲਖੀਮਪੁਰ ਖੀਰੀ ਘਟਨਾ ਨਾਲ ਕਿਸਾਨ ਅੰਦੋਲਨ ਅਹਿਮ ਮੋੜ ‘ਤੇ

ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਪਿਛਲੇ 10 ਮਹੀਨਿਆਂ ਤੋਂ ਘਰ-ਬਾਰ ਛੱਡ ਕੇ ਸੜਕਾਂ ਉਤੇ ਬੈਠੇ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਥਾਂ ਕੇਂਦਰ ਤੇ ਭਾਜਪਾ ਦੀ ਅਗਵਾਈ ਵਾਲੀਆਂ ਸੂਬਾ ਸਰਕਾਰ ਹੁਣ ਟਕਰਾਅ ਵਾਲਾ ਮਾਹੌਲ ਬਣਾਉਣ ਦੀ ਰਣਨੀਤੀ ਉਤੇ ਉਤਰ ਆਈਆਂ ਹਨ।

ਉਧਰ, ਇਸ ਘਟਨਾ ਨਾਲ ਕਿਸਾਨ ਅੰਦੋਲਨ ਅਤੇ ਸਮੁੱਚੇ ਮੁਲਕ ਦੀ ਸਿਆਸਤ ਇਕ ਅਹਿਮ ਮੋੜ ‘ਤੇ ਪਹੁੰਚ ਗਏ ਹਨ। ਹੁਣ ਵੱਖ-ਵੱਖ ਧਿਰਾਂ ਵਿਚਕਾਰ ਨਵੇਂ ਸਿਰਿਓਂ ਸਫਬੰਦੀ ਆਰੰਭ ਹੋ ਗਈ ਹੈ। ਇਥੇ ਆਪਣੇ ਹੱਕਾਂ ਲਈ ਸ਼ਾਂਤੀ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਮੁੰਡੇ ਆਸ਼ੀਸ਼ ਮਿਸ਼ਰਾ ਨੇ ਆਪਣੇ ਕਾਰਾਂ ਦੇ ਕਾਫਲੇ ਹੇਠ ਦਰੜ ਦਿੱਤਾ। ਇਸ ਕਤਲਕਾਂਡ ਵਿਚ 4 ਕਿਸਾਨਾਂ ਅਤੇ ਇਕ ਪੱਤਰਕਾਰ ਦੀ ਮੌਤ ਹੋ ਗਈ ਜਦ ਕਿ ਦਰਜਨ ਤੋਂ ਵੱਧ ਲੋਕਾਂ ਦੀਆਂ ਲੱਤਾਂ-ਬਾਹਾਂ ਟੁੱਟ ਗਈਆਂ। ਅਜੈ ਮਿਸ਼ਰਾ ਨੇ ਇਸ ਘਟਨਾ ਤੋਂ ਹਫਤਾ ਪਹਿਲਾਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਨੂੰ ਗੈਰਜ਼ਰੂਰੀ ਦੱਸਦਿਆਂ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ‘ਸੁਧਰ ਜਾਣ, ਨਹੀਂ ਤਾਂ ਉਹ ਉਨ੍ਹਾਂ ਨੂੰ ‘ਦੋ ਮਿੰਟਾਂ ਵਿਚ ਸੁਧਾਰ ਦੇਵੇਗਾ। ਉਸ ਨੇ ਇਹ ਵੀ ਕਿਹਾ ਸੀ ਕਿ ਉਹ ਕੇਵਲ ਕੇਂਦਰੀ ਮੰਤਰੀ ਜਾਂ ਲੋਕ ਸਭਾ ਦਾ ਮੈਂਬਰ ਨਹੀਂ ਹੈ ਸਗੋਂ ‘ਕੁਝ ਹੋਰ ਵੀ ਹੈ। ਕਿਸਾਨਾਂ ਵਿਚ ਇਸ ਬਿਆਨ ਕਾਰਨ ਭਾਰੀ ਰੋਸ ਸੀ। ਉਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੌਰਿਆ ਦਾ ਉਸ ਇਲਾਕੇ ਵਿਚ ਦੌਰਾ ਸੀ ਤੇ ਕਿਸਾਨ ਤਿਕੁਨੀਆ-ਬਨਬੀਰਪੁਰ ਮਾਰਗਤੇ ਇਸ ਦੌਰੇ ਦਾ ਵਿਰੋਧ ਕਰ ਰਹੇ ਸਨ ਜਦ ਦਨਦਨਾਉਂਦੀਆਂ ਕਾਰਾਂ/ਗੱਡੀਆਂ ਉਨ੍ਹਾਂ ਤੇ ਚੜ੍ਹ ਗਈਆਂ।

ਅਜੈ ਮਿਸ਼ਰਾ ਨੇ ਇਸ ਘਟਨਾ ਤੋਂ ਤੁਰਤ ਬਾਅਦ ਦਾਅਵਾ ਕਰ ਦਿੱਤਾ ਕਿ ਕਿਸਾਨਾਂ ਨੇ ਭਾਜਪਾ ਆਗੂਆਂ ਦੇ ਕਾਫਲੇ ਉਤੇ ਪੱਥਰਾਓ ਕੀਤਾ ਸੀ ਜਿਸ ਕਾਰਨ ਗੱਡੀਆਂ ਪਲਟ ਗਈਆਂ ਤੇ ਹਾਦਸਾ ਵਾਪਰ ਗਿਆ। ਇਸ ਪਿੱਛੋਂ ਵੱਡੀ ਗਿਣਤੀ ਟੀ.ਵੀ. ਚੈਨਲਾਂ ਨੇ ਵੀ ਸਾਰਾ ਦੋਸ਼ ਕਿਸਾਨਾਂ ਸਿਰ ਮੜ੍ਹ ਦਿੱਤਾ ਪਰ ਅਗਲੇ ਦਿਨ ਇਸ ਘਟਨਾ ਦੀ ਵਾਇਰਲ ਹੋਈ ਵੀਡੀਓ ਨੇ ਸਾਰਾ ਸੱਚ ਸਾਹਮਣੇ ਲਿਆ ਦਿੱਤਾ। ਵੀਡੀਓ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਕਿਸਾਨ ਮੰਤਰੀ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਸ਼ਾਂਤੀਪੂਰਨ ਵਾਪਸ ਪਰਤ ਰਹੇ ਸਨ ਤੇ ਅਚਾਨਕ ਪਿੱਛੋਂ ਆਈਆਂ ਕੁਝ ਗੱਡੀਆਂ ਉਨ੍ਹਾਂ ਨੂੰ ਦਰੜਦੀਆਂ ਤੇਜ਼ੀ ਨਾਲ ਲੰਘ ਗਈਆਂ। ਕੁਝ ਦੂਰੀ ਉਤੇ ਕਿਸਾਨਾਂ ਨੇ ਗੱਡੀਆਂ ਨੂੰ ਘੇਰ ਲਿਆ ਤੇ ਆਸ਼ੀਸ਼ ਮਿਸ਼ਰਾ ਦੇ ਡਰਾਇਵਰ ਤੇ ਦੋ ਭਾਜਪਾ ਆਗੂਆਂ ਨੂੰ ਕੁੱਟ-ਕੁੱਟ ਮਾਰ ਮੁਕਾਇਆ। ਹਾਲਾਂਕਿ ਗੱਡੀਆਂ ਵਿਚ ਸਵਾਰ ਕੁਝ ਲੋਕ ਭੱਜਣ ਵਿਚ ਸਫਲ ਰਹੇ। ਇਨ੍ਹਾਂ ਵਿਚ ਆਸ਼ੀਸ਼ ਮਿਸ਼ਰਾ ਵੀ ਦੱਸਿਆ ਜਾ ਰਿਹਾ ਹੈ।

ਇਸ ਕਤਲਕਾਂਡ ਪਿੱਛੋਂ ਕਿਸਾਨਾਂ ਵਿਚ ਰੋਹ ਭੜਕ ਗਿਆ ਤੇ ਪੂਰੇ ਮੁਲਕ ਤੋਂ ਕਿਸਾਨਾਂ ਤੇ ਵਿਰੋਧੀ ਧਿਰਾਂ ਦੇ ਆਗੂਆਂ ਨੇ ਲਖੀਮਪੁਰ ਖੀਰੀ ਵੱਲ ਚਾਲੇ ਪਾ ਦਿੱਤੇ। ਘਬਰਾਈ ਸਰਕਾਰ ਨੇ ਸਾਰੇ ਇਲਾਕੇ ਵਿਚ ਇਕਦਮ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ। ਵਿਰੋਧੀ ਧਿਰਾਂ ਦੇ ਆਗੂਆਂ ਨੂੰ ਗ੍ਰਿਫਤਾਰ/ਨਜ਼ਰਬੰਦ ਕਰ ਦਿੱਤਾ ਗਿਆ। ਇਥੋਂ ਤੱਕ ਕਿ ਹੋਰਾਂ ਸੂਬਿਆਂ ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਯੂ.ਪੀ. ਵਿਚ ਦਾਖਲੇ ਉਤੇ ਰੋਕ ਲਗਾ ਦਿੱਤੀ ਗਈ। ਯੂ.ਪੀ. ਜਾ ਰਹੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਵੱਡੀ ਗਿਣਤੀ ਵਿਧਾਇਕਾਂ ਨੂੁੰ ਗ੍ਰਿਫਤਾਰ ਕਰ ਲਿਆ ਗਿਆ। ਇਸ ਘਟਨਾ ਦੇ ਇਕ ਦਿਨ ਬਾਅਦ ਪ੍ਰਧਾਨ ਮੰਤਰੀ ਦਾ ਲਖਨਊ ਦੌਰਾ ਸੀ। ਇਸ ਲਈ ਯੋਗੀ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਅੱਗੇ ਝੁਕਦੇ ਹੋਏ ਮਾਮਲੇ ਉਤੇ ਸਹਿਮਤੀ ਬਣਾ ਲਈ। ਸਮਝੌਤੇ ਮੁਤਾਬਕ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਤੇ ਸਾਥੀਆਂ ਖਿਲਾਫ ਧਾਰਾ 302 ਤਹਿਤ ਕੇਸ ਦਰਜ ਕਰਨ ਸਮੇਤ ਕਿਸਾਨਾਂ ਦੀਆਂ ਹੋਰ ਮੰਗਾਂ ਮੰਨ ਲਈਆਂ ਹਨ।

ਇਸ ਪੂਰੇ ਮਾਮਲੇ ਦੀ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਤੋਂ ਜਾਂਚ ਕਰਵਾਈ ਜਾਵੇਗੀ। ਯੂ.ਪੀ. ਪੁਲਿਸ ਨੇ ਇਸ ਪੂਰੇ ਮਾਮਲੇ ਵਿਚ ਦੋ ਐਫ.ਆਈ.ਆਰ. ਦਰਜ ਕੀਤੀਆਂ ਹਨ ਜਿਨ੍ਹਾਂ ਵਿਚ ਆਸ਼ੀਸ਼ ਮਿਸ਼ਰਾ ਸਮੇਤ 15 ਵਿਅਕਤੀਆਂ ਦੇ ਨਾਂ ਸ਼ਾਮਲ ਹਨ। ਸਮਝੌਤੇ ਦੀਆਂ ਹੋਰਨਾਂ ਸ਼ਰਤਾਂ ਵਿਚ ਹਿੰਸਾ ਦੌਰਾਨ ਮਾਰੇ ਗਏ ਚਾਰ ਕਿਸਾਨਾਂ ਦੇ ਪਰਿਵਾਰਾਂ ਨੂੰ 45-45 ਲੱਖ ਰੁਪਏ ਦੇ ਮੁਆਵਜ਼ੇ ਦੇ ਨਾਲ ਘਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣਾ ਵੀ ਸ਼ਾਮਲ ਹੈ। ਜ਼ਖਮੀਆਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਮਿਲੇਗਾ। ਸਮਝੌਤੇ ਮਗਰੋਂ ਕਿਸਾਨਾਂ ਨੇ ਆਪਣਾ ਅੰਦੋਲਨ ਭਾਵੇਂ ਵਾਪਸ ਲੈ ਲਿਆ ਪਰ ਸਥਾਨਕ ਲੋਕਾਂ ਵਿਚ ਸਰਕਾਰੀ ਬੁਰਛਾਗਰਦੀ ਖਿਲਾਫ ਰੋਹ ਹੈ। ਵਿਰੋਧੀ ਧਿਰਾਂ ਸਰਕਾਰ ਨੂੰ ਘੇਰਨ ਲਈ ਬਜ਼ਿੱਦ ਹਨ। ਕਿਸਾਨਾਂ ਆਗੂਆਂ ਦਾ ਦੋਸ਼ ਹੈ ਕਿ ਇਹ ਸਭ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਇਸ਼ਾਰੇ ਉਤੇ ਹੋਇਆ ਹੈ। ਹਫਤਾ ਪਹਿਲਾਂ ਉਸ ਵੱਲੋਂ ਇਸ ਦੀ ਚਿਤਾਵਨੀ ਦੇ ਦਿੱਤੀ ਸੀ ਪਰ ਉਸ ਖਿਲਾਫ ਕੋਈ ਕਾਰਵਾਈ ਨਹੀਂ ਹੋਈ।

ਉਂਜ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਭਾਜਪਾ ਆਗੂਆਂ ਨੇ ਆਪਣੇ ਫਿਰਕੂ ਬਿਆਨਾਂ ਨਾਲ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਲਖੀਮਪੁਰ ਖੀਰੀ ਕਤਲਕਾਂਡ ਵਾਲੇ ਦਿਨ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਇਕ ਵੀਡੀਓ ਵਾਇਰਲ ਹੋਈ ਸੀ। ਚੰਡੀਗੜ੍ਹ ਸਥਿਤ ਆਪਣੀ ਸਰਕਾਰੀ ਰਿਹਾਇਸ਼ ਉਤੇ ਪ੍ਰਗਤੀਸ਼ੀਲ ਕਿਸਾਨਾਂ ਨਾਲ ਕੀਤੇ ਗਏ ਸਮਾਗਮਚ ਨਵੀਆਂ ਕਿਸਾਨ ਜਥੇਬੰਦੀਆਂ ਨੂੰ ਉਤਰ-ਪੱਛਮੀ ਹਰਿਆਣਾ ਦੇ ਹਰ ਜ਼ਿਲ੍ਹੇ ਚ 500, 700, 1000 ਕਿਸਾਨਾਂ ਦੇ ਵਾਲੰਟੀਅਰਾਂ ਨੂੰ ਡੰਡੇ ਲੈ ਕੇ ਤਿਆਰ ਕਰਨ ਦੀ ਗੱਲ ਆਖੀ ਜੋ ‘ਜੈਸੇ ਕੋ ਤੈਸੇ ਜਵਾਬ ਦੇ ਸਕਣ। ਮੁੱਖ ਮੰਤਰੀ ਇਹ ਵੀ ਆਖ ਰਿਹਾ ਹੈ ਕਿ ਜੇਕਰ ਅਜਿਹਾ ਕੰਮ ਕਰਕੇ ਦੋ-ਚਾਰ ਮਹੀਨੇ ਜੇਲ੍ਹ ਜਾਣਾ ਪੈ ਜਾਵੇ ਤਾਂ ਕੋਈ ਗੱਲ ਨਹੀਂ।

ਯਾਦ ਰਹੇ ਕਿ ਕਿਸਾਨ ਅੰਦੋਲਨ ਸ਼ੁਰੂ ਤੋਂ ਹੀ ਸ਼ਾਂਤਮਈ ਰਿਹਾ ਹੈ ਅਤੇ ਕਿਸਾਨਾਂ ਨੇ ਅਕਹਿ ਜ਼ਬਤ ਤੇ ਸੰਜਮ ਦਾ ਮੁਜ਼ਾਹਰਾ ਕੀਤਾ ਹੈ। ਸਰਕਾਰ ਨੇ ਹਰ ਵਾਰ ਇਸ ਅੰਦੋਲਨ ਨੂੰ ਹਿੰਸਕ ਰੂਪ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ। ਭਾਜਪਾ ਆਗੂਆਂ ਨੇ ਅੰਦੋਲਨ ਖਿਲਾਫ ਜ਼ਹਿਰ ਉਗਲ ਕੇ ਕਿਸਾਨਾਂ ਦਾ ਸਬਰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਮੂੰਹ ਦੀ ਖਾਣੀ ਪਈ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਦੀ ਨੀਅਤ ਸਾਫ ਹੋਵੇ ਤਾਂ ਇਹ ਮਸਲਾ ਤੁਰਤ ਹੱਲ ਹੋ ਸਕਦਾ ਹੈ ਪਰ ਸਰਕਾਰ ਆਪਣੇ ਫੈਸਲੇ ‘ਅਟੱਲ` ਹੋਣ ਦੇ ਭਰਮ ਨੂੰ ਟੁੱਟਣ ਨਹੀਂ ਦੇਣਾ ਚਾਹੁੰਦੀ।

Leave a Reply

Your email address will not be published.