ਰਾਮਚਰਿਤਮਾਨਸ ਬਾਰੇ ਟਿੱਪਣੀਆਂ ਲਈ ‘ਸਪਾ’ ਆਗੂ ਮੌਰਿਆ ਖ਼ਿਲਾਫ਼ ਐਫਆਈਆਰ

ਲਖਨਊ, 24 ਜਨਵਰੀ

‘ਰਾਮਚਰਿਤਮਾਨਸ’ ਬਾਰੇ ਕੀਤੀਆਂ ਵਿਵਾਦਤ ਟਿੱਪਣੀਆਂ ਲਈ ਸਮਾਜਵਾਦੀ ਪਾਰਟੀ ਦੇ ਆਗੂ ਸਵਾਮੀ ਪ੍ਰਸਾਦ ਮੌਰਿਆ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਤੌਰ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ ਵਿਚ ਸਪਾ ਆਗੂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਐਫਆਈਆਰ ਸ਼ਿਵੇਂਦਰ ਮਿਸ਼ਰਾ ਨਾਂ ਦੇ ਵਿਅਕਤੀ ਦੀ ਸ਼ਿਕਾਇਤ ਉਤੇ ਦਰਜ ਹੋਈ ਹੈ। ਮੌਰਿਆ ‘ਤੇ ਧਾਰਾ 295ਏ, 298, 504, 153ਏ ਲਾਈ ਗਈ ਹੈ। ਇਸੇ ਦੌਰਾਨ ਲਖਨਊ ਸਥਿਤ ‘ਲੇਟੇ ਹਨੂਮਾਨ ਮੰਦਰ’ ਵਿਚ ਸਪਾ ਆਗੂ ਦਾ ਦਾਖ਼ਲਾ ਬੰਦ ਕਰ ਦਿੱਤਾ ਗਿਆ ਹੈ। ਉੱਥੇ ਲੱਗੇ ਬੈਨਰ ਉਤੇ ਲਿਖਿਆ ਹੈ, ‘ਅਧਰਮੀ ਸਵਾਮੀ ਪ੍ਰਸਾਦ ਮੌਰਿਆ ਦਾ ਮੰਦਰ ਵਿਚ ਦਾਖਲਾ ਬੰਦ ਹੈ।’ ਮੌਰਿਆ ਨੇ ਕਿਹਾ ਸੀ ਕਿ ਰਾਮਚਰਿਤਮਾਨਸ ਦੇ ਕੁਝ ਹਿੱਸੇ ਸਮਾਜਿਕ ਤੌਰ ‘ਤੇ ਪੱਖਪਾਤ ਨੂੰ ਹੁਲਾਰਾ ਦਿੰਦੇ ਹਨ। ਮੌਰਿਆ ਨੇ ਮੰਗ ਕੀਤੀ ਸੀ ਕਿ ਰਾਮਚਰਿਤਮਾਨਸ ਦੇ ਕੁਝ ਹਿੱਸੇ ਜਾਤੀ ਦੇ ਅਧਾਰ ਉਤੇ ਸਮਾਜ ਦੇ ਵੱਡੇ ਵਰਗ ਦੀ ‘ਬੇਇੱਜ਼ਤੀ’ ਕਰਦੇ ਹਨ, ਇਸ ਲਈ ਇਨ੍ਹਾਂ ਉਤੇ ਪਾਬੰਦੀ ਲਾਈ ਜਾਵੇ। ਜ਼ਿਕਰਯੋਗ ਹੈ ਕਿ ਰਾਮਚਰਿਤਮਾਨਸ, ਅਵਧੀ ਭਾਸ਼ਾ ‘ਚ ਲਿਖੀ ਗਈ ਕਵਿਤਾ ਹੈ ਜੋ ਕਿ ਰਮਾਇਣ ‘ਤੇ ਅਧਾਰਿਤ ਹੈ। -ਪੀਟੀਆਈ

ਮੌਰਿਆ ਦੇ ਬਿਆਨ ਨਾਲ ਸ਼ਿਵਪਾਲ ਅਸਹਿਮਤ

ਲਖਨਊ: ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸ਼ਿਵਪਾਲ ਸਿੰਘ ਯਾਦਵ ਨੇ ਆਪਣੀ ਪਾਰਟੀ ਦੇ ਆਗੂ ਸਵਾਮੀ ਪ੍ਰਸਾਦ ਮੌਰਿਆ ਵੱਲੋਂ ‘ਰਾਮਚਰਿਤਮਾਨਸ’ ਬਾਰੇ ਕੀਤੀਆਂ ਵਿਵਾਦਤ ਟਿੱਪਣੀਆਂ ਨਾਲ ਅਸਹਿਮਤ ਹੁੰਦਿਆਂ ਕਿਹਾ ਕਿ ਇਹ ਮੌਰਿਆ ਦਾ ਨਿੱਜੀ ਬਿਆਨ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਗਵਾਨ ਰਾਮ ਅਤੇ ਕ੍ਰਿਸ਼ਨ ਦੇ ਆਦਰਸ਼ਾਂ ‘ਤੇ ਚੱਲਦੀ ਹੈ।

Leave a Reply

Your email address will not be published. Required fields are marked *

Generated by Feedzy