137 ਸਾਲ ਪੁਰਾਣੀ ਭਾਰਤ ਦੀ ਕਾਂਗਰਸ ਪਾਰਟੀ ਅੱਜ ਤੀਲਾ-ਤੀਲਾ ਹੋ ਕੇ ਖਿੰਡ-ਪੁੰਡ ਚੁੱਕੀ ਹੈ। ਤੇਜ਼ੀ ਨਾਲ ਉੱਜੜਦੀ ਜਾ ਰਹੀ ਖੰਡਰ ਰੂਪੀ ਇਸ ਪਾਰਟੀ ਨੂੰ ਹੁਣ ਇਸ ਦੇ ਲਗਪਗ ਸਾਰੇ ਹੀ ਪੁਰਾਣੇ ਲੀਡਰ ਹੌਲ਼ੀ-ਹੌਲ਼ੀ ਛੱਡਦੇ ਜਾ ਰਹੇ ਹਨ। ਇਹ ਕੋਈ ਵਧੀਆ ਸੰਕੇਤ ਨਹੀਂ ਹੈ। ਇਕ ਜਮਹੂਰੀ ਦੇਸ਼ ’ਚ ਵਿਰੋਧੀ ਧਿਰ ਵੀ ਸਥਾਪਤ ਸਰਕਾਰ ਜਿੰਨੀ ਹੀ ਮਜ਼ਬੂਤ ਚਾਹੀਦੀ ਹੈ। ਅਜੋਕੀ ਕਾਂਗਰਸ ਉਹ ਨਹੀਂ ਹੈ ਜਿਸ ਦੇ ਆਗੂਆਂ ਤੇ ਕਾਰਕੁਨਾਂ ਨੇ 1947 ਤੋਂ ਪਹਿਲਾਂ ਕਦੇ ਆਜ਼ਾਦੀ ਪ੍ਰਾਪਤੀ ਲਈ ਸੰਘਰਸ਼ਾਂ ਵਿਚ ਵਧ-ਚੜ੍ਹ ਕੇ ਹਿੱਸਾ ਲਿਆ ਸੀ। ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਹੁਣ ਜਦੋਂ ਕਾਂਗਰਸ ਪਾਰਟੀ ਦਾ ਮੁੱਖ ਟੀਚਾ ‘ਆਜ਼ਾਦੀ’ ਹਾਸਲ ਹੋ ਚੁੱਕਾ ਹੈ, ਇਸ ਲਈ ਇਹ ਪਾਰਟੀ ਹੁਣ ਸਦਾ ਲਈ ਭੰਗ ਕਰ ਦੇਣੀ ਚਾਹੀਦੀ ਹੈ’ ਪਰ ਇਸ ਦੇ ਬਾਵਜੂਦ ਇਹ ਪਾਰਟੀ ਕਾਇਮ ਰਹੀ। ਬਾਅਦ ’ਚ ਇਸ ਦੇ ਕਈ ਉੱਪ-ਭਾਗ ਬਣਦੇ ਚਲੇ ਗਏ ਤੇ ਅੱਜ ਜਿਹੜੀ ਪਾਰਟੀ ਸਾਨੂੰ ਵਧੇਰੇ ਸਰਗਰਮ ਵਿਖਾਈ ਦਿੰਦੀ ਹੈ ਉਹ ਦਰਅਸਲ ‘ਕਾਂਗਰਸ (ਇੰਦਰਾ)’ ਹੈ।ਕਾਂਗਰਸ ਪਾਰਟੀ ਦੀ ਬਰਬਾਦੀ ਦੀ ਨੀਂਹ ਦਰਅਸਲ ਸਾਲ 1984 ’ਚ ਹੀ ਰੱਖੀ ਗਈ ਸੀ ਜਦੋਂ ਉਦੋਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ’ਤੇ ‘ਬਲੂ ਸਟਾਰ’ ਦੇ ਨਾਂ ਹੇਠ ਫ਼ੌਜੀ ਹਮਲਾ ਕਰਵਾਇਆ ਸੀ। ਫਿਰ ਉਸੇ ਵਰ੍ਹੇ 31 ਅਕਤੂਬਰ ਨੂੰ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਅਤੇ ਉਸ ਤੋਂ ਬਾਅਦ ਦਿੱਲੀ, ਕਾਨਪੁਰ ਤੇ ਦੇਸ਼ ਦੇ ਹੋਰ ਬਹੁਤ ਸਾਰੇ ਸ਼ਹਿਰਾਂ ਵਿਚ ਸਿੱਖਾਂ ਦਾ ਮਿੱਥ ਕੇ ਕਤਲੇਆਮ ਕੀਤਾ ਗਿਆ।
ਉਸ ਤੋਂ ਬਾਅਦ ਭਾਵੇਂ ਇਸ ਪਾਰਟੀ ਦੀ ਸਰਕਾਰ ਕੇਂਦਰ ’ਚ ਕਾਇਮ ਤਾਂ ਹੁੰਦੀ ਰਹੀ ਪਰ ਇਸ ਨੂੰ ਅੰਦਰੋਂ-ਅੰਦਰੀਂ ਖੋਰਾ ਲੱਗਣ ਦੀ ਪ੍ਰਕਿਰਿਆ ਜਾਰੀ ਸੀ। ਕਾਂਗਰਸ ਦੇ ਮੱਥੇ ਤੋਂ ‘ਬਲੂ ਸਟਾਰ’ ਦਾ ਦਾਗ਼ ਹਾਲੇ ਤਕ ਵੀ ਧੁਲ ਨਹੀਂ ਸਕਿਆ, ਇਹ ਸਿਰਫ਼ ਤੇ ਸਿਰਫ਼ ਕੈਪਟਨ ਅਮਰਿੰਦਰ ਸਿੰਘ ਦੀ ਹੀ ਸ਼ਖ਼ਸੀਅਤ ਦਾ ਪ੍ਰਭਾਵ ਸੀ ਕਿ ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜੀ ਕਾਰਵਾਈ ਤੋਂ ਬਾਅਦ ਵੀ ਪੰਜਾਬ ’ਚ ਇਸ ਪਾਰਟੀ ਦੀ ਸਰਕਾਰ ਕਾਇਮ ਹੋ ਸਕੀ। ਹੁਣ ਵੀ ਜੇ ਕੈਪਟਨ ਕਿਤੇ ਪੰਜਾਬ ਕਾਂਗਰਸ ਦੀ ਅੰਦਰੂਨੀ ਪਾਟੋਧਾੜ ਦੇ ਸ਼ਿਕਾਰ ਹੋ ਕੇ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਨਾ ਹੋਏ ਹੁੰਦੇ, ਤਾਂ ਪੰਜਾਬ ਦੀਆਂ ਹਾਲੀਆ ਵਿਧਾਨ ਸਭਾ ਚੋਣਾਂ ’ਚ ਇਸ ਪਾਰਟੀ ਦਾ ਸ਼ਾਇਦ ਇੰਨਾ ਮਾੜਾ ਹਾਲ ਨਾ ਹੁੰਦਾ, ਜਿੰਨਾ ਹੁਣ ਹੋਇਆ ਹੈ। ਅੰਦਰੂਨੀ ਫੁੱਟ ਕਰਕੇ ਹੀ ਕਾਂਗਰਸ ਵਿਰੋਧੀ ਹਵਾ ਨੂੰ ਹੋਰ ਬਲ ਮਿਲਿਆ ਤੇ ਪੰਜਾਬ ਦੀ ਜਨਤਾ ਨੇ ਇਸ ਦੇ ਜ਼ਿਆਦਾਤਰ ਉਮੀਦਵਾਰਾਂ ਨੂੰ ਮੂਧੇ ਮੂੰਹ ਸੁੱਟਿਆ। ਸ਼੍ਰੋਮਣੀ ਅਕਾਲੀ ਦਲ ਇਸ ਵਾਰ ਦੀਆਂ ਚੋਣਾਂ ਦੌਰਾਨ ਬਹਿਬਲ ਕਲਾਂ ਬੇਅਦਬੀ ਕਾਂਡ ਦੇ ਬੋਝ ਹੇਠ ਦੱਬਿਆ ਰਹਿ ਗਿਆ। ਅਜਿਹੇ ਹਾਲਾਤ ਦਾ ਸਿੱਧਾ ਫ਼ਾਇਦਾ ਆਮ ਆਦਮੀ ਪਾਰਟੀ ਨੂੰ ਮਿਲਿਆ ਤੇ ਇਸੇ ਲਈ ਇਤਿਹਾਸਕ 92 ਸੀਟਾਂ ਜਿੱਤ ਕੇ ਉਸ ਦੀ ਸਰਕਾਰ ਵੀ ਕਾਇਮ ਹੋ ਗਈ। ਸਾਲ 2004 ’ਚ ਯੂਪੀਏ ਨੇ ਆਮ ਚੋਣਾਂ ਜਿੱਤੀਆਂ। ਤਦ ਇਕ ਵਾਰ ਇੰਜ ਜਾਪ ਰਿਹਾ ਸੀ ਕਿ ਸ਼ਾਇਦ ਕਾਂਗਰਸ ਦੇ ਮੁਖੀ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਬਣ ਜਾਣਗੇ ਪਰ ਤਦ ‘ਵਿਦੇਸ਼ੀ ਮੂਲ ਦਾ ਮੁੱਦਾ’ ਪੂਰੀ ਤਰ੍ਹਾਂ ਭਖਿਆ ਹੋਇਆ ਸੀ। ਬੋਫੋਰਸ ਕਾਂਡ ਦੀ ਗੂੰਜ ਸੰਸਦ ਦੇ ਨਾਲ-ਨਾਲ ਆਮ ਜਨਤਾ ਦੇ ਕੰਨੀਂ ਵੀ ਲਗਾਤਾਰ ਪੈ ਰਹੀ ਸੀ। ਇਸੇ ਲਈ ਤਦ ਕਾਂਗਰਸ ਪਾਰਟੀ ਨੇ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਹੇ ਡਾ. ਮਨਮੋਹਨ ਸਿੰਘ ਦੀ ਦੇਸ਼ ਦੇ ਪ੍ਰਮੁੱਖ ਅਹੁਦੇ ਲਈ ਚੋਣ ਕੀਤੀ।ਕਾਂਗਰਸ ਤਦ ਆਪਣੇ ਮੱਥੇ ਉੱਤੇ ਲੱਗਾ ‘ਬਲੂ ਸਟਾਰ’ ਦਾ ਦਾਗ਼ ਵੀ ਧੋਣਾ ਚਾਹੁੰਦੀ ਸੀ। ਇਸੇ ਲਈ ਤੁਰਤ-ਫੁਰਤ ਡਾ. ਮਨਮੋਹਨ ਸਿੰਘ ਦੇ ਨਾਂ ’ਤੇ ਸਹਿਮਤੀ ਕਾਇਮ ਹੋ ਗਈ। ਡਾ. ਮਨਮੋਹਨ ਸਿੰਘ ਨਾ ਤਾਂ ਆਪਣੀ ਕੈਬਨਿਟ ਨੂੰ ਸਖ਼ਤੀ ਨਾਲ ਇਕਜੁੱਟ ਕਰ ਕੇ ਰੱਖ ਸਕੇ ਤੇ ਨਾ ਹੀ ਉਨ੍ਹਾਂ ਦਾ ਅਕਸ ਕਦੇ ਇਕ ਸਖ਼ਤ ਤੇ ਚੌਕਸ ਪ੍ਰਸ਼ਾਸਕ ਵਰਗਾ ਕਾਇਮ ਹੋ ਸਕਿਆ। ਸਿੱਟੇ ਵਜੋਂ ਰਾਸ਼ਟਰਮੰਡਲ ਖੇਡਾਂ ਦਾ ਘੁਟਾਲਾ, 2-ਜੀ ਘੁਟਾਲਾ, ਕੋਲਾ ਘੁਟਾਲਾ ਤੇ ਅਜਿਹੇ ਹੋਰ ਕਈ ਭਾਣੇ ਵਰਤ ਗਏ। ਇਨ੍ਹਾਂ ’ਚ ਕਈ ਮੰਤਰੀਆਂ ਤਕ ਦੇ ਨਾਂ ਵੀ ਉੱਛਲਦੇ ਰਹੇ। ਇਹ ਸਾਰੇ ਘੁਟਾਲੇ ਕਾਂਗਰਸ ਪਾਰਟੀ ਦੇ ਨਿਘਾਰ ਦਾ ਸਿਖ਼ਰ ਸਨ। ਸਾਲ 2014 ’ਚ ਭਾਰਤ ਦੇ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੇ ਐੱਨਡੀਏ ਗੱਠਜੋੜ ਦੀ ਸਰਕਾਰ ਕਾਇਮ ਹੋ ਗਈ। ਜੇ ਕਿਤੇ 2004 ’ਚ ਕਾਂਗਰਸ ਪਾਰਟੀ ਨੇ ਡਾ. ਮਨਮੋਹਨ ਸਿੰਘ ਦੀ ਥਾਂ ਕੈਪਟਨ ਅਮਰਿੰਦਰ ਸਿੰਘ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦਾ ਫ਼ੈਸਲਾ ਕੀਤਾ ਹੁੰਦਾ ਤਾਂ ਵੀ ਸ਼ਾਇਦ ਅੱਜ ਇਸ ਪਾਰਟੀ ਦਾ ਇੰਨਾ ਮੰਦੜਾ ਹਾਲ ਨਾ ਹੁੰਦਾ ਜਿੰਨਾ ਅੱਜ ਹੋ ਚੁੱਕਾ ਹੈ। ਸਾਬਕਾ ਫ਼ੌਜੀ ਜਵਾਨ ਕੈਪਟਨ ਦੇ ਹੁੰਦਿਆਂ ਪਾਰਟੀ ’ਚ ਅਨੁਸ਼ਾਸਨਹੀਣਤਾ ਦਾ ਪੱਧਰ ਓਨਾ ਉੱਚਾ ਨਹੀਂ ਸੀ ਹੋਣਾ ਜਿੰਨਾ ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਹੋ ਗਿਆ ਸੀ ਪਰ ਕੈਪਟਨ ਨੇ ਕਦੇ ਕੇਂਦਰੀ ਸਿਆਸਤ ਵਿਚ ਕੋਈ ਬਹੁਤੀ ਦਿਲਚਸਪੀ ਨਹੀਂ ਲਈ, ਇਸ ਲਈ ਵੀ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਹੀਂ ਚੁਣਿਆ। ਉਂਜ ਉਹ ਇਸ ਅਹੁਦੇ ਲਈ ਸਹੀ ਚੋਣ ਸਨ। ‘ਬਲੂ ਸਟਾਰ’ ਤੋਂ ਬਾਅਦ ਇੰਦਰਾ ਗਾਂਧੀ ਤੋਂ ਖ਼ਫ਼ਾ ਹੋ ਕੇ ਕੈਪਟਨ ਨੇ ਕਾਂਗਰਸ ਨੂੰ ਅਲਵਿਦਾ ਆਖ ਕੇ ਆਪਣੀ ਖ਼ੁਦ ਦੀ ਪਾਰਟੀ ‘ਸ਼੍ਰੋਮਣੀ ਅਕਾਲੀ ਦਲ (ਪੰਥਕ)’ ਬਣਾ ਲਈ ਸੀ। ਕੈਪਟਨ ਅਮਰਿੰਦਰ ਸਿੰਘ ਸ਼ੁਰੂ ਤੋਂ ਹੀ ਸੋਨੀਆ ਗਾਂਧੀ ਦੇ ਕਰੀਬੀਆਂ ’ਚ ਸ਼ਾਮਲ ਰਹੇ ਕਿਉਂਕਿ ਇੰਦਰਾ ਗਾਂਧੀ ਤਾਂ ਆਪਣੇ ਪੁੱਤਰ ਰਾਜੀਵ ਤੇ ਇਤਾਲਵੀ ਕੁੜੀ ਸੋਨੀਆ ਦੇ ਪਿਆਰ-ਵਿਆਹ ਦੇ ਹੱਕ ’ਚ ਨਹੀਂ ਸਨ। ਇਹ ਕੈਪਟਨ ਹੀ ਸਨ ਜਿਨ੍ਹਾਂ ਨੇ ਵਿਚ ਪੈ ਕੇ ਇੰਦਰਾ ਨੂੰ ਇਸ ਵਿਆਹ ਲਈ ਰਾਜ਼ੀ ਕੀਤਾ ਸੀ।ਸ਼ਾਹੀ ਘਰਾਣੇ ਨਾਲ ਸਬੰਧਤ ਹੋਣ ਕਾਰਨ ਕੈਪਟਨ ਦਾ ਆਪਣਾ ਇਕ ਜਲੌਅ ਤੇ ਪ੍ਰਭਾਵ ਇੰਦਰਾ ਗਾਂਧੀ ਦੇ ਮਨ ’ਚ ਬਣਿਆ ਹੋਇਆ ਸੀ ਅਤੇ ਉਨ੍ਹਾਂ ਇਸ ਵਿਆਹ ਲਈ ਹਾਮੀ ਭਰ ਦਿੱਤੀ ਸੀ। ਪੰਜਾਬ ’ਚ ਜਿੰਨਾ ਚਿਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ, ਓਨਾ ਚਿਰ ਪਾਰਟੀ ’ਚ ਬਿਆਨਬਾਜ਼ੀਆਂ ਨੂੰ ਕਾਫ਼ੀ ਹੱਦ ਤਕ ਠੱਲ੍ਹ ਪਈ ਰਹੀ ਸੀ। ਜਿਵੇਂ ਹੀ ਇਕ ਗਿਣੀ-ਮਿੱਥੀ ਸਾਜ਼ਿਸ਼ ਅਧੀਨ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਣ ਲਈ ਮਜਬੂਰ ਕਰ ਦਿੱਤਾ ਗਿਆ, ਤਿਵੇਂ ਹੀ ਪਾਰਟੀ ’ਚ ਅਰਾਜਕਤਾ ਤੇ ਅਨੁਸ਼ਾਸਨਹੀਣਤਾ ਫੈਲ ਗਈ। ਕੈਪਟਨ ਨੂੰ ਤਾਂ ਸਿਰਫ਼ ‘ਅਪਨੋਂ ਨੇ ਲੂਟਾ, ਵਰਨਾ ਗ਼ੈਰੋਂ ਮੇਂ ਕਹਾਂ ਦਮ ਥਾ।’ ਅਸੀਂ ਇੱਥੇ ਡਾ. ਮਨਮੋਹਨ ਸਿੰਘ ਦੇ ਮਹੱਤਵ ਨੂੰ ਛੁਟਿਆ ਨਹੀਂ ਰਹੇ। ਉਨ੍ਹਾਂ ਦੀ ਸ਼ਖ਼ਸੀਅਤ ਦਾ ਆਪਣਾ ਇਕ ਬੁੱਧੀਜੀਵੀ ਵਾਲਾ ਵੱਖਰਾ ਜਲੌਅ ਹੈ।
ਕਾਂਗਰਸ ਪਾਰਟੀ ਨੂੰ ਬਚਾਉਣ ਦਾ ਹੁਣ ਇੱਕੋ-ਇੱਕ ਰਾਹ ਇਹੋ ਬਚਿਆ ਹੈ ਕਿ ਸੋਨੀਆ ਗਾਂਧੀ ਨੂੰ ਹੁਣ ‘ਸਰਪ੍ਰਸਤ’ ਦਾ ਅਹੁਦਾ ਸਾਂਭ ਲੈਣਾ ਚਾਹੀਦਾ ਹੈ ਅਤੇ ਰਾਹੁਲ ਗਾਂਧੀ ਅਤੇ ਪਿ੍ਰਅੰਕਾ ਗਾਂਧੀ ਨੂੰ ਜਨਰਲ ਸਕੱਤਰ ਦੇ ਅਹੁਦਿਆਂ ’ਤੇ ਕਾਇਮ ਰੱਖਣਾ ਚਾਹੀਦਾ ਹੈ। ਪਾਰਟੀ ਦੀ ਕੌਮੀ ਵਾਗਡੋਰ ਹੁਣ ਸ਼ਰਦ ਪਵਾਰ ਜਿਹੇ ਕਿਸੇ ਆਗੂ ਦੇ ਹੱਥ ਦੇਣੀ ਚਾਹੀਦੀ ਹੈ ਪਰ ਇਸ ਮਾਮਲੇ ’ਚ ਵੀ ਪਾਰਟੀ ਅੰਦਰ ਸੰਕਟ ਚੱਲ ਰਿਹਾ ਹੈ। ਪਵਾਰ ਤੇ ਕਪਿਲ ਸਿੱਬਲ ਵਰਗੇ ਚੋਖੇ ਕਰੰਟ ਵਾਲੇ ਸਾਰੇ ਹੀ ਆਗੂ ਉਸ ਨੂੰ ਅਲਵਿਦਾ ਆਖ ਚੁੱਕੇ ਹਨ ਤੇ ਜਾਂ ਉਨ੍ਹਾਂ ਨੂੰ ਜਾਣਬੁੱਝ ਕੇ ਲਾਂਭੇ ਕਰ ਦਿੱਤਾ ਗਿਆ ਹੈ। ਪਾਰਟੀ ਦੀਆਂ ਖਿੰਡੀਆਂ-ਪੁੰਡੀਆਂ ਤੀਲਾਂ ਹੁਣ ਮੁੜ ਇਕੱਠੀਆਂ ਕਰਨ ਦਾ ਵੇਲਾ ਹੈ। ਨਹੀਂ ਤਾਂ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਦਾ ਹੁਣ ਰੱਬ ਹੀ ਰਾਖਾ ਹੈ!
ਮਹਿਤਾਬ-ਉਦ-ਦੀਨ