ਯੂਏਈ ਤੋਂ ਬਾਅਦ ਬਹਿਰੀਨ ਸਰਕਾਰ ਨੇ ਮੰਦਰ ਬਣਾਉਣ ਲਈ ਦਿੱਤੀ ਜ਼ਮੀਨ, ਪੀ ਐਮ ਮੋਦੀ ਨੇ ਕੀਤਾ ਧੰਨਵਾਦ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹਿਰੀਨ ਦੇ ਪ੍ਰਧਾਨ ਮੰਤਰੀ ਸਲਮਾਨ ਬਿਨ ਹਮਦ ਅਲ ਖਲੀਫਾ ਨਾਲ ਗੱਲਬਾਤ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਸਿਆਸੀ, ਵਪਾਰ ਅਤੇ ਨਿਵੇਸ਼ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸਬੰਧਾਂ ਵਿੱਚ ਨਿਰੰਤਰ ਤਰੱਕੀ ‘ਤੇ ਤਸੱਲੀ ਪ੍ਰਗਟਾਈ।

ਪ੍ਰਧਾਨ ਮੰਤਰੀ ਦਫਤਰ (ਪੀ.ਐੱਮ.ਓ.) ਵੱਲੋਂ ਜਾਰੀ ਬਿਆਨ ਮੁਤਾਬਕ ਦੋਹਾਂ ਨੇਤਾਵਾਂ ਵਿਚਾਲੇ ਹੋਈ ਇਸ ਫੋਨ ਗੱਲਬਾਤ ਦੌਰਾਨ ਪ੍ਰਿੰਸ ਖਲੀਫਾ ਨੇ ਭਾਰਤ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ।ਪੀਐਮਓ ਦੇ ਅਨੁਸਾਰ, “ਦੋਵਾਂ ਨੇਤਾਵਾਂ ਨੇ ਭਾਰਤ ਅਤੇ ਬਹਿਰੀਨ ਵਿਚਕਾਰ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਤਸੱਲੀ ਪ੍ਰਗਟਾਈ ਕਿ ਸਬੰਧਾਂ ਨੇ ਰਾਜਨੀਤਿਕ, ਵਪਾਰ ਅਤੇ ਨਿਵੇਸ਼, ਊਰਜਾ, ਸਿਹਤ, ਸੁਰੱਖਿਆ ਅਤੇ ਲੋਕਾਂ ਵਿਚਕਾਰ ਆਪਸੀ ਸੰਪਰਕ ਸਣੇ ਵੱਖ-ਵੱਖ ਖੇਤਰਾਂ ਵਿੱਚ ਨਿਰੰਤਰ ਤਰੱਕੀ ਦੇਖੀ ਹੈ। ਦੋਵੇਂ ਦੇਸ਼ ਸਾਲ 2021-22 ਵਿੱਚ ਭਾਰਤ ਅਤੇ ਬਹਿਰੀਨ ਦਰਮਿਆਨ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ ਗੋਲਡਨ ਜੁਬਲੀ ਮਨਾ ਰਹੇ ਹਨ। ਪੀਐਮਓ ਦੇ ਅਨੁਸਾਰ, ਪ੍ਰਧਾਨ ਮੰਤਰੀ ਨੇ ਕੋਵਿਡ -19 ਮਹਾਂਮਾਰੀ ਦੌਰਾਨ ਬਹਿਰੀਨ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦੀ ਬਹੁਤ ਚੰਗੀ ਤਰ੍ਹਾਂ ਦੇਖਭਾਲ ਕਰਨ ਦੇ ਨਾਲ-ਨਾਲ ਉਨ੍ਹਾਂ ਦੀਆਂ ਸਮਾਜਿਕ ਅਤੇ ਸੱਭਿਆਚਾਰਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਹਿਰੀਨ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇਸ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਬਹਿਰੀਨ ਦੇ ਸੁਲਤਾਨ ਹਮਦ ਬਿਨ ਈਸਾ ਅਲ ਖਲੀਫਾ ਨੂੰ ਸ਼ੁੱਭ ਕਾਮਨਾਵਾਂ ਭੇਜੀਆਂ ਅਤੇ ਪ੍ਰਧਾਨ ਮੰਤਰੀ ਸਲਮਾਨ ਬਿਨ ਹਮਦ ਅਲ ਖਲੀਫਾ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਇਸ ਗੱਲਬਾਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵਿੱਟਰ ‘ਤੇ ਲਿਖਿਆ, ‘ਕ੍ਰਾਊਨ ਪ੍ਰਿੰਸ ਅਤੇ ਬਹਿਰੀਨ ਦੇ ਪ੍ਰਧਾਨ ਮੰਤਰੀ ਐਚਆਰਐਚ ਪ੍ਰਿੰਸ ਸਲਮਾਨ ਬਿਨ ਹਮਦ ਅਲ ਖਲੀਫਾ ਨਾਲ ਨਿੱਘੀ ਗੱਲਬਾਤ ਹੋਈ।

ਸਵਾਮੀਨਾਰਾਇਣ ਮੰਦਰ ਲਈ ਜ਼ਮੀਨ ਅਲਾਟ ਕਰਨ ਦੇ ਹਾਲ ਹੀ ਦੇ ਫੈਸਲੇ ਸਮੇਤ ਭਾਰਤੀ ਭਾਈਚਾਰੇ ਦੀਆਂ ਲੋੜਾਂ ਵੱਲ ਰਾਸ਼ਟਰ ਦੇ ਧਿਆਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਮੰਦਿਰ ਦਾ ਨਿਰਮਾਣ ਬਹਿਰੀਨ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਲਈ ਚੰਗੀ ਖ਼ਬਰ ਹੈ। ਇਸ ਤੋਂ ਪਹਿਲਾਂ ਦੁਬਈ ਅਤੇ ਆਬੂ ਧਾਬੀ ਵਿੱਚ ਵੀ ਮੰਦਰ ਦਾ ਨਿਰਮਾਣ ਚੱਲ ਰਿਹਾ ਹੈ।ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤੀਆਂ ਦੀ ਵੱਡੀ ਆਬਾਦੀ ਰਹਿੰਦੀ ਹੈ। ਇੱਥੇ ਹਿੰਦੂਆਂ ਦੀ ਵੀ ਵੱਡੀ ਗਿਣਤੀ ਹੈ ਜੋ ਕੰਮ ਜਾਂ ਪੜ੍ਹਾਈ ਦੇ ਸਿਲਸਿਲੇ ਵਿੱਚ ਦੁਬਈ ਵਰਗੇ ਸ਼ਹਿਰਾਂ ਵਿੱਚ ਰਹਿੰਦੇ ਹਨ। ਹਿੰਦੂਆਂ ਲਈ ਆਉਣ ਵਾਲੇ ਕੁਝ ਮਹੀਨਿਆਂ ‘ਚ ਦੁਬਈ ‘ਚ ਇਕ ਵਿਸ਼ਾਲ ਮੰਦਰ ਤਿਆਰ ਹੋ ਜਾਵੇਗਾ, ਜਿਸ ਦਾ ਨਿਰਮਾਣ ਕੰਮ ਲਗਭਗ 50 ਫੀਸਦੀ ਪੂਰਾ ਹੋ ਚੁੱਕਾ ਹੈ। ਇਹ ਮੰਦਰ ਦੁਬਈ ਦੇ ਜੇਬੇਲ ਅਲੀ ਖੇਤਰ ਵਿੱਚ ਬਣਾਇਆ ਜਾ ਰਿਹਾ ਹੈ ਅਤੇ ਇਸ ਦਾ ਨੀਂਹ ਪੱਥਰ 29 ਅਗਸਤ 2020 ਨੂੰ ਰੱਖਿਆ ਗਿਆ ਸੀ।

Leave a Reply

Your email address will not be published. Required fields are marked *