‘ਮੇਰੀ ਵ੍ਹਾਈਟ ਹਾਊਸ ਫੇਰੀ’ ਦੇ ਮੀਲ ਪੱਥਰ ਲੱਭਦਿਆਂ

Home » Blog » ‘ਮੇਰੀ ਵ੍ਹਾਈਟ ਹਾਊਸ ਫੇਰੀ’ ਦੇ ਮੀਲ ਪੱਥਰ ਲੱਭਦਿਆਂ
‘ਮੇਰੀ ਵ੍ਹਾਈਟ ਹਾਊਸ ਫੇਰੀ’ ਦੇ ਮੀਲ ਪੱਥਰ ਲੱਭਦਿਆਂ

ਚਰਨਜੀਤ ਸਿੰਘ ਪੰਨੂ ਨੇ ਆਪਣੇ ਸਾਹਿਤਕ ਸਫਰ ਵਿਚ ਇਕ ਹੋਰ ਮੀਲ ਪੱਥਰ ਆਪਣੀ ਨਿਵੇਕਲੀ ਲੇਖਣੀ ਦਾ ਅਹਿਮ ਸਬੂਤ ਇਤਿਹਾਸਕ ਦਸਤਾਵੇਜ਼ ‘ਮੇਰੀ ਵ੍ਹਾਈਟ ਹਾਊਸ ਫੇਰੀ’ ਦੇ ਰੂਪ ਵਿਚ ਗੱਡ ਦਿੱਤਾ ਹੈ।

ਲੇਖਕ ਦੀ ਕਲਮ ਨੂੰ ਸਲਾਮ ਹੈ। ਉਨ੍ਹਾਂ ਨੇ ਇਹ ਸਾਹਿਤਕ ਯੋਗਦਾਨ ਸਮਰਪਿਤ ਕੀਤਾ ਹੈ: ‘ਉਨ੍ਹਾਂ ਦੇਸ਼-ਭਗਤਾਂ ਤੇ ਆਜ਼ਾਦੀ ਦੇ ਪਰਵਾਨਿਆਂ ਨੂੰ, ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇੱਥੇ ਅਮਰੀਕਾ ਦਾ ਅਨੰਦ ਮਾਣ ਰਹੇ ਹਾਂ।’ ਮੈਂ ਪੂਰੀ ਰੂਹ ਨਾਲ ਦੋ ਵਾਰੀ ਇਸ ਪੁਸਤਕ ਦਾ ਪਾਠ ਕੀਤਾ ਤੇ ਹਰ ਵਾਰ ਲੇਖਕ ਦੀ ਸ਼ਖਸੀਅਤ ਦੇ ਨਵੇਂ ਪਹਿਲੂਆਂ ਨਾਲ ਮੇਰਾ ਤੁਆਰਫ ਹੋਇਆ। ਮੈਂ ਦਾਅਵਾ ਕਰ ਸਕਦੀ ਹਾਂ ਕਿ ਲੇਖਕ ਇਕ ਤਜਰਬੇਕਾਰ, ਇੱਲ ਅੱਖ ਰੱਖਣ ਵਾਲਾ, ਰੁਮਾਂਚਕਾਰੀ, ਯਥਾਰਥਵਾਦੀ, ਇਤਿਹਾਸਕ ਸੂਝ-ਬੂਝ ਵਾਲਾ ਅਤੇ ਜ਼ਿੰਦਗੀ ਦੇ ਖੁਸ਼ਕ ਪਲਾਂ ਵਿਚ ਹਾਸੇ ਦੀਆਂ ਝੜੀਆਂ ਬਿਖੇਰਨ ਵਾਲਾ ਵਾਰਤਾਕਾਰ ਹੈ। ਇਹ ਵਾਰਤਕ ਨਾਵਲ ਵਾਂਗ ਮਨੋਰੰਜਕ ਵੀ ਹੈ ਤੇ ਗਿਆਨ ਦੇ ਵਾਧੇ ਦੇ ਨਾਲ ਨਾਲ ਇਤਿਹਾਸ ਵੀ ਸਿਰਜੀ ਜਾਂਦੀ ਹੈ। ਮੇਰੀ ਜਾਚੇ ਇਹੀ ਲੇਖਕ ਦੀ ਸਫਲਤਾ ਦਾ ਰਾਜ ਤੇ ਸਾਹਿਤਕ ਪੁਰਸਕਾਰ ਹੁੰਦਾ ਹੈ। ਗੁਰਬਾਣੀ ਦੇ ਸ਼ਬਦ ‘ਅਹਿਨਿਸਿ’ ਭਾਵ ਦਿਨ ਰਾਤ ਵਾਂਗ ਲੇਖਕ ਦੀ ਪੁਸਤਕ ਦੇ ਵੀ ਅੱਠ ਪਹਿਰ ਭਾਵ ਖੰਡ ਬਣਦੇ ਹਨ, ਜੋ ਆਪਣੇ ਆਪ ਵਿਚ ਆਜ਼ਾਦ ਵੀ ਹਨ ਤੇ ਇਕ ਕੜੀ ਵਿਚ ਬੱਧੇ ਹੋਏ ਵੀ।

ਪਹਿਲੇ ਖੰਡ ਵਿਚ ਲੇਖਕ ਨੇ ਵ੍ਹਾਈਟ ਹਾਊਸ ਦੀ ਵਿਸਥਾਰਤ ਜਾਣ-ਪਛਾਣ ਕਰਵਾਈ ਹੈ ਤੇ ਦੂਸਰੇ ਖੰਡ ਵਿਚ ਸੈਨ ਹੋਜ਼ੇ ਤੋਂ ਵਾਸ਼ਿੰਗਟਨ ਤੱਕ ਦੀ ਯਾਤਰਾ ਦਾ ਵਿਵਰਣ ਹੈ। ਕੁਝ ਪਾਠ-ਦਰਸ਼ਨ ਤਸਵੀਰਾਂ ਰਾਹੀਂ ਹੁੰਦਾ ਹੈ, ਜੋ ਪੁਸਤਕ ਦੀ ਆਭਾ ਨੂੰ ਚਾਰ ਚੰਨ ਲਾਉਂਦੀਆਂ ਹਨ। ਲੇਖਕ ਦੀ ਪੁਸਤਕ ਦਾ ਨਾਂ ‘ਮੇਰੀ ਵ੍ਹਾਈਟ ਹਾਊਸ ਫੇਰੀ’ ਹੈ, ਪਰ ਟਾਈਟਲ ਪੰਨੇ ਤੇ ਕੈਪੀਟਲ ਬਿਲਡਿੰਗ ਦੀ ਤਸਵੀਰ ਲਾਉਣ ਦਾ ਸਬੱਬ ਮੇਰੀ ਸਮਝ ਦੇ ਪੱਲੇ ਨਹੀਂ ਪਿਆ। ਇੰਜ ਵ੍ਹਾਈਟ ਹਾਊਸਤੇ ਪੰਛੀ ਝਾਤ ਉਪਰੰਤ, ਫੇਰੀ ਦਾ ਬਿਰਤਾਂਤ, ਉੱਥੋਂ ਦਾ ਸੰਖੇਪ ਇਤਿਹਾਸ, ਗਦਰੀ ਬਾਬਿਆਂ ਦੀ ਜ਼ਿੰਦਾ-ਦਿਲੀ ਦੀ ਦਾਸਤਾਨ, ਪੰਜਾਬੀਆਂ ਦੇ ਆਗਮਨ ਦੀ ਤਵਾਰੀਖ, ਗੁਰਦੁਆਰਿਆਂ (ਅਮਰੀਕਾ ਸਥਿਤ) ਸੰਬੰਧੀ ਵੇਰਵੇ ਤੇ ਲੇਖਕ ਦਾ ਕਾਵਿਕ-ਯੋਗਦਾਨ! ਇੰਜ ਲੇਖਕ ਨੇ ਧਰਤੀ ਦੀ ਸੂਰਜ ਦੁਆਲੇ ਪਰਿਕਰਮਾ ਵਾਂਗ 4 ਪਹਿਰ ਦਿਨ ਤੇ 4 ਪਹਿਰ ਰਾਤ ਵਾਂਗ ਅੱਠ ਖੰਡਾਂ ਵਿਚ ਆਪਣੀ ਫੇਰੀ ਸੰਪੂਰਨ ਕੀਤੀ ਹੈ। ਇਸ ਪੁਸਤਕ ਨੂੰ ਪੜ੍ਹਦਿਆਂ ਮੇਰੀ ਸੋਚ ਵੀ ਪਿਛਲ-ਪੈਰੀ ਹੋ ਤੁਰੀ।

ਮੈਂ ਸਕੂਲ ਦੇ ਉਨ੍ਹਾਂ ਯਾਦਗਾਰੀ ਦਿਨਾਂ ਵਿਚ ਖੁੱਭ ਗਈ, ਜਦੋਂ ਇਮਤਿਹਾਨਾਂ ਵੇਲੇ ਸਾਰੇ ਵਿਸ਼ਿਆਂ ਦੀ ਇਕ ਸਮੁੱਚੀ ਕਿਤਾਬ ‘ਸਫਲਤਾ ਦੀ ਕੁੰਜੀ’ ਤੇ ਦੁਹਰਾਈ ਕਰਦੇ ਹੁੰਦੇ ਸਾਂ। ਇੰਜ ਹੀ ਇਹ ਪੁਸਤਕ ਇਕ ਜਮਾਤ ਵਿਚ ਪੜ੍ਹੇ ਜਾਣ ਵਾਲੇ ਵਿਭਿੰਨ ਵਿਸ਼ਿਆਂ ਦਾ ਇਕ ਸੰਖੇਪ ਸਮੂਹ ਹੈ। ਇਤਿਹਾਸ ਦੇ ਅੰਸ਼ ਵਜੋਂ ਵ੍ਹਾਈਟ ਹਾਊਸ ਦੇ ਨਾਲ ਨਾਲ ਸਮੁੱਚੇ ਅਮਰੀਕਾ ਦਾ ਸੰਖੇਪ ਆਜ਼ਾਦੀ ਇਤਿਹਾਸ ਇਸ ਵਿਚ ਸੰਜੋਇਆ ਗਿਆ ਹੈ। ਇਸ ਤੋਂ ਇਲਾਵਾ ਸਹਿਜੇ ਹੀ ਸਮਾਜ-ਸ਼ਾਸਤਰ, ਨਾਗਰਿਕ-ਸ਼ਾਸਤਰ, ਰਾਜਨੀਤੀ-ਸ਼ਾਸਤਰ, ਅਰਥ-ਸ਼ਾਸਤਰ, ਪੰਜਾਬੀ ਕਵਿਤਾ ਆਦਿ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਨਿਰਸੰਦੇਹ ਲੇਖਕ ਗਾਗਰ ਵਿਚ ਸਾਗਰ ਭਰਨ ਵਿਚ ਸਫਲ ਹੋਇਆ ਹੈ। ਇਕ ਸ਼ਾਹਕਾਰ ਨਾਵਲ ਦੀ ਹਾਮੀ ਭਰਦਾ ਲੇਖਕ ਕਈ ਥਾਂਈਂ ਆਪਣੇ ਬੀਤੇ ਦੇ ਵਿਹੜੇ ਰਟਨ ਕਰਦਾ ਹੈ। ਕਿਸੇ ਥਾਂ ਉਸ ਨੂੰ ਰੇਲਗੱਡੀ ਯਾਦ ਆਉਂਦੀ ਹੈ, ਕਿਤੇ ਲੜ ਬੰਨ੍ਹੀਆਂ ਚਨੁਕਰੀਆਂ ਪਰੌਂਠੀਆਂ ਦੀ, ਕਦੇ ਤਾਜ ਮਹੱਲ ਦੀ, ਕਦੇ ਅਬੋਹਰ ਮੁਕਤਸਰ ਦੇ ਨਰਮੇ ਦੀ।

ਕੁਦਰਤ ਦੇ ਰੰਗਾਂ ਨੂੰ ਮਾਣਦਾ ਲੇਖਕ ਜਦੋਂ ਜਹਾਜ਼ ਦੀ ਬਾਰੀ ਰਾਹੀਂ ਬੱਦਲਾਂ ਦੀ ਲੁਕਣਮੀਟੀ ਵੇਖਦਾ ਹੈ ਤਾਂ ਉਸ ਦੀ ਕਲਪਨਾ ਇੰਤਹਾਤੇ ਪੁੱਜਦੀ ਹੈ, ਜਦੋਂ ਉਸ ਨੂੰ ਸੋਹਣੀ-ਮਹੀਂਵਾਲ ਦੀ ਯਾਦ ਰੁਮਾਂਚਿਤ ਕਰਦੀ ਹੈ; ਪਰ ਅਗਲੇ ਹੀ ਪਲ ਪੰਜਾਬ ਦੇ ਤਲਖ ਯਥਾਰਥ ਵੱਲ ਲੇਖਕ ਦਾ ਧਿਆਨ ਜਾਂਦਾ ਹੈ, ਜਦੋਂ ਉਸ ਨੂੰ ਬੱਦਲਾਂ ਵਿਚ ਬਠਿੰਡਾ, ਮੁਕਤਸਰ ਦੇ ਕੈਂਸਰ ਮਾਰੇ ਕਿਸਾਨ ਵਿਖਾਈ ਦਿੰਦੇ ਹਨ। ਸਹਿਜੇ ਹੀ ਮੇਰਾ ਮਨ ਲੇਖਕ ਦੀ ਚੇਤੰਨ ਸੋਚ ਨੂੰ ਪ੍ਰਣਾਮ ਕਰਦਾ ਹੈ। ਇਕੋ ਪਲ ਲੇਖਕ ਯਥਾਰਥ ਤੇ ਮਿਥਿਹਾਸ ਦੇ ਮਿਲੇ-ਜੁਲੇ ਦਰਸ਼ਨ ਕਰਵਾਉਂਦਾ ਹੈ, ਜਦੋਂ ਉਹ ਝਬਦੇ ਹੀ ਹਨੂਮਾਨ ਦੀ ਸੰਜੀਵਨੀ ਬੂਟੀ ਵਾਲਾ ਦ੍ਰਿਸ਼ਟਾਂਤ ਜੋੜਦਾ ਹੈ। ਮੁਹਾਵਰੇ, ਲਕੋਕਤੀਆਂ, ਅਖਾਣਾਂ ਤੇ ਅਟੱਲ ਸੱਚਾਈਆਂ ਵਜੋਂ ਲੇਖਕ ਪੂਰਾ ਭੰਡਾਰ (ਵੇਅਰ ਹਾਊਸ) ਹੈ। ਜਿੱਥੇ ਕਿਤੇ ਵੀ ਵਾਜਬ ਜਗ੍ਹਾ ਮਿਲੀ, ਲੇਖਕ ਨੇ ਇਸ ਫੁਲਕਾਰੀ ਵਿਚ ਰੰਗਦਾਰ ਤੋਪਾ ਭਰ ਦਿੱਤਾ ਹੈ। ਵੰਨਗੀ ਵਜੋਂ ਕੁਝ ਮੁਹਾਵਰੇ: ਕੋਹਲੂ ਦਾ ਬਲਦ, ਖੂਹ ਦਾ ਡੱਡੂ, ਊਠ ਕਿਸ ਕਰਵਟ ਬੈਠਦਾ, ਬਲੀ ਦੇ ਬੱਕਰੇ, ਦੀਵੇ ਥੱਲੇ ਹਨੇਰਾ, ਪੈਰਾਂ ਹੇਠ ਬਟੇਰਾ, ਕਿਸਮਤ ਦੇ ਕੜਛੇ ਆਦਿ।

ਕੁਝ ਹੋਰ ਲੋਕ-ਅਖਾਣਾਂ ਤੇ ਅਟੱਲ ਸੱਚਾਈਆਂ ਦੇ ਦਰਸ਼ਨ ਕਰੀਏ: ਵਗਦੀ ਗੰਗਾ ਵਿਚ ਹੱਥ ਧੋਣੇ, ਡੁੱਬੀ ਤਾਂ ਜੇ ਸਾਹ ਨਾ ਆਇਆ, ਦੇਸ਼ ਚੋਰੀ ਪਰਦੇਸ ਭਿਖਿਆ; ਸਵਖਤੇ ਸੌਂ ਸਵਖਤੇ ਜਾਗ, ਵਧੇ ਉਮਰ ਤੇ ਲੱਗਣ ਭਾਗ; ਜਿਸ ਥਾਲੀ ਵਿਚ ਖਾਣਾ ਉਸੇ ਵਿਚ ਛੇਕ ਕਰਨਾ, ਮਲਾਈ ਖਾਂਦੇ-ਖਾਂਦੇ ਸੁੱਕੀ ਤੋਂ ਵੀ ਜਾਵਾਂਗੇ, ਅਸੀਂ ਤਾਂ ਕਿਸੇ ਤਿੰਨਾਂ ਤੇਰਾਂ ਵਿਚ ਨਹੀਂ; ਦੁਨੀਆਂ ਖੂਹ ਦੀ ਆਵਾਜ਼ ਹੈ, ਜਿਵੇਂ ਆਵਾਜ਼ ਮਾਰੋਗੇ ਉਵੇਂ ਜੁਆਬ ਮਿਲ ਜਾਵੇਗਾ; ਕੱਚਿਉਂ ਪੱਕੇ ਤੇ ਪੱਕਿਉਂ ਮੱਕੇ; ਜਿੰਨੀ ਵੱਡੀ ਛਾਲ ਮਾਰਨ ਦਾ ਇਰਾਦਾ ਹੋਵੇ, ਉਸ ਪੜੁੱਲ ਤੋਂ ਪਹਿਲਾਂ ਉਂਨਾ ਦੌੜਨਾ ਪੈਂਦਾ ਹੈ; ਨੋ ਲੰਚ ਇਜ਼ ਫਰੀ, ਮਾਲ ਬਿਗਾਨਾ ਹੈ ਪਰ ਪੇਟ ਤਾਂ ਆਪਣਾ ਹੈ, ਲੱਤਾਂ ਦੇ ਭੂਤ ਬਾਤਾਂ ਨਾਲ ਨਹੀਂ ਮੰਨਦੇ; ਰੱਬ ਨੇ ਦਿੱਤੀਆਂ ਗਾਜਰਾਂ ਵਿਚੇ ਰੰਬਾ ਰੱਖ; ਕਿਧਰੇ ਹੋਰ ਨਾ ਚੰਦ ਚਾੜ੍ਹ ਦੇਵੀਂ, ਮੈਂ ਕੱਚੀਆਂ ਗੋਲੀਆਂ ਨਹੀਂ ਖੇਡੀਆਂ, ਕਿਸੇ ਭੁੱਖੇ ਕੋਲ ਬਾਤ ਪਾਉਗੇ ਤਾਂ ਉਸ ਦਾ ਜੁਆਬ ਰੋਟੀ ਹੋਵੇਗਾ, ਗੋਲੀ ਕੀਹਦੀ ਤੇ ਗਹਿਣੇ ਕੀਹਦੇ, ਭੁੱਖੇ ਦੀ ਧੀ ਰੱਜੀ ਤੇ ਖੇਹ ਉਡਾਉਣ ਲੱਗੀ, ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ, ਇੱਦਾਂ ਉਦਾਸ ਹੈ ਜਿਵੇਂ ਕੁੜੀ ਦੱਬ ਕੇ ਆਇਆ ਹੁੰਦਾ, ਘਰ ਆਇਆ ਅੰਮਾ ਜਾਇਆ, ਮੁਫਤ ਦੀ ਸ਼ਰਾਬ ਤਾਂ ਕਾਜ਼ੀ ਨੇ ਵੀ ਨਹੀਂ ਛੱਡੀ, ਚਟੱਕ ਮੰਗਣੀ ਪਟੱਕ ਵਿਆਹ, ਕੁੱਤੇ ਦਾ ਕੁੱਤਾ ਵੈਰੀ, ਦੇਰ ਆਏ ਦਰੁਸਤ ਆਏ, ਨੌਕਰੀ ਕੀ ਤੇ ਨਖਰਾ ਕੀ?

ਦਾਖੇ ਹੱਥ ਨਾ ਅੱਪੜੇ ਆਖੇ ਥੂਹ ਕੌੜੀ, ਮੇਰੀ ਬੁੱਕਲ ਦੇ ਵਿਚ ਚੋਰ, ਕੁੱਛੜ ਕੁੜੀ ਤੇ ਸ਼ਹਿਰ ਢੰਡੋਰਾ; ਹਿਨਾ ਰੰਗ ਦੇਤੀ ਹੈ ਪੱਥਰ ਕੇ ਘਿਸ ਜਾਨੇ ਕੇ ਬਾਅਦ, ਮਨੁੱਖ ਸੰਭਲਤਾ ਹੈ ਠੋਕਰ ਖਾਨੇ ਕੇ ਬਾਅਦ। ਨਾਲ ਦੀ ਨਾਲ ਲੇਖਕ ਨੇ ਕਿਸੇ ਨਾ ਕਿਸੇ ਬਹਾਨੇ ਪੁਰਾਣੇ ਗੀਤ ਵੀ ਸੁਰਜੀਤ ਕੀਤੇ ਨੇ, ‘ਟੁੱਟ ਜਾਏ ਰੇਲ ਗੱਡੀਏ ਤੂੰ ਰੋਕ ਲਿਆ ਚੰਨ ਮੇਰਾ, ਤੂੰ ਪੀਂਘ ਤੇ ਮੈਂ ਪਰਛਾਵਾਂ ਤੇਰੇ ਨਾਲ ਹੁਲਾਰੇ ਖਾਵਾ…ਲਾ ਲੈ ਦੋਸਤੀ ਆਦਿ। ਲੇਖਕ ਦੀ ਸੋਚ ਵਿਚ ਸ਼੍ਰੋਮਣੀ ਕਵੀ ਪ੍ਰੋ. ਮੋਹਨ ਸਿੰਘ, ਸ਼ਿਵ ਬਟਾਲਵੀ ਆਦਿ ਵੀ ਫੇਰਾ ਪਾਉਂਦੇ ਹਨ। ਪੂਰੇ ਕਾਫਲੇ ਵਿਚ ਪੂਰਬੀ ਸੱਚ ਦੀ ਪਰਛਾਈ ਲੇਖਕ ਦੇ ਪੱਛਮੀ ਅਨੁਭਵਾਂ ਦੇ ਸਮਾਨੰਤਰ ਚਲਦੀ ਹੈ, “ਵ੍ਹਾਈਟ ਹਾਊਸ ਦੀਆ ਦੀਵਾਰਾਂ ਸੰਗਮਰਮਰ ਦੀਆਂ ਦੀਆਂ ਬਣੀਆਂ ਹਨ। ਇਨ੍ਹਾਂ ਵਾਸਤੇ ਸਕਾਟਲੈਂਡ ਤੋਂ ਹੁਨਰਮੰਦ ਕਾਮੇ ਲਿਆਂਦੇ ਗਏ, ਜਿਨ੍ਹਾਂ ਨੂੰ ਰੋਟੀ, ਕੱਪੜੇ ਦੀ ਉਜਰਤ ਦੇ ਕੇ ਕੰਮ ਮੁਕੰਮਲ ਕਰਵਾਇਆ ਗਿਆ।” ਇਸ ਦੇ ਸਮਾਨੰਤਰ ਲੇਖਕ ਨੂੰ ਤਾਜ ਮਹੱਲ ਦੀ ਯਾਦ ਆਉਂਦੀ ਹੈ, ਉਸ ਵੇਲੇ ਉਹ ਵੀ ਮੁਫਤੋ-ਮੁਫਤੀ ਰੋਟੀ-ਪਾਣੀ ਦੇ ਭਾਅ ਬਣਵਾਇਆ ਗਿਆ ਸੀ।

ਲੇਖਕ ਦੀ ਵਾਰਤਕ ਵਿਭਿੰਨ ਰਸਾਂ, ਅਲੰਕਾਰਾਂ ਦੀ ਜੜਤ ਨਾਲ ਫਬੀ ਹੋਈ ਹੈ। ਚਾਹੇ ਇਹ ਗਹਿਣੇ ਕਵਿਤਾ ਦੇ ਹਨ, ਪਰ ਲੇਖਕ ਦੀ ਵਾਰਤਕ ਵੀ ਕਵਿਤਾ ਵਰਗੀ ਹੈ, “ਉਸ ਨੇ ਪਲਕਾਂ ਤੇ ਬਿਠਾ ਕੇ ਮੈਨੂੰ ਬਲਖ ਬੁਖਾਰੇ ਦੀ ਸੈਰ ਕਰਵਾਈ, ਇਸ਼ਕ ਦਾ ਮੱਕਾ ਤਾਜ ਮਹੱਲ ਵਿਖਾਇਆ, ਅੰਮ੍ਰਿਤਸਰ ਮੱਥਾ ਟਿਕਾਇਆ…।” ਪੰਨਾ 91ਤੇ ਵੇਖੀਏ: ਗੱਡੀਆਂ ਤੋੜਦੀਆਂ ਵੀ ਹਨ, ਵਿਛੋੜਦੀਆਂ ਵੀ ਹਨ.., ਅੱਖਾਂ ਚਾਰ ਹੁੰਦੀਆਂ ਹਨ, ਅੱਖਾਂ ਲੜਦੀਆਂ ਹਨ, ਅੱਖਾਂ ਭਿੜਦੀਆਂ ਹਨ, ਅੱਖਾਂ ਵਿਖਾਈਆਂ ਜਾਂਦੀਆਂ ਹਨ…ਅੱਖਾਂ ਰਾਹੀਂ ਮੇਲ ਮਿਲਾਪ ਸੰਚਾਰ ਬਣਦਾ ਹੈ, ਵਟਦਾ ਹੈ, ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ…। ਰੋਜ਼ਾਨਾ ਯਾਤਰੂਆਂ ਵਾਸਤੇ ਕਈ ਵਾਰ ਇਹ ਸਵਾਰੀ ਨਾਈ, ਲਾਗੀ, ਵਿਚੋਲੇ ਦਾ ਕੰਮ ਵੀ ਕਰ ਦਿੰਦੀ ਹੈ…ਦੋ ਰੂਹਾਂ ਇੱਕ ਦੂਜੇ ‘ਚੋਂ ਸਪਾਊਸ ਲੱਭ ਲੈਂਦੀਆਂ ਹਨ…। ਕੌਲ ਇਕਰਾਰ ਹੁੰਦੇ ਹਨ, ਵਿਆਹ ਸ਼ਾਦੀਆਂ ਹੁੰਦੀਆਂ ਹਨ ਤੇ ਜੀਵਨ ਸਾਥੀ ਮਿਲਦੇ ਹਨ। ਪੰਨਾ 60 ਤੇ ਪਾਕਿਸਤਾਨ ਦੇ ਐਬਟਾਬਾਦ ਤੋਂ ਉਂਸਾਮਾ ਬਿਨ ਲਾਦੇਨ ਨੂੰ ਚੁੱਕਣ ਦਾ ਦ੍ਰਿਸ਼ ਵੇਖੋ: “ਬਲੋਚ ਡਾਚੀਆਂਤੇ ਆਉਂਦੇ ਹਨ ਤੇ ਪੁਨੂੰ ਨੂੰ ਉਠਾ ਕੇ ਲੈ ਜਾਂਦੇ ਹਨ। ਸੱਸੀ ਦਾ ਸ਼ਹਿਰ ਭੰਬੋਰ ਉੱਜੜ ਜਾਂਦਾ ਹੈ। ਅੱਖ ਦੀ ਫੁਰਤੀ ਵਿਚ ਸਾਰਾ ਸਾਕਾ ਵਰਤ ਜਾਂਦਾ ਹੈ, ਉਤਸੁਕਤਾ ਭਰੇ ਅਧਿਕਾਰੀਆਂ ਸਮੇਤ Eਬਾਮਾ ਦੇ ਚਿਹਰੇ ਖਿੜ ਜਾਂਦੇ ਹਨ।”

ਬਾਕਮਾਲ ਹੈ, ਲੇਖਕ ਦੀ ਵਾਰਤਕ ਵਿਚ ਕਵਿਤਾ ਵਾਲੀ ਕੋਮਲਤਾ, ਰਵਾਨਗੀ ਤੇ ਸਹਿਜਤਾ…ਰੁਮਕਦੀ ਪੌਣ ਵਰਗੀ, ਵਹਿੰਦੇ ਪਾਣੀ ਦੀ ਕਲਕਲ ਵਰਗੀ, ਚੰਨ ਦੀ ਚਾਨਣੀ ਵਰਗੀ…ਜਿਸ ਵਿਚ ਹਾਸ ਰਸ, ਕਰੁਣਾ ਰਸ, ਬੀਰ ਰਸ, ਸ਼ਿੰਗਾਰ ਰਸ ਸਹਿਜੇ ਹੀ ਅਨੁਭਵ ਹੁੰਦੇ ਹਨ। ਹਾਸ ਰਸ ਦੀ ਬਿਹਤਰੀਨ ਮਿਸਾਲ: ਲੇਖਕ ਰਾਸ਼ਟਰਪਤੀ ਜੌਹਨ ਟਾਇਲਰ ਦੀ ਗੱਲ ਕਰਦਾ ਹੈ ਤਾਂ ਉਸ ਦੇ 14 ਬੱਚਿਆਂ ਦਾ ਜ਼ਿਕਰ ਕਰਦਿਆਂ ਭਾਰਤ ਦੇ ਲਾਲੂ ਪ੍ਰਸਾਦ ਯਾਦਵ ਨਾਲ ਤੁਲਨਾ ਦਿੰਦਾ ਹੈ, ਤਾਂ ਬਦੋਬਦੀ ਹਾਸਾ ਆ ਜਾਂਦਾ ਹੈ। ਹਾਸਾ ਉਦੋਂ ਵੀ ਆਉਂਦਾ ਹੈ, ਜਦੋਂ ਲੇਖਕ ਭੁਲੇਖੇ ਨਾਲ ਆਪਣੇ ਪਲੱਸ ਪੁਆਇੰਟ ਬਣਾਉਣ ਲਈ ਤਤਪਰ ਹੁੰਦਾ ਹੈ। ਪੰਜਾਬੀਆਂ ਦੇ ਆਗਮਨ ਤੇ ਅਮਰੀਕਾ ਵਿਚ ਪੈਰ ਜਮਾਉਣ ਦੀ ਦਾਸਤਾਂ ਕਰੁਣਾ ਰਸ ਨਾਲ ਭਰਪੂਰ ਹੈ। ਗਦਰੀ ਬਾਬਿਆਂ ਦੀ ਸੰਘਰਸ਼ਸ਼ੀਲ ਜ਼ਿੰਦਗੀ, ਕੁਰਬਾਨੀਆਂ ਦੀ ਦਾਸਤਾਂ ਪੜ੍ਹ ਕੇ ਸ਼ਰਧਾ ਨਾਲ ਸੀਸ ਝੁਕਦਾ ਹੈ। ਜਿੱਥੇ ਸੱਸੀ-ਪੰੁਨੂ, ਸੋਹਣੀ-ਮਹੀਂਵਾਲ ਆਦਿ ਆਸ਼ਕਾਂ ਦਾ ਜ਼ਿਕਰ ਸ਼ਿੰਗਾਰ ਰਸ ਪੈਦਾ ਕਰਦਾ ਹੈ, ਉੱਥੇ ਅੰਗਰੇਜ਼ ਦੇ ਕਹਿਣਤੇ ਕਿ ਤੀਹ ਕਰੋੜ ਭਾਰਤੀ ਬੰਦੇ ਹਨ ਜਾਂ ਭੇਡਾਂ?

ਤਾਂ ਬਾਬਾ ਸੋਹਨ ਸਿੰਘ ਭਕਨਾ ਦਾ ਕਹਿਣਾ ਕਿ ਹੁਣ ਤਾਂ ਕੁਝ ਕਰਨ ਦਾ ਸੁਨੇਹਾ ਇਸ ਗੋਰੇ ਨੇ ਸਾਡੇ ਮੱਥੇ ਦੇ ਮਾਰਿਆ ਹੈ। ਨਾਲ ਸਿਰਫ ਗਦਰੀ ਬਾਬਿਆਂ ਵਿਚ ਹੀ ਨਹੀਂ, ਸਗੋਂ ਪਾਠਕ ਦੇ ਅੰਦਰ ਵੀ ਬੀਰ ਰਸ ਜੋਤ ਮਘਣ ਲੱਗਦੀ ਹੈ। ਜਦੋਂ ਲੇਖਕ ਰਮਨਦੀਪ ਗਿੱਲ ਦੇ ਦੋਗਲੇ ਕਿਰਦਾਰ ਬਾਰੇ ਡਾ. ਐਲਨ ਗਿੱਲ ਰਾਹੀਂ ਬਿਰਤਾਂਤਦਾ ਹੈ, “ਚਿੰਤਾ ਨਾ ਕਰ, ਇਹ ਤਾਂ ਪੱਕੇ ਹੋਣ ਦਾ ਡਰਾਮਾ ਹੈ,” ਇਨਸਾਨ ਦੀ ਖੁਦਗਰਜ਼ੀ `ਤੇ ਲਾਹਨਤ ਆਉਂਦੀ ਬੀਭਤਸ ਰਸ ਦੀ ਉੱਤਮ ਮਿਸਾਲ ਹੈ। ਇਸ ਤੋਂ ਇਲਾਵਾ ਅਲੰਕ੍ਰਿਤ ਜੜੀ ਵਾਰਤਾ ਵਿਚ ਉਪਮਾ ਅਲੰਕਾਰ, ਰੂਪਕ ਅਲੰਕਾਰ, ਸੰਦੇਹ ਅਲੰਕਾਰ, ਅਨੁਪਰਾਸ ਤੇ ਅਤਿਕਥਨੀ ਅਲੰਕਾਰ ਦੀ ਝਲਕ ਥਾਂ ਥਾਂ ਨਜ਼ਰੀਂ ਆਉਂਦੀ ਹੈ। ਉਸ ਛੋਕਰੇ ਨੇ ਮੇਰੀ ਵੱਲ ਮਾਰਖੋਰੀ ਮੱਝ ਵਾਂਗ ਝਾਕਿਆ… ਰੂਪਕ ਅਲੰਕਾਰ। ਏਦਾਂ ਜਾਪਿਆ, ਮੈਂ ਸੀਟ ਨਹੀਂ ਚੀਨ ਦੇ ਕਿਸੇ ਪ੍ਰਾਂਤ ਦੀ ਮੰਗ ਕਰ ਲਈ ਹੋਵੇ। ਉਸ ਦੀਆਂ ਨਜ਼ਰਾਂ ‘ਚੋਂ ਗੁਸਤਾਖੀ ਦੀ ਬਦਬੂ ਆ ਰਹੀ ਸੀ…ਸਮੁੱਚਾ ਸੀਨ ਅਨੁਪਰਾਸ ਰਸ ਦੀ ਵਧੀਆ ਮਿਸਾਲ ਹੈ। ਮੁਸਲਮਾਨ ਜਾਪਦੀ ਬੀਬੀ ਉੱਥੇ ਇਵੇਂ ਫਿਰ ਰਹੀ ਸੀ ਜਿਵੇਂ ਵਿਆਹ ਵਾਲੇ ਘਰ ਨੈਣ… ਉਪਮਾ ਅਲੰਕਾਰ। ਉਸ ਨੇ ਮੋਤੀਆਂ ਵਰਗੇ ਚਿੱਟੇ ਦੰਦ ਦਿਖਾਉਂਦੇ ਆਪਣਾ ਤੁਆਰਫ ਕਰਵਾਇਆ… ਉਪਮਾ ਅਲੰਕਾਰ। ‘ਅੱਜ ਵ੍ਹਾਈਟ ਹਾਊਸ ਸਿੱਖਾਂ ਦੇ ਕਬਜ਼ੇ ਹੇਠ ਹੈ…ਜੋ ਮਰਜ਼ੀ ਕਰੋ… ਕਿਲਕਾਰੀਆਂ ਮਾਰੋ, ਬੜ੍ਹਕਾਂ ਮਾਰੋ, ਮੌਜਾਂ ਕਰੋ…ਅਤਿਕਥਨੀ ਅਲੰਕਾਰ।

ਲੇਖਕ ਕੁਝ ਲਤੀਫੇ ਸਿੱਧੇ ਸ਼ਾਮਲ ਕਰਕੇ ਵੀ ਹਾਸ ਵਿਅੰਗ ਦੀ ਹਾਜ਼ਰੀ ਲੁਆਉਂਦਾ ਹੈ। ਕੋਈ ਸਿੱਧੜ ਜੱਟ ਢਾਬੇ ‘ਤੇ ਖਾਣਾ ਖਾਣ ਗਿਆ। ਰੇਟ ਲਿਖਿਆ ਸੀ, ਰੋਟੀ ਇੱਕ ਆਨੇ ਦੀ, ਦਾਲ ਫਰੀ। ਉਹ ਕਹਿੰਦਾ, ਚੱਲ ਯਾਰ ਦਾਲ ਇਕੱਲੀ ਆਉਣ ਦੇਹ। ਇਹ ਸਿੱਧੜ ਜੱਟ ਨਹੀਂ, ਚਤੁਰ ਜੱਟ ਹੈ। ਇਸ ਜੱਟ ਦੇ ਸਮਾਨੰਤਰ ਕਿਤੇ ਕਿਤੇ ਲੇਖਕ ਵੀ ਉਹੀ ਸੋਚ ਅਪਨਾਉਂਦਾ ਹੈ। ਇਸ ਪੁਸਤਕ ਦੀ ਵਿਲੱਖਣਤਾ ਹੈ ਕਿ ਥਾਂ ਥਾਂ ਲੇਖਕ ਦੇ ਜਾਤੀ-ਸੁਭਾਅ, ਅਨੁਭਵ, ਫਿਤਰਤ, ਵਤੀਰੇ ਤੇ ਜੀਵਨ ਪ੍ਰਤੀ ਰਵੱਈਏ ਦੇ ਦਰਸ਼ਨ ਹੁੰਦੇ ਹਨ। ਪੁਸਤਕ ਰਾਹੀਂ ਅਨੁਭਵ ਹੁੰਦਾ ਹੈ ਕਿ ਲੇਖਕ, ਨਾ ਫਜ਼ੂਲ ਖਰਚ ਹੈ, ਨਾ ਅੱਭੜਵਾਹੇ ਫੈਸਲਾ ਲੈਣ ਵਾਲਾ, ਨਾ ਬਣਦਾ ਮੌਕਾ ਖੁੰਝਾਉਣ ਵਾਲਾ ਹੈ ਤੇ ਨਾ ਹੀ ਆਪਣੀ ਅਗਿਆਨਤਾ ‘ਤੇ ਪਰਦਾ ਪਾਉਣ ਵਾਲਾ ਹੈ। ਇਸ ਲੇਖਣੀ ਰਾਹੀਂ ਉਹ ਬੜਾ ਕਿਫਾਇਤੀ, ਕਿਤੇ ਕੰਜੂਸ, ਸਪੱਸ਼ਟਵਾਦੀ, ਰੁਮਾਂਟਿਕ, ਆਪਣੇ ਕਿਸੇ ਵੀ ਫੈਸਲੇ ‘ਤੇ ਦੂਹਰੀ ਵਿਚਾਰ ਦੀ ਸਾਣ ਲਾਉਣ ਵਾਲਾ, ਦੂਜੇ ਦੇ ਦੁੱਖ ਤੇ ਭਾਵਨਾਵਾਂ ਵਿਚ ਡੁੱਬਦੇ ਹੀ ਸ਼ਰੀਕ ਹੋ ਜਾਣ ਵਾਲਾ, ਸਵੈ-ਭਰੋਸੇ ਵਾਲਾ, ਸਵੈ-ਨਿਰਭਰਤਾ ਦਾ ਹਮਾਇਤੀ, ਥੋੜ੍ਹਾ-ਥੋੜ੍ਹਾ ਮੌਕਾਪ੍ਰਸਤ, ਕਿਤੇ-ਕਿਤੇ ਲਾਹਾਪ੍ਰਸਤ ਮਹਿਸੂਸ ਹੁੰਦਾ ਹੈ; ਪਰ ਸਭ ਕਾਸੇ ਤੋਂ ਉੱਪਰ ਉਹ ਦਿਮਾਗੀ ਤੌਰ ‘ਤੇ ਆਮ ਲੋਕਾਂ ਤੋਂ ਵੱਧ ਚੇਤੰਨ, ਗੁਪਤ ਅਰਦਾਸ ਕਰਨ ਵਾਲਾ ਧਾਰਮਿਕ ਜਿਊੜਾ, ਪਰਿਵਾਰ, ਬੱਚਿਆਂ, ਦੋਸਤਾਂ, ਰਿਸ਼ਤੇਦਾਰਾਂ ਪ੍ਰਤੀ ਨਿਰਸੰਦੇਹ ਮੋਹ ਦੀ ਮੂਰਤ ਹੈ। ਨਕਾਬਪੋਸ਼ ਨਹੀਂ, ਪਾਰਦਰਸ਼ੀ ਹੈ, ਸਵੈ-ਪੜਚੋਲ ਵਿਚ ਪ੍ਰਬੀਨ ਹੈ, ਆਪਣੇ ਗੁਣਾਂ ਵਾਂਗ ਕੁਤਾਹੀਆਂ ਨੂੰ ਵੀ ਮੁਸਕਰਾ ਕੇ ਕਬੂਲਦਾ ਹੈ।

ਕਾਹਲੀ ਵਿਚ ਮੌਕੇ ਦਾ ਫਾਇਦਾ ਲੈਂਦਿਆਂ ਬੀਫ ਖਾ ਹੋ ਗਿਆ, ਤਾਂ ਉਸ ਦਾ ਇਕਬਾਲ ਬੜੀ ਬੇਬਾਕੀ ਨਾਲ ਕਰ ਲਿਆ…ਨਾਲ ਦੀ ਨਾਲ ਜੈਪੁਰ ਵਿਚ ਕਿਸੇ ਦੋਸਤ ਤੇ ਉਸ ਦੀ ਪਤਨੀ ਨਾਲ ਹੋਏ ਸਮਾਨੰਤਰ ਵਾਕਿਆ ਨੂੰ ਦੁਹਰਾ ਲਿਆ। ਕਿਤੇ ਕਿਤੇ ਲੇਖਕ ਇੰਮੀਗਰੇਸ਼ਨ ਸਲਾਹਕਾਰ ਵਜੋਂ ਆਪਣਾ ਰੋਲ ਅਦਾ ਕਰਦਾ ਨਜ਼ਰ ਆਉਂਦਾ ਹੈ। ਅਮਰੀਕੀ ਸਰਕਾਰ ਦੀ ਗੱਲ ਕਰਦਾ ਹੈ, ਕਾਨੂੰਨ ਦੀ ਗੱਲ ਕਰਦਾ ਹੈ। ਉਂਬਾਮਾ-ਕੇਅਰ ਦੀ ਗੱਲ ਵੀ ਕਰਦਾ ਹੈ। ਇੰਜ ਲੇਖਕ ਨੂੰ ਸਮਕਾਲੀ ਘਟਨਾਵਾਂ, ਖਬਰਾਂ ਮਸਲਿਆਂ ਦੀ ਪੂਰੀ ਜਾਣਕਾਰੀ ਹੈ। ਅਮਰੀਕਾ ਵਿਚ ਵਿਚਰਦਿਆਂ ਲਗਾਤਾਰ ਲੇਖਕ ਦਾ ਅੰਤਰੀਵ-ਮਨ ਉਸੇ ਵੇਗ ਨਾਲ ਪੂਰਬ ਵਿਚ ਵਿਚਰਦਾ ਹੈ। ਵਿਲਕ ਬੂਥ ਹੱਥੋਂ ਪ੍ਰੈਜ਼ੀਡੈਂਟ ਲੰਿਕਨ ਦੇ ਮਾਰੇ ਜਾਣ ਦੀ ਗਾਥਾ ਕਰਦਿਆਂ ਲੇਖਕ ਨੱਥੂ ਰਾਮ ਗੌਡਸੇ ਤੇ ਮਹਾਤਮਾ ਗਾਂਧੀ ਨੂੰ ਸਿਮ੍ਰਿਤੀ ਵਿਚ ਜਗਾਉਂਦਾ ਹੈ। ਜਾਰਜ ਵਾਸ਼ਿੰਗਟਨ ਦੀ ਗੱਲ ਕਰਦਿਆਂ ਲੇਖਕ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦੀ ਯਾਦ ਆਉਂਦੀ ਹੈ। ਕਿਤੇ ਕਿਤੇ ਇੱਕਾ-ਦੁੱਕਾ ਸਾਲ, ਤਰੀਕਾਂ ਦੀ ਕੁਤਾਹੀ ਥੋੜ੍ਹਾ ਰੜਕਦੀ ਹੈ, ਹੋ ਸਕਦਾ ਛਾਪੇਖਾਨੇ ਦਾ ਕਸੂਰ ਹੋਵੇ। ਸਮੁੱਚੇ ਤੌਰ ‘ਤੇ ਇਹ ਖੋਜ ਭਰਪੂਰ ਪੁਸਤਕ ਬਹੁਤ ਸਾਰੀਆਂ ਸਿਫਤਾਂ ਦਾ ਸੁਮੇਲ ਹੈ, ਪੜ੍ਹਨਯੋਗ ਹੈ, ਸਾਂਭਣਯੋਗ ਹੈ, ਪੁਸਤਕਾਲੇ ਦਾ ਸ਼ਿੰਗਾਰ ਬਣਨਯੋਗ ਹੈ ਅਤੇ ਰੈਫਰੈਂਸ ਵਜੋਂ ਵਰਤਣਯੋਗ ਹੈ।

ਸਾਰੀ ਪੁਸਤਕ ਦਾ ਹਾਸਲ, ਮੇਰੀ ਰੂਹ ਦੀਆਂ ਸਤਰਾਂ: “ਇਹ ਗਦਰੀ ਬਾਬੇ ਮਜ਼੍ਹਬਾਂ, ਜਾਤਾਂ, ਧਰਮਾਂ, ਕਬੀਲਿਆਂ ਤੋਂ ਉੱਪਰ ਸਨ…ਉਨ੍ਹਾਂ ਦਾ ਮੰਤਵ ਰਾਸ਼ਟਰੀ ਨਾ ਹੋ ਕੇ ਅੰਤਰ-ਰਾਸ਼ਟਰੀ ਸਾਂਝੀਵਾਲਤਾ ਦਾ ਪ੍ਰਤੀਕ ਸੀ।” ਲਿਖਦੇ ਲਿਖਦੇ ਪੰਨਿਆਂ ਵਿਚ ਹੋ ਰਿਹਾ ਇਜ਼ਾਫਾ ਮੈਨੂੰ ਚਿੰਤਾ ਲਾ ਰਿਹਾ ਹੈ, ਪਰ ਲਗਦਾ, ਇਸ ਪੁਸਤਕ ਬਾਰੇ ਹਾਲੇ ਵੀ ਬਹੁਤ ਕੁਝ ਲਿਖਣਾ ਬਾਕੀ ਹੈ। ਜਿਨ੍ਹਾਂ ਨੁਕਤਿਆਂ ਦੀ ਮੈਂ ਸਰਸਰੀ ਨਿਸ਼ਾਨਦੇਹੀ ਕੀਤੀ ਸੀ, ਉਹ ਵੀ ਸਾਰੇ ਕਲਮਬੰਦ ਨਹੀਂ ਕੀਤੇ ਜਾ ਸਕੇ। ਦੁਹਰਾE ਦੀ ਸਥਿਤੀ ਤੋਂ ਬਚਣ ਵਾਲੀ ਮੈਂ ਸਾਥੀ ਵਿਦਵਾਨਾਂ ਦੀਆਂ ਸਮਿਲਤ ਖੋਜਾਂ ਪ੍ਰਾਪਤੀਆਂ ਨੂੰ ਦੁਹਰਾਉਣ ਤੋਂ ਸੰਕੋਚ ਕੀਤਾ ਹੈ। ਮੈਂ ਆਪਣੀ ਚਰਚਾ ਨੂੰ ਇੱਥੇ ਹੀ ਸੰਕੋਚਦਿਆਂ ਪਾਠਕਾਂ ਨੂੰ ਦਰਖਾਸਤ ਕਰਦੀ ਹਾਂ ਕਿ ਉਹ ਇਸ ਪੁਸਤਕ ਦਾ ਪਾਠ ਕਰਨ, ਉਨ੍ਹਾਂ ਨੂੰ ਬਹੁਤ ਕੁਝ ਲੱਭੇਗਾ, ਬੇਸ਼ਕੀਮਤੀ, ਸਿੱਖਣ ਜੋਗਾ, ਸੰਭਾਲਣ ਜੋਗਾ ਤੇ ਪਾਠਕ ਆਪਣਾ ਵਕਤ ਥਾਂ ਸਿਰ ਲੇਖੇ ਲੱਗਿਆ ਮਹਿਸੂਸ ਕਰਨਗੇ। ਲੇਖਕ ਨੂੰ ਉਸ ਦੀ ਇਸ ਲਾਸਾਨੀ ਪ੍ਰਾਪਤੀ ‘ਤੇ ਵਧਾਈ ਦਿੰਦੀ ਹੋਈ। ਦੁਆ ਗੋ!

Leave a Reply

Your email address will not be published.