‘ਮਾਨ ਸਾਬ੍ਹ! ਕੁੱਲੂ-ਮਨਾਲੀ ਦੇ ਚੱਕਰ ਛੱਡੋ, ਪੰਜਾਬ ਵੱਲ ਧਿਆਨ ਦਿਓ ਜ਼ਰਾ

‘ਮਾਨ ਸਾਬ੍ਹ! ਕੁੱਲੂ-ਮਨਾਲੀ ਦੇ ਚੱਕਰ ਛੱਡੋ, ਪੰਜਾਬ ਵੱਲ ਧਿਆਨ ਦਿਓ ਜ਼ਰਾ

ਚੰਡੀਗੜ੍ਹ: ਪੰਜਾਬ ਕਾਂਗਰਸ ਨੇ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ‘ਤੇ ਗੰਭੀਰ ਦੋਸ਼ ਲਾਏ ਹਨ। ਕਾਂਗਰਸ ਨੇ ਕਿਹਾ ਕਿ ਪੰਜਾਬ ਵਿੱਚ ਪੂਰੀ ਤਰ੍ਹਾਂ ਜੰਗਲਾਰਾਜ ਬਣ ਗਿਆ ਹੈ, ਹਰ ਕਿਸੇ ਨੂੰ ਰੋਜ਼ਾਨਾ ਕਿਸੇ ਨਾ ਕਿਸੇ ਗੈਂਗਸਟਰ ਦੀ ਫੋਨ ‘ਤੇ ਧਮਕੀ ਆ ਰਹੀ ਹੈ। ਲੋਕ ਹੁਣ ਫੋਨ ਚੁੱਕਣ ਤੋਂ ਵੀ ਡਰਨ ਲੱਗੇ ਹਨ ਕਿ ਕਿਤੇ ਧਮਕੀ ਵਾਲਾ ਨਾ ਹੋਵੇ। ਪ੍ਰੈਸ ਕਾਨਫਰੰਸ ਵਿੱਚ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ , ਵਿਧਾਇਕ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਰੰਧਾਵਾ, ਸੁਖਵਿੰਦਰ ਸਿੰਘ ਸੁੱਖ ਸਰਕਾਰੀਆ, ਅਰੁਣਾ ਚੌਧਰੀ, ਵਿਧਾਇਕ ਸੁਖਪਾਲ ਖਹਿਰਾ, ਕੈਪਟਨ ਸੰਦੀਪ ਸੰਧੂ ਅਤੇ ਤ੍ਰਿਪਤ ਰਜਿੰਦਰ ਬਾਜਵਾ ਵੀ ਹਾਜ਼ਰ ਸਨ। ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ, ਪੰਜਾਬ ‘ਚ ਜੰਗਲਰਾਜ ਦਾ ਕਾਨੂੰਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੁਕਤਸਰ ‘ਚ ਵੀ ਇੱਕ ਕਮਿਸ਼ਨ ਏਜੰਟ ਆੜ੍ਹਤੀਏ ਨੂੰ ਧਮਕੀ ਵਾਲਾ ਫੋਨ ਆਇਆ ਹੈ, ਹਾਲਾਂਕਿ ਉਹ ਉਸਦਾ ਨਾਂਅ ਨਹੀਂ ਦੱਸਣਗੇ।ਕਾਂਗਰਸੀ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਅੱਤਵਾਦ ਦਾ ਦੌਰ ਵੀ ਵੇਖਿਆ ਹੈ, ਉਦੋਂ ਵੀ ਅਜਿਹਾ ਮਾਹੌਲ ਸੀ। ਉਨਾਂ ਕਿਹਾ ਕਿ ਸਾਡੇ ਆਗੂ ਓਪੀ ਸੋਨੀ ਨੂੰ ਵੀ ਧਮਕੀ ਮਿਲੀ ਹੈ, ਜਿਸ ਸਬੰਧੀ ਅਸੀਂ ਸਭ ਨੂੰ ਜਾਣੂੰ ਕਰਵਾ ਦਿੱਤਾ ਹੈ, ਪਰ ਸਾਡੇ ਮੁੱਖ ਮੰਤਰੀ ਜਿਹੜੇ ਗ੍ਰਹਿ ਮੰਤਰੀ ਵੀ ਹਨ, ਇਹ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੇ ਮਾਮਲਿਆਂ ਵਿੱਚ ਉਹ ਖੁਲ ਗੱਲ ਕਰਨ, ਪਰ ਅਜਿਹਾ ਕੁੱਝ ਵੀ ਨਹੀਂ ਹੋਇਆ। ਆਗੂਆਂ ਨੇ ਕਿਹਾ ਕਿ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਨੇ 2 ਦਿਨਾਂ ਬਾਅਦ ਫਿਰ ਅਰਵਿੰਦ ਕੇਜਰੀਵਾਲ ਨਾਲ ਕੁੱਲੂ ਮਨਾਲੀ ਜਾਣ ਦਾ ਪ੍ਰੋਗਰਾਮ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਨ ਸਾਹਿਬ ਥੋੜ੍ਹਾ ਪੰਜਾਬ ਵੱਲ ਵੀ ਧਿਆਨ ਦਿਓ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਮਾਨ ਨੂੰ ਅਪੀਲ ਕਰਦੇ ਹਨ ਕਿ ਉਕਤ ਮਾਮਲੇ ਨੂੰ ਧਿਆਨ ਨਾਲ ਲਓ, ਕੁੱਲੂ ਮਨਾਲੀ ਦੇ ਚੱਕਰਾਂ ਨੂੰ ਛੱਡੋ।

Leave a Reply

Your email address will not be published.