ਭਾਰਤ ਤੇ ਇੰਗਲੈਂਡ ਵਲੋਂ 10 ਸਾਲਾ ‘ਰੋਡਮੈਪ-2030’ ਨੂੰ ਹਰੀ ਝੰਡੀ

Home » Blog » ਭਾਰਤ ਤੇ ਇੰਗਲੈਂਡ ਵਲੋਂ 10 ਸਾਲਾ ‘ਰੋਡਮੈਪ-2030’ ਨੂੰ ਹਰੀ ਝੰਡੀ
ਭਾਰਤ ਤੇ ਇੰਗਲੈਂਡ ਵਲੋਂ 10 ਸਾਲਾ ‘ਰੋਡਮੈਪ-2030’ ਨੂੰ ਹਰੀ ਝੰਡੀ

ਲੰਡਨ / ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਅਹਿਮ ਵਰਚੂਅਲ ਮੀਟਿੰਗ ਹੋਈ |

ਜਿਸ ‘ਚ ਦੋਵਾਂ ਨੇਤਾਵਾਂ ਨੇ ‘ਰੋਡਮੈਪ-2030’ ਨੂੰ ਹਰੀ ਝੰਡੀ ਦਿੰਦਿਆਂ ਅਗਲੇ ਦਹਾਕੇ ਦੌਰਾਨ ਭਵਿੱਖ ਦੇ ਸਹਿਯੋਗ ਲਈ ਸਹਿਮਤੀ ਪ੍ਰਗਟਾਈ | ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ‘ਰੋਡਮੈਪ-2030’ ਯੂ.ਕੇ.-ਭਾਰਤ ਰਿਸ਼ਤੇ ‘ਚ ਅਹਿਮ ਪ੍ਰਤੀਨਿਧਤਾ ਕਰਦਾ ਹੈ | ਅਧਿਕਾਰੀਆਂ ਨੇ ਕਿਹਾ ਕਿ ਦੋਵੇਂ ਦੇਸ਼ ਸਿਹਤ, ਜਲਵਾਯੂ ਪਰਿਵਰਤਨ, ਸਿੱਖਿਆ, ਵਿਗਿਆਨ, ਤਕਨਾਲੋਜੀ ਅਤੇ ਰੱਖਿਆ ‘ਚ ਇਕ-ਦੂਜੇ ਨੂੰ ਸਹਿਯੋਗ ਦੇਣਗੇ | ਉਨ੍ਹਾਂ ਕਿਹਾ ਕਿ ਅੱਜ ਅਸੀਂ ਜੋ ਸਮਝੌਤੇ ਕੀਤੇ ਹਨ, ਉਹ ਯੂ.ਕੇ.- ਭਾਰਤ ਸਬੰਧਾਂ ਵਿਚ ਨਵੇਂ ਯੁੱਗ ਦੀ ਸ਼ੁਰੂਆਤ ਨੂੰ ਦਰਸਾਉਂਦੇ ਹਨ | ਇਸ ਵਿਚ ‘ਵਧੀ ਹੋਈ ਵਪਾਰ ਭਾਈਵਾਲੀ’ ਪ੍ਰਤੀ ਵਚਨਬੱਧਤਾ ਵੀ ਸ਼ਾਮਿਲ ਹੈ, ਜਿਸ ਨਾਲ ਆਉਣ ਵਾਲੇ ਦਹਾਕੇ ਦੌਰਾਨ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦੇ ਉਦੇਸ਼ ਨਾਲ ਇਕ ਪੂਰਨ ਮੁਕਤ ਵਪਾਰ ਸਮਝੌਤੇ ਦਾ ਰਾਹ ਪੱਧਰਾ ਕੀਤਾ ਗਿਆ ਹੈ | ਜੌਹਨਸਨ ਨੇ ਕਿਹਾ ਕਿ ਯੂ.ਕੇ. ਅਤੇ ਭਾਰਤ ਬਹੁਤ ਸਾਰੀਆਂ ਬੁਨਿਆਦੀ ਕਦਰਾਂ-ਕੀਮਤਾਂ ਸਾਂਝੀਆਂ ਕਰਦੇ ਹਨ | ਬਰਤਾਨੀਆ ਸਭ ਤੋਂ ਪੁਰਾਣੇ ਲੋਕਤੰਤਰਾਂ ਵਿਚੋਂ ਇਕ ਹੈ ਅਤੇ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਦੋਵੇਂ ਰਾਸ਼ਟਰਮੰਡਲ ਦੇ ਵਚਨਬੱਧ ਮੈਂਬਰ ਹਾਂ ਅਤੇ ਇਥੋਂ ਦਾ ਜੀਵਨ ਪੁਲ ਸਾਡੇ ਦੇਸ਼ਾਂ ਦੇ ਲੋਕਾਂ ਨੂੰ ਜੋੜਦਾ ਹੈ |

ਉਨ੍ਹਾਂ ਨੇ ਕਿਹਾ ਕਿ ਭਿਆਨਕ ਸਮੇਂ ਦੌਰਾਨ ਪਿਛਲੇ ਹਫ਼ਤੇ ਭਾਰਤੀ ਦੋਸਤਾਂ ਦੀ ਮਦਦ ਲਈ ਬਹੁ ਗਿਣਤੀ ‘ਚ ਬਰਤਾਨਵੀ ਲੋਕ ਅੱਗੇ ਆਏ ਜੋ ਯੂ.ਕੇ. ਦੇ ਭਾਰਤ ਦੇ ਡੂੰਘੇ ਰਿਸ਼ਤਿਆਂ ਦੀ ਮਿਸਾਲ ਹੈ | ਇਹ ਸਬੰਧ ਅਗਲੇ ਦਹਾਕੇ ‘ਚ ਹੋਰ ਵੀ ਵਧਣਗੇ, ਕਿਉਂਕਿ ਅਸੀਂ ਵੱਡੀਆਂ ਸਮੱਸਿਆਵਾਂ ਨਾਲ ਨਜਿੱਠਣ ਅਤੇ ਆਪਣੇ ਲੋਕਾਂ ਲਈ ਜੀਵਨ ਨੂੰ ਬਿਹਤਰ ਬਣਾਉਣ ਲਈ ਮਿਲ ਕੇ ਹੋਰ ਕੰਮ ਕਰ ਰਹੇ ਹਾਂ | ਅੱਜ ਅਸੀਂ ਜੋ ਸਮਝੌਤੇ ਕੀਤੇ ਹਨ ਉਹ ਯੂ.ਕੇ.-ਭਾਰਤ ਸਬੰਧਾਂ ‘ਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਨੂੰ ਦਰਸਾਉਂਦੇ ਹਨ | ਜੌਹਨਸਨ ਨੇ 1 ਅਰਬ ਪੌਂਡ ਦੀ ਕੀਮਤ ਦੇ ਯੂ.ਕੇ.-ਭਾਰਤ ਵਪਾਰ ਤੇ ਨਿਵੇਸ਼ ਦਾ ਐਲਾਨ ਕੀਤਾ | ਬਿਆਨ ਅਨੁਸਾਰ 1 ਅਰਬ ਪੌਂਡ ਦੇ ਨਵੇਂ ਬਰਤਾਨੀਆ-ਭਾਰਤ ਵਪਾਰ ਤੇ ਨਿਵੇਸ਼ ਦੀ ਬਦੌਲਤ 6500 ਨਵੇਂ ਰੁਜ਼ਗਾਰ ਪੈਦਾ ਹੋਣਗੇ | ਉਧਰ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ-ਬਰਤਾਨੀਆ ਦੇ ਰਿਸ਼ਤਿਆਂ ਨੂੰ ਨਵੀਂ ਉਚਾਈ ਦਿੰਦੇ ਹੋਏ ਇਕ 10 ਸਾਲਾ ਖਾਕੇ ਨੂੰ ਸਵੀਕਾਰ ਕੀਤਾ ਹੈ | ਬੈਠਕ ਤੋਂ ਬਾਅਦ ਮੋਦੀ ਨੇ ਟਵੀਟ ਕੀਤਾ ਕਿ ਭਾਰਤ ਤੇ ਬਰਤਾਨੀਆ ਦੇ ਰਿਸ਼ਤਿਆਂ ਨੂੰ ਡੂੰਘੀ ਰਣਨੀਤਕ ਸਾਂਝੇਦਾਰੀ ‘ਚ ਬਦਲਣ ਲਈ ਅਸੀਂ ਮਹੱਤਵਪੂਰਨ ‘ਰੋਡਮੈਪ-2030’ ਨੂੰ ਸਵੀਕਾਰ ਕੀਤਾ ਹੈ | ਮੋਦੀ ਨੇ ਕਿਹਾ ਕਿ ਅਸੀਂ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਾਂਝੇਦਾਰੀ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ ਤੇ ਟੀਚਾ ਹੈ ਕਿ 2030 ਤੱਕ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਦੁੱਗਣਾ ਕਰ ਦਿੱਤਾ ਜਾਵੇ |

Leave a Reply

Your email address will not be published.