ਭਗਵੰਤ ਮਾਨ ਨੇ ਦਿੱਲੀ ਸਰਕਾਰ ਦੀ ਦਖਲਅੰਦਾਜ਼ੀ ਨੂੰ ਮਨਜ਼ੂਰੀ ਦਿੱਤੀ: ਸੁਖਬੀਰ

ਚੰਡੀਗੜ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ  ਕਿਹਾ ਹੈ ਕਿ ਦਿੱਲੀ ਅਤੇ ਪੰਜਾਬ ਸਰਕਾਰ ਨੇ ਬਿਹਤਰ ਸਿਹਤ, ਸਿੱਖਿਆ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਨੂੰ ਸਮਰੱਥ ਬਣਾਉਣ ਲਈ ‘ਗਿਆਨ ਸਾਂਝਾ ਸਮਝੌਤਾ’ ‘ਤੇ ਦਸਤਖਤ ਕੀਤੇ।

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗਿਆਨ ਸਾਂਝਾ ਕਰਨ ਲਈ ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਅਧਿਕਾਰੀਆਂ ਅਤੇ ਮੰਤਰੀਆਂ ਨੂੰ ਇਕ-ਦੂਜੇ ਦੇ ਦੌਰੇ ‘ਤੇ ਭੇਜਣਗੀਆਂ।ਉਧਰ, ਵਿਰੋਧੀ ਧਿਰਾਂ ਨੇ ਆਪ ਨੂੰ ਇਸ ਮੁੱਦੇ ਉਤੇ ਘੇਰ ਲਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਸਮਝੌਤੇ ਉਤੇ ਆਖਿਆ ਹੈ ਕਿ ਪੰਜਾਬ ਲਈ ਇਹ ਕਾਲਾ ਦਿਨ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਮਓਯੂ ‘ਤੇ ਦਸਤਖਤ ਕਰਕੇ ਪੰਜਾਬ ਵਿੱਚ ਦਿੱਲੀ ਸਰਕਾਰ ਦੀ ਦਖਲਅੰਦਾਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਧਰ. ਭਾਜਪਾ ਆਗੂ ਹਰਜੀਤ ਗਰੇਵਾਲ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਦਿੱਲੀ ਸਰਕਾਰ ਨਾਲ ਸਮਝੌਤਾ ਕੀਤਾ ਹੈ ਅਤੇ ਇਸ ਸਮਝੌਤੇ ਤਹਿਤ ਦਿੱਲੀ ਸਰਕਾਰ ਦੇ ਅਧਿਕਾਰੀ ਪੰਜਾਬ ਦੇ ਅਧਿਕਾਰੀਆਂ ਨੂੰ ਸਲਾਹ ਦੇਣਗੇ।

ਕੇਜਰੀਵਾਲ ਦਿੱਲੀ ਵਿੱਚ ਬੈਠ ਕੇ ਪੰਜਾਬ ਨੂੰ ਕੰਟਰੋਲ ਕਰਨਾ ਚਾਹੁੰਦੇ ਹਨ, ਅੱਜ ਤੱਕ ਕਦੇ ਵੀ ਇੱਕ ਸੂਬੇ ਨੇ ਦੂਜੇ ਸੂਬੇ ਨਾਲ ਅਜਿਹਾ ਸਮਝੌਤਾ ਨਹੀਂ ਕੀਤਾ। ਇਹ ਪੰਜਾਬੀਆਂ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਦੇਸ਼ ਦੇ ਨਾਲ-ਨਾਲ ਕਈ ਵਿਦੇਸ਼ਾਂ ਦੀਆਂ ਸਰਕਾਰਾਂ ਵਿਚ ਸ਼ਾਮਲ ਹਨ ਅਤੇ ਉਥੋਂ ਦੀਆਂ ਸਰਕਾਰਾਂ ਚਲਾ ਰਹੇ ਹਨ। ਇਸ ਸਮਝੌਤੇ ਨੇ ਪੂਰੇ ਪੰਜਾਬ ਨੂੰ ਸ਼ਰਮਸ਼ਾਰ ਕੀਤਾ ਹੈ ਕਿ ਸਾਨੂੰ ਦਿੱਲੀ ਦੀ ਸਲਾਹ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਦੀ ਸਖ਼ਤ ਨਿਖੇਧੀ ਕਰਦੇ ਹਾਂ ਅਤੇ ਇਸ ਮਾਮਲੇ ਨੂੰ ਲੋਕਾਂ ਤੱਕ ਪਹੁੰਚਾਵਾਂਗੇ। ਅਰਵਿੰਦ ਕੇਜਰੀਵਾਲ, ਪ੍ਰਧਾਨ ਮੰਤਰੀ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੀ ਦਿਲਚਸਪੀ ਮੁੱਖ ਮੰਤਰੀ ਬਣਨ ਵਿੱਚ ਨਹੀਂ ਸਗੋਂ ਪ੍ਰਧਾਨ ਮੰਤਰੀ ਬਣਨ ਵਿੱਚ ਹੈ।

Leave a Reply

Your email address will not be published. Required fields are marked *