ਬੇਅਦਬੀ ਮਾਮਲਾ: ਪੰਜਾਬ ਕਾਂਗਰਸ ਵਿਚ ਅੰਦਰੂਨੀ ਖਿੱਚੋਤਾਣ ਹੋਰ ਵਧੀ

Home » Blog » ਬੇਅਦਬੀ ਮਾਮਲਾ: ਪੰਜਾਬ ਕਾਂਗਰਸ ਵਿਚ ਅੰਦਰੂਨੀ ਖਿੱਚੋਤਾਣ ਹੋਰ ਵਧੀ
ਬੇਅਦਬੀ ਮਾਮਲਾ: ਪੰਜਾਬ ਕਾਂਗਰਸ ਵਿਚ ਅੰਦਰੂਨੀ ਖਿੱਚੋਤਾਣ ਹੋਰ ਵਧੀ

ਚੰਡੀਗੜ੍ਹ: ਬੇਅਦਬੀ ਕਾਂਡ ਦੇ ਮੁੱਦੇ ‘ਤੇ ਕਾਂਗਰਸ ਪਾਰਟੀ ਅੰਦਰ ਸਿਆਸੀ ਖਿੱਚੋਤਾਣ ਲਗਾਤਾਰ ਵਧਦੀ ਜਾ ਰਹੀ ਹੈ।

ਨਵਜੋਤ ਸਿੱਧੂ ਤੋਂ ਬਾਅਦ ਵੱਡੀ ਗਿਣਤੀ ਕਾਂਗਰਸੀ ਵਿਧਾਇਕ ਵੀ ਆਪਣੇ ਰੋਸੇ ਜ਼ਾਹਿਰ ਕਰਨ ਲੱਗੇ ਹਨ। ਇਥੋਂ ਤੱਕ ਕਿ ਕੈਪਟਨ ਦੇ ਮੰਤਰੀ ਵੀ ਬਗਾਵਤੀ ਸੁਰ ਅਲਾਪਣ ਲੱਗੇ ਹਨ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਚੰਡੀਗੜ੍ਹ ‘ਚ ਹੋਣ ਦੇ ਬਾਵਜੂਦ ਕੈਬਨਿਟ ਮੀਟਿੰਗ ‘ਚੋਂ ਗੈਰ-ਹਾਜਰ ਰਹੇ। ਮੰਨਿਆ ਜਾ ਰਿਹਾ ਹੈ ਕਿ ਸ੍ਰੀ ਰੰਧਾਵਾ ਦੀ ਬੇਅਦਬੀ ਦੇ ਮਾਮਲੇ ‘ਤੇ ਮੁੱਖ ਮੰਤਰੀ ਨਾਲ ਨਾਰਾਜ਼ਗੀ ਦੂਰ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਕੈਬਨਿਟ ਮੀਟਿੰਗ ਵਿਚ ਸਹਿਕਾਰਤਾ ਮੰਤਰੀ ਨੇ ਕੈਬਨਿਟ ਮੀਟਿੰਗ ਵਿਚ ਬੇਅਦਬੀ ਕਾਂਡ ਬਾਰੇ ਖਰੀਆਂ-ਖਰੀਆਂ ਸੁਣਾਈਆਂ ਸਨ। ਉਨ੍ਹਾਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਨਾਲ ਆਪਣਾ ਅਸਤੀਫਾ ਵੀ ਪੇਸ਼ ਕੀਤਾ ਸੀ। ਇਸ ਤੋਂ ਬਾਅਦ ਹੋਰ ਵੀ ਸੀਨੀਅਰ ਆਗੂ ਸਰਕਾਰ ਦੀ ਨਾਲਾਇਕੀ ਖਿਲਾਫ ਆਵਾਜ਼ ਬੁਲੰਦ ਕਰਨ ਲੱਗੇ ਹਨ। ਉਧਰ, ਨਵਜੋਤ ਸਿੱਧੂ ਦੇ ਨੇੜਲੇ ਸਾਥੀ ਅਤੇ ਵਿਧਾਇਕ ਪਰਗਟ ਸਿੰਘ ਨੇ ਵੀ ਕੈਪਟਨ ਖਿਲਾਫ ਮੁੜ ਮੋਰਚਾ ਖੋਲ੍ਹ ਦਿੱਤਾ ਹੈ। ਕੈਪਟਨ ਨੂੰ ਗੈਰ-ਕਾਨੂੰਨੀ ਰੇਤਾ-ਬਜਰੀ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਕਾਰਵਾਈ ਲਈ ਆਖਦਿਆਂ ਉਸ ਨੇ ਕਿਹਾ ਕਿ ਅਮਰਿੰਦਰ ਸਿੰਘ 2017 ਵਾਲਾ ਕੈਪਟਨ ਨਹੀਂ ਰਿਹਾ ਹੈ।

ਇਸ ਤੋਂ ਇਲਾਵਾ ਕੈਪਟਨ ਨਾਲ ਮੀਟਿੰਗ ਵਿਚ ਮਾਝੇ ਦੇ ਵਿਧਾਇਕਾਂ ਨੇ ਬੇਅਦਬੀ ਮਾਮਲੇ ਦੀ ਗੱਲ ਜ਼ੋਰਦਾਰ ਤਰੀਕੇ ਨਾਲ ਉਠਾਈ ਤੇ ਸਾਫ ਆਖ ਦਿੱਤਾ ਹੈ ਕਿ ਜੇਕਰ ਇਸ ਮਾਮਲੇ ਵਿਚ ਕਾਂਗਰਸ ਸਰਕਾਰ ਇਨਸਾਫ ਦੇਣ ਵਿਚ ਖੁੰਝ ਗਈ ਤਾਂ ਪੰਜਾਬ ਦੇ ਲੋਕਾਂ ‘ਚ ਜਾਣਾ ਮੁਸ਼ਕਲ ਹੋ ਜਾਵੇਗਾ। ਲੋਕਾਂ ਦਾ ਭਰੋਸਾ ਬਣਿਆ ਰੱਖਣ ਲਈ ਸਰਕਾਰ ਫੌਰੀ ਨਵੀਂ ਵਿਸ਼ੇਸ਼ ਜਾਂਚ ਟੀਮ ਬਣਾ ਕੇ ਮੁਲਜ਼ਮਾਂ ਨੂੰ ਸਜਾ ਦੇਵੇ। ਜਦੋਂ ਮੁੱਖ ਮੰਤਰੀ ਦੀ ਟੀਮ ਨੇ ਮਾਝੇ ਦੇ ਵਿਧਾਇਕਾਂ ਨੂੰ ਕੋਟਕਪੂਰਾ ਗੋਲੀ ਕਾਂਡ ਤੇ ਬੇਅਦਬੀ ਕਾਂਡ ਬਾਰੇ ਕਾਨੂੰਨੀ ਨੁਕਤੇ ਸਮਝਾਉਣ ਦੀ ਗੱਲ ਤੋਰੀ ਤਾਂ ਰੋਹ ਵਿਚ ਆਏ ਮਝੈਲ ਵਿਧਾਇਕਾਂ ਨੇ ਸਾਫ ਤੌਰ ‘ਤੇ ਆਖ ਦਿੱਤਾ,”ਕਾਨੂੰਨੀ ਨੁਕਤੇ ਨਾ ਸਮਝਾਓ, ਸਾਨੂੰ ਇਹ ਦੱਸੋ ਅਸਲ ਮੁਲਜ਼ਮਾਂ ਨੂੰ ਅੰਦਰ ਕਦੋਂ ਕਰੋਗੇ।“ ਮਾਝੇ ਦੇ ਵਿਧਾਇਕਾਂ ਦੀ ਮੀਟਿੰਗ ਵਿਚ ਦੋਆਬੇ ਦੇ ਵਿਧਾਇਕਾਂ ਦੀ ਮੀਟਿੰਗ ਨਾਲੋਂ ਮਾਹੌਲ ਕਾਫੀ ਗਰਮ ਰਿਹਾ। ਇਕ ਵਿਧਾਇਕ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ਮਾਲਵੇ ਨੂੰ ਤਾਂ ਛੱਡੋ ਮਾਝੇ ਵਾਲੇ ਹੀ ਨੂੰ ਫੜ ਲਓ। ਮੁੱਖ ਮੰਤਰੀ ਨੂੰ ਇਕ ਗੇੜ ਵਿਚ ਦੋਆਬੇ ਦੇ ਵਿਧਾਇਕ ਮਿਲੇ ਜਿਨ੍ਹਾਂ ਵਿਚ ਸਭ ਤੋਂ ਵੱਧ ਖੁੱਲ੍ਹ ਕੇ ਵਿਧਾਇਕ ਪਰਗਟ ਸਿੰਘ ਬੋਲੇ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ‘ਤੇ ਲਿੱਪਾਪੋਚੀ ਕਰਨ ਦੀ ਥਾਂ ਇਸ ਜਾਂਚ ਨੂੰ ਜਲਦੀ ਤਣ ਪੱਤਣ ਲਾਉਣਾ ਚਾਹੀਦਾ ਹੈ ਅਤੇ ਇਸ ਮਾਮਲੇ ‘ਤੇ ਨਿਆਂ ਮਿਲਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਲੋਕਾਂ ‘ਚ ‘ਦੋਸਤਾਨਾ ਮੈਚ‘ ਦਾ ਗਲਤ ਸੁਨੇਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਵਿਚ ਅਸੀਂ ਚਾਰ ਵਰ੍ਹਿਆਂ ਮਗਰੋਂ ਵੀ ਉਸੇ ਥਾਂ ‘ਤੇ ਖੜ੍ਹੇ ਹਾਂ ਜਦੋਂ ਕਿ ਅਕਾਲੀ ਦਲ ਖੁਸ਼ੀ ਮਨਾ ਰਿਹਾ ਹੈ। ਇਸੇ ਦੌਰਾਨ ਰਾਣਾ ਗੁਰਜੀਤ ਸਿੰਘ ਨੇ ਵੀ ਮੁੱਖ ਮੰਤਰੀ ਨੂੰ ਲੋਕਾਂ ਦੀ ਆਵਾਜ਼ ਤੋਂ ਜਾਣੂ ਕਰਾਇਆ ਕਿ ਲੋਕ ਸਰਕਾਰ ਬਾਰੇ ‘ਦੋਸਤਾਨਾ ਮੈਚ‘ ਦੀਆਂ ਗੱਲਾਂ ਕਰ ਰਹੇ ਹਨ। ਪਤਾ ਲੱਗਾ ਹੈ ਕਿ ਵਿਧਾਇਕ ਹਰਦੇਵ ਸਿੰਘ ਲਾਡੀ ਸੇਰੋਂਵਾਲੀਆ ਨੇ ਵੀ ਕਿਹਾ ਕਿ ਲੋਕ ਇਹ ਆਖ ਰਹੇ ਹਨ ਕਿ ਦੋਵੇਂ ਧਿਰਾਂ ਰਲ ਗਈਆਂ ਹਨ ਜਿਸ ਕਰਕੇ ਸਰਕਾਰ ਨੂੰ ਸਪਸ਼ਟ ਕਰਨਾ ਚਾਹੀਦਾ ਹੈ। ਵਿਧਾਇਕ ਨਵਤੇਜ ਚੀਮਾ ਦਾ ਕਹਿਣਾ ਸੀ ਕਿ ਬੇਅਦਬੀ ਮਾਮਲੇ ‘ਤੇ ਸਰਕਾਰ ਨੂੰ ਆਪਣੀ ਸਥਿਤੀ ਲੋਕਾਂ ਵਿਚ ਜਲਦੀ ਸਾਫ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਹੀ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਪੱਖ ਰੱਖਿਆ ਕਿ ਸਰਕਾਰ ਨੂੰ ਬੇਅਦਬੀ ਮਾਮਲੇ ਵਿਚ ਇਨਸਾਫ ਦੇਣਾ ਪਵੇਗਾ। ਮੁੱਖ ਮੰਤਰੀ ਦੇ ਨਾਲ ਬੈਠੀ ਕਾਨੂੰਨੀ ਟੀਮ ਨੇ ਸਾਰੇ ਵਿਧਾਇਕਾਂ ਨੂੰ ਕਾਨੂੰਨੀ ਨੁਕਤੇ ਸਮਝਾਏ ਅਤੇ ਮੁੱਖ ਮੰਤਰੀ ਨੇ ਇਹ ਵੀ ਹਦਾਇਤ ਕੀਤੀ ਕਿ ਲੋਕਾਂ ਨੂੰ ਸਰਕਾਰ ਤਰਫੋਂ ਉਠਾਏ ਕਦਮਾਂ ਅਤੇ ਇਨ੍ਹਾਂ ਮਾਮਲਿਆਂ ਵਿਚ ਹਾਸਲ ਕੀਤੀ ਸਫਲਤਾ ਤੋਂ ਜਾਣੂ ਕਰਾਇਆ ਜਾਵੇ।ਮੁੱਖ ਮੰਤਰੀ ਤਰਫੋਂ ਇਹੋ ਆਖਿਆ ਗਿਆ ਕਿ ਵਿਧਾਇਕ ਆਪੋ ਆਪਣੇ ਹਲਕੇ ਵਿਚ ਲੋਕਾਂ ਦੇ ਇਸ ਮਾਮਲੇ ਵਿਚ ਬਣੇ ਭਰਮ ਭੁਲੇਖੇ ਦੂਰ ਕਰਨ। ਅੱਜ ਮੀਟਿੰਗ ਵਿਚ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਹਾਜਰ ਸਨ। ਦੱਸਣਯੋਗ ਹੈ ਕਿ ਲੰਘੇ ਦਿਨ ਮਾਲਵਾ ਖ਼ਿੱਤੇ ਦੇ ਵਿਧਾਇਕਾਂ ਨਾਲ ਮੁੱਖ ਮੰਤਰੀ ਨੇ ਮੀਟਿੰਗ ਕੀਤੀ ਸੀ।

Leave a Reply

Your email address will not be published.