ਬਿਜਲੀ ਸੰਕਟ ਵੱਲ ਵਧ ਰਿਹੈ ਪੰਜਾਬ, ਕੋਲੇ ਦੀ ਕਮੀ ਕਰਕੇ ਯੂਨਿਟ ਹੋਏ ਬੰਦ

ਚੰਡੀਗੜ੍ਹ : ਇੱਕ ਤਾਂ ਗਰਮੀ ਦਾ ਕਹਿਰ ਦੂਜਾ ਪਿਛਲੇ ਦਿਨਾਂ ਤੋਂ ਪੂਰੇ ਪੰਜਾਬ ਵਿੱਚ ਵੱਡੇ-ਵੱਡੇ ਬਿਜਲੀ ਕੱਟਾਂ ਨੇ ਲੋਕਾਂ ਲਈ ਵੱਡੀ ਪਰੇਸ਼ਾਨੀ ਖੜ੍ਹੀ ਕਰ ਰੱਖੀ ਹੈ। ਕੋਲੇ ਦੀ ਕਮੀ ਕਰਕੇ ਪੰਜਾਬ ਬਿਜਲੀ ਸੰਕਟ ਵੱਲ ਵੱਧ ਰਿਹਾ ਹੈ। ਰੋਪੜ ਅਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਦੀਆਂ 2-2 ਯੂਨਿਟ ਬੰਦ ਹੋ ਗਏ ਹਨ। ਗੋਇੰਦਵਾਲ ਸਾਹਿਬ ਪਾਵਰ ਪਲਾਂਟ ਦੀ ਇੱਕ ਯੂਨਿਟ ਬੰਦ ਹੈ।ਪੰਜਾਬ ਵਿੱਚ ਬਿਜਲੀ ਦੀ 7300 ਮੈਗਾਵਾਟ ਬਿਜਲੀ ਦੀ ਮੰਗ ਹੈ ਤੇ ਉਤਪਾਦਨ 4000 ਮੈਗਾਵਾਟ ਹੋ ਰਿਹਾ। ਪਾਵਰਕੌਮ ਨੇ ਬਾਹਰੋਂ ਖਰੀਦੀ 3000 ਮੈਗਾਵਾਟ ਬਿਜਲੀ ਖਰੀਦੀ ਹੈ। 10 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦੀ ਜਾ ਰਹੀ ਹੈ। ਨਤੀਜੇ ਵਜੋਂ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਿਸ਼ੇਸ਼ ਤੌਰ ‘ਤੇ ਪੇਂਡੂ ਖੇਤਰਾਂ ਵਿੱਚ ਅਣ-ਅਧਾਰਿਤ ਬਿਜਲੀ ਕੱਟਾਂ ਦਾ ਸਹਾਰਾ ਲੈ ਰਹੀ ਹੈ।ਪੰਜਾਬ ਵਿੱਚ ਰੋਜ਼ਾਨਾ 4-5 ਘੰਟੇ ਦੇ ਬਿਜਲੀ ਕੱਟ ਲੱਗ ਰਹੇ ਹਨ। ਜਾਣਕਾਰੀ ਮੁਤਾਬਿਕ ਤਲਵੰਡੀ ਸਾਬੋ ਪਾਵਰ ਪਲਾਂਟ ਦੇ ਇੱਕ 660 ਮੈਗਾਵਾਟ ਯੂਨਿਟ ਦੇ ਬਾਇਲਰ ਵਿੱਚ ਲੀਕ ਹੋਣ ਕਾਰਨ ਬਿਜਲੀ ਉਤਪਾਦਨ ਰੁਕ ਗਿਆ ਹੈ। ਪਹਿਲਾਂ ਹੀ, ਉਸੇ ਸਮਰੱਥਾ ਦੀ ਇੱਕ ਹੋਰ ਯੂਨਿਟ ਦੀ ਮੁਰੰਮਤ ਚੱਲ ਰਹੀ ਹੈ, ਜਿਸ ਨਾਲ 1,980 ਮੈਗਾਵਾਟ ਪਲਾਂਟ ਦੀ ਉਤਪਾਦਨ ਸਮਰੱਥਾ ਘਟ ਕੇ ਸਿਰਫ਼ 660 ਮੈਗਾਵਾਟ ਰਹਿ ਗਈ ਹੈ। ਰੋਪੜ ਥਰਮਲ ਪਲਾਂਟ ਵਿੱਚ ਇਸ ਸਮੇਂ ਕੁੱਲ 352 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਸਿਰਫ਼ 2 ਯੂਨਿਟਾਂ (174 178=352) ਤੋਂ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਰੋਪੜ ਥਰਮਲ ਪਲਾਂਟ 4 ਯੂਨਿਟ ਬਿਜਲੀ ਪੈਦਾ ਕਰਦਾ ਹੈ ਅਤੇ ਹਰੇਕ ਯੂਨਿਟ ਦੀ ਉਤਪਾਦਨ ਸਮਰੱਥਾ 210 ਮੈਗਾਵਾਟ ਹੈ, ਰੋਪੜ ਥਰਮਲ ਪਲਾਂਟ ਦੀ ਕੁੱਲ 840 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਹੈ।

ਰੋਪੜ ਪਲਾਂਟ ਵਿੱਚ 210 ਮੈਗਾਵਾਟ ਦਾ ਇੱਕ ਹੋਰ ਯੂਨਿਟ ਵੀ ਇਸੇ ਤਰ੍ਹਾਂ ਦੀ ਸਮੱਸਿਆ ਪੈਦਾ ਹੋਣ ਤੋਂ ਬਾਅਦ ਕੰਮ ਤੋਂ ਬਾਹਰ ਹੋ ਗਿਆ ਹੈ। ਦੋਵੇਂ ਯੂਨਿਟਾਂ ਨੂੰ ਚਾਲੂ ਹੋਣ ਲਈ ਘੱਟੋ-ਘੱਟ ਦੋ ਦਿਨ ਲੱਗਣਗੇ।

ਹੀਟਵੇਵ ਦੇ ਦੌਰਾਨ, ਪੰਜਾਬ ਵਿੱਚ ਬਿਜਲੀ ਪੈਦਾ ਕਰਨ ਵਾਲੀਆਂ ਦੋ ਹੋਰ ਯੂਨਿਟਾਂ ਦੇ ਬੰਦ ਹੋਣ ਕਾਰਨ ਲਗਾਤਾਰ ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਉਗਰਾਹਾਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਕਿਉਂਕਿ ਪੰਜਾਬ ਦੇ ਲੋਕ ਬਿਜਲੀ ਦੇ ਅਣ-ਐਲਾਨੇ ਕੱਟਾਂ ਦੀ ਮਾਰ ਝੱਲ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ  ਘਰਾਂ ਅਤੇ ਖੇਤਾਂ ਵਿੱਚ ਬਿਜਲੀ ਸਪਲਾਈ ਨਾ ਹੋਣ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬੀਕੇਯੂ ਯੂਨੀਅਨ ਦੇ ਮੈਂਬਰਾਂ ਨੇ ਪੀਐਸਪੀਸੀਐਲ ਅਤੇ ਸੂਬਾ ਸਰਕਾਰ ਖ਼ਿਲਾਫ਼ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਿਆਂ ਜੋਗਾ ਬਿਜਲੀ ਵਿਭਾਗ ਦੇ ਬਾਹਰ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਹਾਲਾਂਕਿ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਦਾ ਦਾਅਵਾ ਹੈ ਕਿ ਕੋਈ ਕਮੀ ਨਹੀਂ ਹੈ ਅਤੇ ਅੱਗ ਦੀਆਂ ਘਟਨਾਵਾਂ ਤੋਂ ਬਚਣ ਲਈ ਬਿਜਲੀ ਕੱਟ ਲਗਾਏ ਗਏ ਹਨ।

ਪਟਿਆਲਾ : ਪੰਜਾਬ ਵਿੱਚ ਬਿਜਲੀ ਦਾ ਮੰਗ ਪੂਰੀ ਕਰਨਾ ਪੀਐਲਪੀਸੀਐਲ ਦੇ ਵਸੋਂ ਬਾਹਰ ਹੋ ਗਿਆ ਹੈ। ਬਿਜਲੀ ਬੰਦ ਹੋਣ ਤੇ ਬਿਜਲੀ ਦੀ ਮੰਗ ਵਧਣ ਦੀ ਦੁਹਾਈ ਪਾਉੰਦਿਆਂ ਖਪਤਕਾਰਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਜਾਣ ਲੱਗੀ ਹੈ। ਸਮੂਹ ਐਸਡੀਓਜ਼ ਨੂੰ ਵ੍ਹਟਸਐਪ ਤੇ ਮੈਸੇਜ ਭੇਜਿਆ ਹੈ ਕਿ ਪਿੰਡਾਂ ਅਤੇ ਕਸਬਿਆਂ ਵਿੱਚ ਅਨਾਊਂਸਮੈਂਟ ਕਰਵਾ ਕੇ ਇਹ ਦੱਸਿਆ ਜਾਵੇ ਕਿ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਦੇ ਦੋ ਯੂਨਿਟ ਤੇ ਤਲਵੰਡੀ ਸਾਬੋ ਦੋ ਯੂਨਿਟ ਤਕਨੀਕੀ ਖ਼ਰਾਬੀ ਕਰਕੇ ਬੰਦ ਹਨ, ਜਦਕਿ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਇੱਕ ਯੂਨਿਟ ਕੋਲੇ ਦੀ ਘਾਟ ਕਰਕੇ ਬੰਦ ਰੱਖਿਆ ਗਿਆ ਹੈ।

ਪੰਜਾਬ ਵਿੱਚ ਕੁੱਲ ਮਿਲਾ ਕੇ ਪੰਦਰਾਂ ਯੂਨਿਟਾਂ ਵਿੱਚੋਂ ਪੰਜ ਯੂਨਿਟ ਬੰਦ ਹਨ ਅਤੇ ਦੋ ਹਜ਼ਾਰ ਮੈਗਾਵਾਟ ਦੀ ਕਮੀ ਨਾਲ ਪਾਵਰਕਾਮ ਨੂੰ ਜੂਝਣਾ ਪੈ ਰਿਹਾ ਹੈ।

ਪਾਵਰਕਾਮ ਨੇ ਵ੍ਹਟਸਐਪ ਰਾਹੀਂ ਸਾਰੇ ਐੱਸਡੀਓ ਜੇਈਜ਼ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੇ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਤਲਵੰਡੀ ਸਾਬੋ ਅਤੇ  ਰੋਪੜ ਥਰਮਲਾਂ ਦੇ ਯੂਨਿਟਾਂ ਦੇ ਖ਼ਰਾਬ ਹੋਣ ਸਬੰਧੀ ਅਨਾਊਂਸਮੈਂਟ ਕਰਵਾਉਣ ਕਿ ਉਨ੍ਹਾਂ ਥਰਮਲਾਂ ਦੇ ਬੰਦ ਹੋਣ ਨਾਲ ਇੱਕ ਦਮ 800 ਮੈਗਾਵਾਟ ਬਿਜਲੀ ਦੀ ਘਾਟ ਪੈਦਾ ਹੋ ਗਈ ਹੈ। ਜਿਸ ਕਰਕੇ ਮਹਿਕਮੇ ਨੂੰ ਮਜਬੂਰੀ ਵਿੱਚ ਫੀਡਰਾਂ ਤੇ ਕੱਟ ਲਗਾਉਣੇ ਪੈ ਰਹੇ ਹਨ, ਇਨ੍ਹਾਂ ਥਰਮਲਾਂ ਦੀ ਸਪਲਾਈ ਤਿੰਨ ਦਿਨਾਂ ਤਕ ਚਾਲੂ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਬਿਜਲੀ ਦੀ ਸਥਿਤੀ ਪਹਿਲਾਂ ਵਾਂਗ ਆਮ ਹੋ ਜਾਵੇਗੀ ਸਮੂਹ ਵਡਮੁੱਲੇ ਖਪਤਕਾਰਾਂ ਨੂੰ ਬੇਨਤੀ ਹੈ ਕਿ ਉਹ ਇਸ ਸੰਕਟ ਦੀ ਘੜੀ ਨੂੰ ਸਮਝਦੇ ਹੋਏ ਇਸ ਨਾਜ਼ੁਕ ਸਥਿਤੀ ਵਿੱਚ ਮਹਿਕਮੇ ਦੀ ਮੱਦਦ ਕਰਨ ਅਤੇ ਸ਼ਾਂਤੀ ਬਣਾਈ ਰੱਖਣ, ਮਹਿਕਮੇ ਵੱਲੋਂ ਖਪਤਕਾਰਾਂ ਨੂੰ ਸਪਲਾਈ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *