ਪੰਜਾਬ ਦੇ ਨਵੇਂ ਸੀ.ਐਮ ਅੱਗੇ ਵੱਡੀ ਚੁਣੌਤੀਆਂ

ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ।

ਪਾਰਟੀ ਨੇ ਸੂਬੇ ਦੀਆਂ ਕੁੱਲ 117 ਵਿਧਾਨ ਸਭਾ ਸੀਟਾਂ ਵਿੱਚੋਂ 92 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਹੈ। ਸੱਤਾਧਾਰੀ ਕਾਂਗਰਸ ਪਾਰਟੀ ਨੂੰ ਸਿਰਫ਼ 18 ਸੀਟਾਂ ਮਿਲੀਆਂ ਅਤੇ ਪੰਜਾਬ ਦੀ 100 ਪੁਰਾਣੀ ਸਿਆਸੀ ਪਾਰਟੀ ਅਕਾਲੀ ਦਲ ਕੇਵਲ 3 ਸੀਟਾਂ ਤੱਕ ਸਿਮਟ ਗਈ ਹੈ।

ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿੰਨਾ ਵੱਡਾ ਫ਼ਤਵਾ ਦਿੱਤਾ ਹੈ, ਉਸ ਤੋਂ ਸਾਫ਼ ਹੈ ਕਿ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਕਿੰਨੀਆਂ ਵੱਡੀਆਂ ਹਨ।

ਇਨ੍ਹਾਂ ਆਸਾਂ ਨੂੰ ਪੂਰਾ ਕਰਨਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਲਈ ਵੱਡੀ ਚੂਣੌਤੀ ਹੋਵੇਗਾ।

ਫਿਲਹਾਲ ਦੇਖਦੇ ਹਾਂ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਅੱਗੇ ਮੁੱਖ ਮੰਤਰੀ ਬਣਦਿਆਂ ਸਾਰ ਕਿਹੜੀਆਂ 5 ਮੁੱਖ ਚੁਣੌਤੀਆਂ ਹਨ।

ਪੰਜਾਬ ਸਿਰ ਇਸ ਸਮੇਂ ਕਰੀਬ 3 ਹਜ਼ਾਰ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਪਰ ਆਮ ਆਦਮੀ ਪਾਰਟੀ ਨੇ ਅਨੇਕਾਂ ਮੁਫ਼ਤ ਸਹੂਲਤਾਂ ਵਰਗੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਹਨ।

ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਰਕਾਰ ਬਣਨ ਉੱਤੇ 24 ਘੰਟੇ ਬਿਜਲੀ ਸਪਲਾਈ, ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ, ਬਿਜਲੀ ਦੇ ਘਰੇਲੂ ਬਿੱਲ ਪੁਰਾਣੇ ਬਕਾਇਆ ਬਿੱਲ ਮਾਫ਼ ਕਰਨ ਦਾ ਵਾਅਦਾ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਦਿੱਲੀ ਦੀ ਤਰਜ ਉੱਤੇ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ ਵਿੱਚ ਵਾਰਡ ਤੇ ਪਿੰਡ ਵਿੱਚ 16,000 ਕਲੀਨਿਕ ਖੋਲ੍ਹਣ, ਸਸਤਾ, ਵਧੀਆ ਤੇ ਮੁਫ਼ਤ ਇਲਾਜ ਦੇਣ ਦੀ ਗੱਲ ਕੀਤੀ ਗਈ ਹੈ।

ਆਮ ਆਦਮੀ ਪਾਰਟੀ ਨੇ ਇਨ੍ਹਾਂ ਵਾਅਦਿਆਂ ਨੂੰ ਕੇਜਰੀਵਾਲ ਦੀਆਂ ਗਾਰੰਟੀਆਂ ਦਾ ਨਾਂ ਦਿੱਤਾ ਸੀ, ਜਿਸ ਤਹਿਤ 18 ਸਾਲ ਤੋਂ ਵੱਧ ਉਮਰ ਦੀ ਹਰ ਮਹਿਲਾ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ।

ਕੇਜਰੀਵਾਲ ਦੀ ਇੱਕ ਗਾਰੰਟੀ ਹਰ ਬੱਚੇ ਨੂੰ ਪਹਿਲੀ ਤੋਂ ਡਿਗਰੀ ਤੱਕ ਮੁਫ਼ਤ ਸਿੱਖਿਆ ਦੇਣ, ਐੱਸ ਸੀ ਭਾਈਚਾਰੇ ਦੇ ਬੱਚਿਆਂ ਲਈ ਪੇਸ਼ੇਵਰ ਕੋਰਸਾਂ ਵਿੱਚ ਦਾਖਲੇ ਲਈ ਕੋਚਿੰਗ ਫੀਸ ਸਰਕਾਰ ਵਲੋਂ ਭਰਨ ਦੀ ਵੀ ਹੈ।

ਇਸ ਗਾਰੰਟੀ ਵਿੱਚ ਕਿਹਾ ਗਿਆ ਹੈ ਕਿ ਜੇਕਰ ਐੱਸਸੀ ਬੱਚਾ ਬੀਏ, ਐੱਮਏ ਦੀ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੇਗਾ ਤਾਂ ਸਾਰਾ ਖਰਚ ਸਰਕਾਰ ਕਰੇਗੀ।

ਕੇਜਰੀਵਾਲ ਨੇ ਵਾਅਦਾ ਕੀਤਾ ਹੋਇਆ ਹੈ ਕਿ ਸਾਰੇ ਕੱਚੇ ਅਧਿਆਪਕ ਪੱਕੇ ਹੋਣਗੇ, ਖਾਲੀ ਅਸਾਮੀਆਂ ਭਰੀਆਂ ਜਾਣਗੀਆਂ, ਵਿਦੇਸ਼ਾਂ ਤੋਂ ਸਿਖਲਾਈ ਦੁਆਈ ਜਾਵੇਗੀ, ਸਮੇਂ ਸਿਰ ਪ੍ਰਮੋਸ਼ਨ, ਕੈਸ਼ਲੈੱਸ ਬੀਮਾ ਅਤੇ ਗੈਰ ਵਿੱਦਿਅਕ ਕੰਮ ਨਹੀਂ ਲਏ ਜਾਣਗੇ। ਪਰ ਇੱਥੇ ਸਵਾਲ ਇਹ ਹੈ ਕਿ ਇਨ੍ਹਾਂ ਮੁਫਤ ਸਕੀਮਾਂ ਲਈ ਬਜਟ ਕਿੱਥੋਂ ਆਵੇਗਾ।

ਭਗਵੰਤ ਮਾਨ ਤੇ ਕੇਜਰੀਵਾਲ ਕਹਿੰਦੇ ਰਹੇ ਹਨ ਕਿ ਉਹ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਕੇ ਅਤੇ ਰੇਤ ਮਾਫੀਏ ਉੱਤੇ ਸਰਕਾਰੀ ਕੰਟਰੋਲ ਕਰਕੇ ਫੰਡ ਜੁਟਾ ਲੈਣਗੇ।

ਪਰ ਮਾਹਰ ਸਵਾਲ ਕਰਦੇ ਹਨ ਕਿ ਕੀ ਇਹ ਇੰਨਾ ਅਸਾਨ ਹੈ?

ਆਮ ਆਦਮੀ ਪਾਰਟੀ ਉੱਤੇ ਪੰਜਾਬ ਵਿੱਚ ਸਭ ਤੋਂ ਵੱਡਾ ਇਲਜਾਮ ਇਹ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਰਿਮੋਟ ਨਾਲ ਚਲਾਉਂਦੇ ਹਨ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਾਂ ਅਰਵਿੰਦ ਕੇਜਰੀਵਾਲ ਬਾਰੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ””ਬਾਹਰੀ ਲੋਕ ਦਿੱਲੀ ਤੋਂ ਆਕੇ ਪੰਜਾਬ ਉੱਤੇ ਕਬਜਾ ਕਰ ਲੈਣਗੇ””।

ਭਾਵੇਂ ਕਿ ਇਸ ਮੁੱਦੇ ਦੀ ਹੁਣ ਕੋਈ ਤੁਕ ਨਹੀਂ ਹੈ, ਪਰ ਆਮ ਆਦਮੀ ਪਾਰਟੀ ਦੇ ਕਈ ਆਗੂ ਵੀ ਇਹ ਗੱਲ ਸਵਿਕਾਰ ਕਰਦੇ ਹਨ ਕਿ ਭਗਵੰਤ ਮਾਨ ਨੂੰ ਅਜ਼ਾਦ ਤੌਰ ”ਤੇ ਫ਼ੈਸਲੇ ਲੈਣ ਦੀ ਖੁੱਲ੍ਹ ਅਰਵਿੰਦ ਕੇਜਰੀਵਾਲ ਨਹੀਂ ਦੇਣਗੇ।

ਇਹ ਗੱਲ ਵੀ ਪਹਿਲਾਂ ਵੀ ਪਤਾ ਹੈ ਕਿ ਪੰਜਾਬ ਦੇ ਆਗੂਆਂ ਨੂੰ ਖੁਦਮੁਖਤਿਆਰੀ ਨਾਲ ਕੰਮ ਕਰਨ ਦਾ ਅਧਿਕਾਰ ਦੇਣ ਦੇ ਮੁੱਦੇ ਉੱਤੇ ਪਾਰਟੀ ਪਹਿਲਾਂ ਵੀ ਦੋਫਾੜ ਹੋ ਚੁੱਕੀ ਹੈ।

ਸੁਖਪਾਲ ਖਹਿਰਾ, ਪਿਰਮਲ ਸਿੰਘ ਖਾਲਸਾ, ਕੰਵਰ ਸੰਧੂ, ਧਰਮਵੀਰ ਗਾਂਧੀ ਵਰਗੇ ਕਈ ਆਗੂ ਪਾਰਟੀ ਵਿੱਚੋਂ ਬਗਾਵਤ ਕਰਕੇ ਬਾਹਰ ਗਏ ਸਨ।

ਹੁਣ ਇਹ ਦੇਖਣਾ ਰੋਚਕ ਹੋਵੇਗਾ ਕਿ ਭਗਵੰਤ ਮਾਨ ਦਿੱਲੀ ਦੇ ਹਾਈਕਮਾਂਡ ਕਲਚਰ ਅਤੇ ਦਿੱਲੀ ਤੋਂ ਪੰਜਾਬ ਵਿੱਚ ਬੈਠੇ ਹਲਕਾ ਇੰਚਾਰਜ ਕਲਚਰ ਤੋਂ ਕਿਵੇਂ ਖਹਿੜਾ ਛੁਡਾਉਂਦੇ ਹਨ।

Leave a Reply

Your email address will not be published. Required fields are marked *