ਪੁਲਵਾਮਾ ਮੁਕਾਬਲੇ ‘ਚ ਲਸ਼ਕਰ ਦੇ ਪਾਕਿ ਕਮਾਂਡਰ ਸਮੇਤ 3 ਅੱਤਵਾਦੀ ਹਲਾਕ

Home » Blog » ਪੁਲਵਾਮਾ ਮੁਕਾਬਲੇ ‘ਚ ਲਸ਼ਕਰ ਦੇ ਪਾਕਿ ਕਮਾਂਡਰ ਸਮੇਤ 3 ਅੱਤਵਾਦੀ ਹਲਾਕ
ਪੁਲਵਾਮਾ ਮੁਕਾਬਲੇ ‘ਚ ਲਸ਼ਕਰ ਦੇ ਪਾਕਿ ਕਮਾਂਡਰ ਸਮੇਤ 3 ਅੱਤਵਾਦੀ ਹਲਾਕ

ਸ੍ਰੀਨਗਰ / ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਹੋਏ ਮੁਕਾਬਲੇ ਦੌਰਾਨ ਲਸ਼ਕਰ-ਏ-ਤਾਇਬਾ ਦੇ ਇਕ ਪਾਕਿਸਤਾਨੀ ਕਮਾਂਡਰ ਸਮੇਤ 3 ਅੱਤਵਾਦੀ ਮਾਰੇ ਗਏ |

ਪੁਲਵਾਮਾ ਕਸਬੇ ਦੀ ਨਿਊ ਕਾਲੋਨੀ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਪੱਕੀ ਸੂਹ ਮਿਲਣ ‘ਤੇ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਫ਼ੌਜ ਦੀ 55 ਆਰ.ਆਰ., ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.E.ਜੀ.) ਅਤੇ ਸੀ.ਆਰ.ਪੀ.ਐਫ. ਨੇ ਉਸ ਮਕਾਨ ਨੂੰ ਘੇਰ ਲਿਆ, ਜਿਸ ਦੌਰਾਨ ਅੱਤਵਾਦੀਆਂ ਨੇ ਘੇਰੇ ਜਾਣ ‘ਤੇ ਹਨੇਰੇ ‘ਚ ਫਰਾਰ ਹੋਣ ਦੀ ਕੋਸ਼ਿਸ਼ ਕਰਦਿਆਂ ਗੋਲੀਬਾਰੀ ਸ਼ੁਰੂ ਕਰ ਦਿੱਤੀ | ਸੁਰੱਖਿਆ ਬਲਾਂ ਨੇ ਗੋਲੀਬਾਰੀ ਦਾ ਜਵਾਬ ਦਿੰਦਿਆਂ ਅੱਤਵਾਦੀਆਂ ਨੂੰ ਆਤਮ-ਸਮਰਪਣ ਕਰਨ ਦੀ ਅਪੀਲ ਕੀਤੀ, ਪਰ ਅੱਤਵਾਦੀਆਂ ਵਲੋਂ ਗੋਲੀਬਾਰੀ ਜਾਰੀ ਰੱਖਣ ‘ਤੇ ਦੋਪਾਸੜ ਗੋਲੀਬਾਰੀ ਦਾ ਸਿਲਸਿਲਾ ਸ਼ੁਰੂ ਹੋ ਗਿਆ | ਸਵੇਰ ਹੋਣ ਤੱਕ ਕਰੀਬ 8 ਘੰਟੇ ਚੱਲੇ ਇਸ ਮੁਕਾਬਲੇ ਦੌਰਾਨ 3 ਅੱਤਵਾਦੀ ਮਾਰੇ ਗਏ ਤੇ ਸੁਰੱਖਿਆ ਬਲਾਂ ਦੀ ਕਾਰਵਾਈ ‘ਚ ਇਕ ਮਕਾਨ ਪੂਰੀ ਤਰ੍ਹਾਂ ਤਬਾਹ ਹੋ ਗਿਆ | ਪੁਲਿਸ ਨੇ ਅੱਤਵਾਦੀਆਂ ਵਲੋਂ ਗੋਲੀਬਾਰੀ ਰੁਕਣ ਬਾਅਦ ਮੁਕਾਬਲੇ ਵਾਲੀ ਥਾਂ ਦੀ ਤਲਾਸ਼ੀ ਲੈਣ ਦੌਰਾਨ 3 ਅੱਤਵਾਦੀਆਂ ਦੀਆਂ ਲਾਸ਼ਾਂ ਕੋਲੋਂ 2 ਏ.ਕੇ. 47 ਰਾਈਫ਼ਲਾਂ, 1 ਪਿਸਤੌਲ ਤੇ ਹੋਰ ਅਸਲ੍ਹਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਮੁਕਾਬਲੇ ‘ਚ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਲਸ਼ਕਰ ਦੇ ਪਾਕਿਸਤਾਨੀ ਕਮਾਂਡਰ ਇਜਾਜ ਅਹਿਮਦ ਉਰਫ਼ ਅਬੂ ਹੁਰੇਰਾ, ਜਾਵੇਦ ਰਾਥਰ ਵਾਸੀ ਟਾਬ ਪੁਲਵਾਮਾ ਤੇ ਸ਼ਾਹਨਵਾਜ਼ ਨਜ਼ੀਰ ਗਨਾਈ ਵਾਸੀ ਸੰਬੋਰਾ ਪੰਪੋਰ ਵਜੋ ਹੋਈ ਹੈ | ਪੁਲਿਸ ਪ੍ਰਸ਼ਾਸਨ ਨੇ ਮੁਕਾਬਲਾ ਸ਼ੁਰੂ ਹੋਣ ਸਾਰ ਪੁਲਵਾਮਾ ਜ਼ਿਲ੍ਹੇ ‘ਚ ਕਰਫਿਊ ਲਗਾ ਦਿੱਤਾ ਅਤੇ ਇਸ ਦੇ ਨਾਲ ਹੀ ਮੋਬਾਈਲ ਤੇ ਇੰਟਰਨੈੱਟ ਸੇਵਾ ਵੀ ਮੁਅੱਤਲ ਕਰ ਦਿੱਤੀ ਸੀ | ਕਸ਼ਮੀਰ ਰੇਂਜ ਦੇ ਆਈ ਵਿਜੇ ਕੁਮਾਰ ਨੇ ਲਸ਼ਕਰ ਦੇ ਪਾਕਿ ਕਮਾਂਡਰ ਇਜ਼ਾਜ ਸਮੇਤ 3 ਅੱਤਵਾਦੀਆਂ ਦੇ ਮਾਰੇ ਜਾਣ ਨੂੰ ਸੁਰੱਖਿਆ ਬਲਾਂ ਦੀ ਵੱਡੀ ਸਫਲਤਾ ਦੱਸਿਆ ਹੈ |

Leave a Reply

Your email address will not be published.