ਪਾਣੀ ਖ਼ਾਤਰ ਚਲੀਆਂ ਗੋਲੀਆਂ, ਕਿਸਾਨ ਦੀ ਮੌਤ

ਪਾਣੀ ਖ਼ਾਤਰ ਚਲੀਆਂ ਗੋਲੀਆਂ, ਕਿਸਾਨ ਦੀ ਮੌਤ

ਤਲਵੰਡੀ ਸਾਬੋ :  ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਰਾਈਆ ਵਿਖੇ ਪੰਚਾਇਤੀ ਜ਼ਮੀਨ ਦੀ ਪਾਣੀ ਵਾਰੀ ਮੌਕੇ ਚੱਲੀ ਗੋਲੀ ਦੌਰਾਨ ਇੱਕ ਨੌਜਵਾਨ ਦਲਿਤ ਕਿਸਾਨ ਦੀ ਮੌਤ ਹੋ ਗਈ। ਤਲਵੰਡੀ ਸਾਬੋ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਮ੍ਰਿਤਕ ਕਿਸਾਨ ਨਾਲ ਸਿਵਲ ਹਸਪਤਾਲ ਤਲਵੰਡੀ ਸਾਬੋ ਪੁੱਜੇ ਖੁਸ਼ਦੀਪ ਸਿੰਘ ਨਾਮੀ ਵਿਅਕਤੀ ਵੱਲੋਂ ਮੁਹੱਈਆ ਜਾਣਕਾਰੀ ਅਨੁਸਾਰ ਹਰਿਆਣਾ ਸਰਹੱਦ ਨਾਲ ਲਗਦੇ ਪਿੰਡ ਰਾਈਆ ਪਿੰਡ ਦੀ ਪੰਚਾਇਤੀ ਜ਼ਮੀਨ ਬੀਤੇ ਦਿਨੀਂ ਬੋਲੀ ਰਾਹੀਂ ਅਸੀਂ ਠੇਕੇ ਤੇ ਲੈ ਲਈ ਸੀ ਇਸੇ ਤਹਿਤ ਉਕਤ ਜ਼ਮੀਨ ਦੀ ਪਾਣੀ ਦੀ ਬਾਰੀ ਲਾਉਣ ਜਦੋਂ ਅਸੀਂ ਉੱਥੇ ਪੁੱਜੇ ਤਾਂ ਪਿੰਡ ਦੇ ਸਾਬਕਾ ਸਰਪੰਚ ਅੰਮ੍ਰਿਤਪਾਲ ਸਿੰਘ, ਆਪ ਆਗੂ ਕ੍ਰਿਪਾਲ ਸਿੰਘ ਉੱਥੇ ਪੁੱਜ ਗਏ ਅਤੇ ਉਨਾਂ ਨੂੰ ਪਾਣੀ ਨਾ ਵੰਡਣ ਦੀ ਚਿਤਾਵਨੀ ਦੇਣ ਲੱਗੇ। ਇਸੇ ਦੌਰਾਨ ਤਕਰਾਰ ਵਿੱਚ ਉਕਤ ਧਿਰ ਨੇ ਫਾਇੰਰਿੰਗ ਕਰ ਦਿੱਤੀ ਜਿਸ ਦੇ ਚਲਦਿਆਂ ਨੌਜਵਾਨ ਕਿਸਾਨ ਭੁੱਚਰ ਸਿੰਘ [25] ਦੇ ਦੋ ਗੋਲੀਆਂ ਲੱਗੀਆਂ।ਉਸਨੂੰ ਤੁਰੰਤ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਲਿਆਦਾ ਗਿਆਂ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਦਲਜੀਤ ਸਿੰਘ ਘਟਨਾ ਸਥਾਨ ਤੇ ਪੁੱਜੇ। ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਭਿਜਵਾਈ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਪੋਸਟਮਾਰਟਮ ਉਪਰੰਤ ਮ੍ਰਿਤਕ ਦੇ ਵਾਰਿਸਾਂ ਦੇ ਬਿਆਨਾਂ ਅਨੁਸਾਰ ਮਾਮਲਾ ਦਰਜ ਕਰ ਲਿਆ ਜਾਵੇਗਾ। ਖਬਰ ਲਿਖੇ ਜਾਣ ਤੱਕ ਪੁਲਿਸ ਮਾਮਲਾ ਦਰਜ ਕਰਨ ਦੀ ਪ੍ਰਕ੍ਰਿਆ ਵਿੱਚ ਲੱਗੀ ਹੋਈ ਸੀ। ਉੱਧਰ ਮ੍ਰਿਤਕ ਨੌਜਵਾਨ ਆਪਣੇ ਪਿੱਛੇ ਮਾਂ ਬਾਪ ਤੋਂ ਇਲਾਵਾ ਪਤਨੀ ਅਤੇ ਇੱਕ ਛੋਟੀ ਬੱਚੀ ਛੱਡ ਗਿਆ ਹੈ।

Leave a Reply

Your email address will not be published.