ਨਹੀਂ ਰਿਹਾ ਸੁਰਾਂ ਦਾ ਸਿਕੰਦਰ

ਖੰਨਾ/ਐੱਸ. ਏ. ਐੱਸ. ਨਗਰ / ਪ੍ਰਸਿੱਧ ਪੰਜਾਬੀ ਗਾਇਕ ਅਤੇ ਸੁਰਾਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਸਰਦੂਲ ਸਿਕੰਦਰ (60) ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।

ਫੋਰਟਿਸ ਹਸਪਤਾਲ ਵਿਖੇ ਜ਼ੇਰੇ ਇਲਾਜ ਸਰਦੂਲ ਸਿਕੰਦਰ ਨੇ ਸਵੇਰੇ ਕਰੀਬ 11:55 ਵਜੇ ਆਖਰੀ ਸਾਹ ਲਏ। ਜਾਣਕਾਰੀ ਅਨੁਸਾਰ ਉਹ ਪਿਛਲੇ ਕੁਝ ਮਹੀਨਿਆਂ ਤੋਂ ਸ਼ੂਗਰ ਅਤੇ ਗੁਰਦੇ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਕਰੀਬ ਡੇਢ ਮਹੀਨੇ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਾਖ਼ਲ ਸਨ। ਦਸੰਬਰ ਮਹੀਨੇ ‘ਚ ਕੋਰੋਨਾ ਪੀੜਤ ਹੋਣ ਕਾਰਨ ਉਨ੍ਹਾਂ ਨੂੰ ਛਾਤੀ ਵਿਚ ਇਨਫੈਕਸ਼ਨ ਅਤੇ ਕਿਡਨੀ ਦੀ ਸਮੱਸਿਆ ਸੀ। ਸਿਹਤ ‘ਚ ਸੁਧਾਰ ਹੋਣ ‘ਤੇ ਉਨ੍ਹਾਂ ਸਿੰਘੂ ਬਾਰਡਰ ਵਿਖੇ ਕਿਸਾਨੀ ਸੰਘਰਸ਼ ‘ਚ ਸ਼ਾਮਿਲ ਹੁੰਦੇ ਹੋਏ ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ ਪਰ ਹਾਲਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮੁੜ ਹਸਪਤਾਲ ਦਾਖ਼ਲ ਹੋਣਾ ਪਿਆ। ਇਸ ਮੌਕੇ ਉਨ੍ਹਾਂ ਦੀ ਪਤਨੀ ਪ੍ਰਸਿੱਧ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਅਤੇ ਉਨ੍ਹਾਂ ਦੇ ਬੇਟੇ ਸਾਰੰਗ ਅਤੇ ਅਲਾਪ ਤੋਂ ਇਲਾਵਾ ਗਾਇਕ ਬਲਵੀਰ ਰਾਏ ਖੰਨਾ ਵੀ ਕੋਲ ਸਨ। ਅਮਰ ਨੂਰੀ ਵਾਰ-ਵਾਰ ਬੇਹੋਸ਼ ਹੋ ਰਹੀ ਸੀ। ਸਰਦੂਲ ਸਿਕੰਦਰ ਦੀ ਦੇਹ ਅੱਜ ਸ਼ਾਮ ਕਰੀਬ 4 ਵਜੇ ਖੰਨਾ ਵਿਖੇ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਪੁੱਜੀ, ਜਿੱਥੇ ਅਫ਼ਸੋਸ ਕਰਨ ਵਾਲੇ ਲੋਕਾਂ ਦਾ ਤਾਂਤਾ ਲੱਗਾ ਹੋਇਆ ਹੈ। ਕੱਲ੍ਹ (ਵੀਰਵਾਰ) 2 ਵਜੇ ਦੁਪਹਿਰ ਨੂੰ ਉਨ੍ਹਾਂ ਦੀ ਦੇਹ ਨੂੰ ਜੱਦੀ ਪਿੰਡ ਖੇੜੀ ਨੌਧ ਸਿੰਘ ਨੇੜੇ ਖੰਨਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ।

ਪੰਜਾਬੀ ਸੰਗੀਤ ਉਦਯੋਗ ਨੂੰ ਸਰਦੂਲ ਸਿਕੰਦਰ ਦੇ ਅਕਾਲ ਚਲਾਣੇ ਨਾਲ ਵੱਡਾ ਝਟਕਾ ਲੱਗਿਆ ਹੈ। ਜਾਣਕਾਰੀ ਅਨੁਸਾਰ ਕੋਰੋਨਾ ਦੇ ਨਾਲ-ਨਾਲ ਉਨ੍ਹਾਂ ਨੂੰ ਸਿਹਤ ਸਬੰਧੀ ਹੋਰ ਕਈ ਸਮੱਸਿਆਵਾਂ ਨੇ ਵੀ ਘੇਰ ਲਿਆ ਸੀ। ਸਰਦੂਲ ਸਿਕੰਦਰ ਦੇ ਪਰਿਵਾਰ ਨੇ ਦੇਰ ਸ਼ਾਮ ਨਕਸ਼ਾ ਜਾਰੀ ਕੀਤਾ, ਜਿਸ ਅਨੁਸਾਰ ਸਵੇਰੇ 10 ਵਜੇ ਸਰਦੂਲ ਦੀ ਮ੍ਰਿਤਕ ਦੇਹ ਨੂੰ ਲੈ ਕੇ ਸਾਰੇ ਸ਼ਹਿਰ ‘ਚੋਂ ਘੁੰਮਾਉਂਦੇ ਹੋਏ ਬਾਅਦ ਦੁਪਹਿਰ 2 ਵਜੇ ਤੱਕ ਉਨ੍ਹਾਂ ਦੇ ਜੱਦੀ ਪਿੰਡ ਅੰਤਿਮ ਰਸਮਾਂ ਲਈ ਲਿਜਾਇਆ ਜਾਵੇਗਾ। ਸਿਕੰਦਰ ਦੀਆਂ ਫ਼ਿਲਮਾਂ ਸਰਦੂਲ ਸਿਕੰਦਰ ਨੇ 1991 ‘ਚ ‘ਜੱਗਾ ਡਾਕੂ’ ਫ਼ਿਲਮ ਵਿਚ ਪੁਲਿਸ ਇੰਸਪੈਕਟਰ ਦਾ ਰੋਲ ਕੀਤਾ, ਫਿਰ ‘ਪੁਲਿਸ ਇਨ ਪਾਲੀਵੁੱਡ’ ਫ਼ਿਲਮ ‘ਚ ਵੀ ਰੋਲ ਨਿਭਾਇਆ ਸੀ। ਜਦੋਂ ਕਿ ‘ਬਾਗ਼ੀ’,’ ਦਾ ਹੀਰੋਏ ਲਵ ਸਟੋਰੀ ਆਫ਼ ਏ ਸਪਾਈ’, ‘ਪਿਆਸਾ’, ਪੰਚਾਇਤ, ਇਸ਼ਕ ਨਚਾਏ ਗਲੀ-ਗਲੀ’, ਦੁਸ਼ਮਣੀ ਜੱਟਾਂ ਦੀ’ ਆਦਿ ਫ਼ਿਲਮਾਂ ‘ਚ ਪਲੇਅ ਬੈਕ ਸਿੰਗਰ ਵਜੋਂ ਗਾਇਆ ਸੀ। ਸਰਦੂਲ ਸਿਕੰਦਰ ਦੀ ਮੌਤ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮਹਾਰਾਣੀ ਪ੍ਰਨੀਤ ਕੌਰ, ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਸਾਧੂ ਸਿੰਘ ਧਰਮਸੋਤ, ਮੀਕਾ ਸਿੰਘ, ਮਨਜਿੰਦਰ ਸਿੰਘ ਸਿਰਸਾ, ਗੁਰਦਾਸ ਮਾਨ, ਵਿਸ਼ਾਲ ਦਦਲਾਨੀ ਬਾਲੀਵੁੱਡ ਸੰਗਤੀਕਾਰ, ਦਿਲਜੀਤ ਦੁਸਾਂਝ, ਕਪਿਲ ਸ਼ਰਮਾ, ਹਰਸ਼ਦੀਪ ਕੌਰ, ਦਲੇਰ ਮਹਿੰਦੀ, ਜ਼ਰੀਨ ਖਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

ਇਸ ਤੋਂ ਇਲਾਵਾ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਵਾਲਿਆਂ ‘ਚ ਮੈਂਬਰ ਪਾਰਲੀਮੈਂਟ ਅਤੇ ਪ੍ਰਮੁੱਖ ਗਾਇਕ ਮੁਹੰਮਦ ਸਦੀਕ, ਮੈਂਬਰ ਲੋਕ ਸਭਾ ਭਗਵੰਤ ਮਾਨ, ਵਿਧਾਇਕ ਗੁਰਕੀਰਤ ਸਿੰਘ, ਪ੍ਰਮੁੱਖ ਲੇਖਕ ਦਵਿੰਦਰ ਖੰਨੇ ਵਾਲਾ, ਗਾਇਕ ਹਰਭਜਨ ਮਾਨ, ਹਰਦੀਪ ਗਿੱਲ ਪਟਿਆਲਾ, ਸਤਵਿੰਦਰ ਬੁੱਗਾ, ਪੰਕਜ ਅਹੂਜਾ, ਸਚਿਨ ਅਹੂਜਾ, ਗੁਰਪ੍ਰੀਤ ਸਿੰਘ ਘੁੱਗੀ, ਖਾਨ ਸਾਹਿਬ, ਫ਼ਿਰੋਜ਼ ਖਾਨ, ਦੁਰਗਾ ਰੰਗੀਲਾ, ਸੁਰਾਜ ਮੁਹੰਮਦ, ਮਾ. ਸਲੀਮ, ਕੰਠ ਕਲੇਰ, ਕਰਮਜੀਤ ਅਨਮੋਲ, ਬੂਟਾ ਮੁਹੰਮਦ, ਹਰਜੀਤ ਰਾਣੋਂ, ਵਿਸ਼ਵਾ ਮਿੱਤਰ, ਗੁਰਲੇਜ਼ ਅਖ਼ਤਰ, ਰਜਨੀ ਜੈਨ ਆਰੀਆ, ਜੀ ਗੁਰੀ, ਆਰ ਗੁਰੂ, ਪੁਸ਼ਪਿੰਦਰ ਸਿੰਘ, ਜੀ ਖਾਨ, ਮੁਹੰਮਦ ਸਲੀਮ, ਕਰਮਾ ਰੋਪੜਾ ਵਾਲਾ, ਸ਼ੌਕਤ ਅਲੀ ਦੀਵਾਨਾ, ਹੁਸ਼ਿਆਰ ਮਾਹੀ, ਸ਼ਬਨਮ ਰਾਏ, ਕਮਲ ਖਾਨ, ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਯਾਦਵਿੰਦਰ ਸਿੰਘ ਜੰਡਾਲੀ, ਯਾਦਵਿੰਦਰ ਸਿੰਘ ਯਾਦੂ, ਡਾ. ਅਮਰਬੀਰ ਸਿੰਘ, ਏ. ਐਸ. ਕਾਲਜਾਂ ਤੇ ਸਕੂਲਾਂ ਦੇ ਸਾਬਕਾ ਟਰੱਸਟੀ ਰਣਜੀਤ ਸਿੰਘ ਹੀਰਾ, ਗੀਤਕਾਰ ਪਾਲਾ ਰਾਜੇਵਾਲੀਆ, ਪਵਨਦੀਪ, ਪਵਨ ਪ੍ਰਦੇਸੀ, ਬੀਬੀ ਫਾਤਿਮਾ, ਜਮੀਰ ਅਖ਼ਤਰ, ਰਾਜਵੀਰ ਸਿੰਘ ਲਿਬੜਾ ਆਦਿ ਸ਼ਾਮਿਲ ਹਨ।

Leave a Reply

Your email address will not be published.