ਨਸ਼ੇੜੀ ਪੁੱਤ ਦੀ ਬੇਵੱਸ ਮਾਂ ਪੁੱਜੀ ਵਿਧਾਇਕ ਕੋਲ, ਬੇਟੇ ਨੂੰ ਮਾਰਨ ਦੀ ਇਜਾਜ਼ਤ ਦਿਵਾਉਣ ਦੀ ਕੀਤੀ ਮੰਗ

ਲੁਧਿਆਣਾ : ਪੰਜਾਬ ਦੇ ਨੌਜਵਾਨਾਂ ਵਿਚ ਨਸ਼ੇ ਦੀ ਲਤ ਵਧਦੀ ਜਾ ਰਹੀ ਹੈ। ਨਸ਼ਾ ਸਿਰਫ ਇੱਕ ਵਿਅਕਤੀ ਨੂੰ ਹੀ ਨਹੀਂ ਸਗੋਂ ਸਾਰੇ ਪਰਿਵਾਰ ਨੂੰ ਤਬਾਹ ਕਰ ਦਿੰਦਾ ਹੈ।

ਇਸ ਤੋਂ ਵੱਧ ਬੇਵਸੀ ਦਾ ਆਲਮ ਹੋਰ ਕੀ ਹੋਵੇਗਾ ਕਿ ਪੁੱਤ ਦੀ ਨਸ਼ੇ ਦੀ ਆਦਤ ਤੋਂ ਪ੍ਰੇਸ਼ਾਨ ਇਕ ਮਾਂ ਵਿਧਾਇਕ ਕੋਲ ਪੁੱਜੀ ਅਤੇ ਉਨ੍ਹਾਂ ਕੋਲੋਂ ਪੁੱਤ ਨੂੰ ਮਾਰਨ ਦੀ ਇਜਾਜ਼ਤ ਦਿਵਾਉਣ ਦੀ ਮੰਗ ਕਰਨ ਲੱਗੀ।

ਮਾਮਲਾ ਲੁਧਿਆਣਾ ਦੇ ਹੈਬੋਵਾਲ ਇਲਾਕੇ ਦਾ ਹੈ ਜਿਥੇ ਇੱਕ ਮਾਂ ਵੱਲੋਂ ਆਪਣੀ ਪੁੱਤ ਨੂੰ ਮਾਰਨ ਦੀ ਗੁਹਾਰ ਲਗਾਈ ਗਈ ਹੈ ਕਿਉਂਕਿ ਉਹ ਉਸ ਦੀ ਨਸ਼ੇ ਦੀ ਆਦਤ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੈ। ਉਸ ਨੇ ਇਹ ਗੁਹਾਰ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਕੋਲ ਲਗਾਈ ਹੈ। ਉਸ ਨੇ ਕਿਹਾ ਕਿ ਉਹ ਉਸ ਨੂੰ ਰਾਸ਼ਟਰਪਤੀ ਤੋਂ ਬੇਟੇ ਨੂੰ ਮਾਰਨ ਦੀ ਇਜਾਜ਼ਤ ਲੈ ਕੇ ਦੇਣ।

ਬੇਵੱਸ ਮਾਂ ਨੇ ਦੱਸਿਆ ਕਿ ਉਸ ਦਾ ਪੁੱਤ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਗਿਆ ਹੈ ਤੇ ਕੋਈ ਕੰਮ ਨਹੀਂ ਕਰਦਾ ਤੇ ਹੁਣ ਗੱਲ ਇੰਨੀ ਵੱਧ ਗਈ ਹੈ ਕਿ ਨਸ਼ਾ ਖਰੀਦਣ ਲਈ ਉਸ ਨੇ ਘਰ ਦਾ ਸਾਮਾਨ ਤੱਕ ਵੇਚਣਾ ਸ਼ੁਰੂ ਕਰ ਦਿੱਤਾ ਹੈ। ਉਹ ਉਸ ਤੋਂ ਬਹੁਤ ਪ੍ਰੇਸ਼ਾਨ ਹੈ। ਮਹਿਲਾ ਨੇ ਦੱਸਿਆ ਕਿ ਉਸ ਨੂੰ ਲੱਗਦਾ ਸੀ ਕਿ ਜੇਕਰ ਉਸ ਦਾ ਵਿਆਹ ਕਰ ਦਿੱਤਾ ਜਾਵੇਗਾ ਤਾਂ ਸ਼ਾਇਦ ਉਹ ਠੀਕ ਹੋ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਹੁਣ ਤਾਂ ਨੂੰਹ ਵੀ ਕਹਿਣ ਲੱਗੀ ਹੈ ਕਿ ਉਸ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ।

ਮਹਿਲਾ ਦੀ ਗੱਲ ਸੁਣਨ ਤੋਂ ਬਾਅਦ ਵਿਧਾਇਕ ਨੇ ਉਸ ਦੇ ਬੇਟੇ ਨੂੰ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿਚ ਭਰਤੀ ਕਰਵਾ ਦਿੱਤਾ ਤੇ ਨਾਲ ਹੀ ਕਿਹਾ ਕਿ ਉਨ੍ਹਾਂ ਦੱਸਿਆ ਕਿ ਰੋਜ਼ਾਨਾ ਉਨ੍ਹਾਂ ਦੇ ਦਫਤਰ ਵਿਚ ਇੱਕ ਜਾਂ ਦੋ ਔਰਤਾਂ ਆਪਣੇ ਪਤੀ ਜਾਂ ਬੇਟੇ ਦੀ ਨਸ਼ੇ ਦੀ ਆਦਤ ਤੋਂ ਦੁਖੀ ਹੋ ਕੇ ਉਸ ਕੋਲ ਆਉਂਦੀਆਂ ਹਨ। ਵਿਧਾਇਕ ਨੇ ਦੱਸਿਆ ਕਿ ਉਹ ਕੋਸ਼ਿਸ਼ ਕਰ ਰਹੇ ਹਨ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਬਾਹਰ ਕੱਢਣ ਲਈ ਸ਼ਹਿਰ ਵਿਚ ਇਕ ਵੱਡਾ ਨਸ਼ਾ ਛੁਡਾਊ ਕੇਂਦਰ ਬਣਾਇਆ ਜਾਵੇ ਤੇ ਇਸ ਲਈ ਉਹ ਜਲਦ ਹੀ ਸਿਹਤ ਮੰਤਰੀ ਨੂੰ ਮਿਲਣਗੇ।

Leave a Reply

Your email address will not be published. Required fields are marked *