ਨਵੇਂ ਰੰਗ ‘ਚ ਹੋ ਰਹੇ ਹਨ ਉਲੰਪਿਕ ਫੁੱਟਬਾਲ ਮੁਕਾਬਲੇ

Home » Blog » ਨਵੇਂ ਰੰਗ ‘ਚ ਹੋ ਰਹੇ ਹਨ ਉਲੰਪਿਕ ਫੁੱਟਬਾਲ ਮੁਕਾਬਲੇ
ਨਵੇਂ ਰੰਗ ‘ਚ ਹੋ ਰਹੇ ਹਨ ਉਲੰਪਿਕ ਫੁੱਟਬਾਲ ਮੁਕਾਬਲੇ

ਜਾਪਾਨ ਦੀ ਰਾਜਧਾਨੀ ਟੋਕੀਓ ‘ਚ ਚੱਲ ਰਹੀਆਂ ਉਲੰਪਿਕ ਖੇਡਾਂ ਦੇ ਫੁੱਟਬਾਲ ਮੁਕਾਬਲੇ, ਇਸ ਵਾਰ ਕੁਝ ਪੱਖਾਂ ਤੋਂ ਪਹਿਲੀਆਂ ਉਲੰਪਿਕ ਖੇਡਾਂ ਨਾਲੋਂ ਭਿੰਨਤਾ ਵਾਲੇ ਹਨ।

ਉਲੰਪਿਕਸ ‘ਚ ਪੁਰਸ਼ ਵਰਗ ਦੇ ਫੁੱਟਬਾਲ ਖਿਡਾਰੀਆਂ ਲਈ ਉਮਰ ਦੀ ਵੱਧ ਤੋਂ ਵੱਧ ਸੀਮਾ 23 ਸਾਲ ਹੁੰਦੀ ਹੈ ਭਾਵ ਅੰਡਰ-23 ਉਮਰ ਵਰਗ ਦੇ ਖਿਡਾਰੀ ਹੀ ਉਲੰਪਿਕ ‘ਚ ਆਪਣੇ ਦੇਸ਼ ਦੀ ਨੁਮਾਇੰਦਗੀ ਕਰ ਸਕਦੇ ਹਨ ਅਤੇ ਇਕ ਮੁਲਕ ਦੀ ਟੀਮ ‘ਚ ਸਿਰਫ 3 ਖਿਡਾਰੀ ਹੀ 23 ਸਾਲ ਤੋਂ ਵਡੇਰੀ ਉਮਰ ਦੇ ਸ਼ਾਮਲ ਕੀਤੇ ਜਾ ਸਕਦੇ ਹਨ। ਟੋਕੀE ਉਲੰਪਿਕ ਖੇਡਾਂ ਇਕ ਸਾਲ ਪਛੜ ਕੇ ਹੋ ਰਹੀਆਂ ਹਨ ਇਸ ਕਰਕੇ ਫੀਫਾ ਤੇ ਕੌਮਾਂਤਰੀ ਉਲੰਪਿਕ ਕੌਂਸਲ ਦੀ ਸਹਿਮਤੀ ਨਾਲ ਪੁਰਸ਼ ਵਰਗ ‘ਚ ਇਸ ਵਾਰ ਖਿਡਾਰੀਆਂ ਲਈ ਵੱਧ ਤੋਂ ਵੱਧ ਉਮਰ ਦੀ ਹੱਦ 24 ਸਾਲ ਕਰ ਦਿੱਤੀ ਗਈ ਹੈ। ਔਰਤਾਂ ਦੇ ਫੁੱਟਬਾਲ ਮੁਕਾਬਲੇ 1996 ਦੀਆਂ ਐਟਲਾਂਟਾ ਉਲੰਪਿਕ ਖੇਡਾਂ ‘ਚ ਪਹਿਲੀ ਵਾਰ ਸ਼ਾਮਿਲ ਕੀਤੇ ਗਏ ਸਨ ਅਤੇ ਮੇਜ਼ਬਾਨ ਅਮਰੀਕਾ ਨੇ ਸੋਨ ਤਗਮਾ ਜਿੱਤਿਆ ਸੀ। ਇਸ ਤੋਂ ਬਾਅਦ 2000 ਦੀਆਂ ਉਲੰਪਿਕ ਖੇਡਾਂ ‘ਚ ਨਾਰਵੇ ਦੀਆਂ ਮੁਟਿਆਰਾਂ ਸੋਨ ਤਗਮੇ ‘ਤੇ ਕਾਬਜ਼ ਹੋਈਆਂ। ਫਿਰ ਲਗਾਤਾਰ ਤਿੰਨ ਵਾਰ ਅਮਰੀਕਨ ਖਿਡਾਰਨਾਂ ਨੇ 2004, 2008 ਤੇ 2012 ‘ਚ ਸੋਨ ਤਗਮੇ ਜਿੱਤੇ।

ਪਿਛਲੀਆਂ ਉਲੰਪਿਕ ਖੇਡਾਂ (ਰੀਓ) ‘ਚ ਜਰਮਨੀ ਦੀ ਟੀਮ ਨੇ ਸੋਨ ਤਗਮਾ ਜਿੱਤ ਕੇ, ਅਮਰੀਕਾ ਦਾ ਦਬਦਬਾ ਤੋੜਿਆ ਸੀ। ਇਤਫਾਕ ਦੀ ਗੱਲ ਇਹ ਹੈ ਕਿ ਇਸ ਵਾਰ ਪਿਛਲੀ ਚੈਂਪੀਅਨ ਜਰਮਨੀ ਦੀ ਟੀਮ ਉਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕੀ ਜਿਸ ਕਾਰਨ ਇਸ ਵਾਰ ਕੋਈ ਹੋਰ ਮੁਲਕ ਨਵੇਂ ਉਲੰਪਿਕ ਚੈਂਪੀਅਨ ਦੇ ਰੂਪ ‘ਚ ਸਾਹਮਣੇ ਆਵੇਗਾ। ਵੱਖ-ਵੱਖ ਮਹਾਂਦੀਪੀ, ਵਿਸ਼ਵ ਕੱਪ ਤੇ ਉਲੰਪਿਕ ਕੁਆਲੀਫਾਈਂਗ ਟੂਰਨਾਮੈਂਟਾਂ ਰਾਹੀਂ ਔਰਤਾਂ ਦੀਆਂ ਟੀਮਾਂ ਉਲੰਪਿਕ ਲਈ ਕੁਆਲੀਫਾਈ ਕਰਦੀਆਂ ਹਨ। ਔਰਤਾਂ ਦੇ ਵਰਗ ‘ਚ ਇਸ ਵਾਰ 12 ਟੀਮਾਂ ਹਿੱਸਾ ਲੈ ਰਹੀਆਂ ਹਨ। ਜਿਨ੍ਹਾਂ ਨੂੰ ਤਿੰਨ ਪੂਲਾਂ ‘ਚ ਵੰਡਿਆ ਗਿਆ ਹੈ। ਹਰੇਕ ਪੂਲ ‘ਚੋਂ ਸਿਖਰਲੀਆਂ ਦੋ-ਦੋ ਟੀਮਾਂ ਤਾਂ ਕੁਆਰਟਰਫਾਈਨਲ ‘ਚ ਖੇਡਣ ਦੀਆਂ ਹੱਕਦਾਰ ਹੋਣਗੀਆਂ ਹੀ ਅਤੇ 2 ਹੋਰ ਟੀਮਾਂ ਪੂਲ ਅੰਕਾਂ/ਗੋਲਾਂ ਦੇ ਹਿਸਾਬ ਨਾਲ ਆਖਰੀ ਅੱਠ ‘ਚ ਸ਼ਾਮਿਲ ਹੋਣਗੀਆਂ।

ਔਰਤਾਂ ਦੇ ਵਰਗ ‘ਚ ਇਸ ਵਾਰ ਪੂਲ ਏ ‘ਚ ਬਰਤਾਨੀਆ, ਕੈਨੇਡਾ, ਜਾਪਾਨ ਤੇ ਚਿੱਲੀ, ਪੂਲ ਬੀ ‘ਚ ਹਾਲੈਂਡ, ਬਰਾਜ਼ੀਲ, ਚੀਨ ਤੇ ਜਾਂਬੀਆਂ, ਪੂਲ ਸੀ ‘ਚ ਸਵੀਡਨ, ਅਮਰੀਕਾ, ਆਸਟਰੇਲੀਆ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਸ਼ਾਮਿਲ ਹਨ। ਇਸ ਵਰਗ ‘ਚ ਹਾਲੈਂਡ ਨੇ ਜਾਂਬੀਆ ਖਿਲਾਫ 10-3 ਗੋਲਾਂ ਨਾਲ, ਅਮਰੀਕਾ ਨੇ ਨਿਊਜ਼ੀਲੈਂਡ ਖਿਲਾਫ 6-1 ਤੇ ਬ੍ਰਾਜ਼ੀਲ ਨੇ ਚੀਨ ਖਿਲਾਫ 5-0 ਨਾਲ ਵੱਡੀ ਜਿੱਤ ਦਰਜ ਕੀਤੀ ਹੈ। ਇਹ ਕਾਲਮ ਲਿਖੇ ਜਾਣ ਤੱਕ ਹਰੇਕ ਪੂਲ ਦੀਆਂ ਪਹਿਲੀਆਂ 2-2 ਟੀਮਾਂ ਲੱਗਭਗ ਕੁਆਰਟਰਫਾਈਨਲ ਦੇ ਨੇੜੇ ਪੁੱਜ ਚੁੱਕੀਆਂ ਹਨ। ਕੁਆਰਟਰਫਾਈਨਲ ਮੁਕਾਬਲੇ 30 ਜੂਨ ਨੂੰ, ਸੈਮੀਫਾਈਨਲ 2 ਅਗਸਤ ਨੂੰ, ਕਾਂਸੀ ਦੇ ਤਗਮੇ ਲਈ ਮੈਚ 5 ਅਗਸਤ ਨੂੰ ਤੇ ਫਾਈਨਲ ਮੁਕਾਬਲਾ 6 ਅਗਸਤ ਨੂੰ ਖੇਡਿਆ ਜਾਵੇਗਾ। ਉਲੰਪਿਕ ਖੇਡਾਂ ‘ਚ ਪੁਰਸ਼ਾਂ ਦੇ ਫੁੱਟਬਾਲ ਮੁਕਾਬਲੇ ਸੰਨ 1900 ਦੀਆਂ ਪੈਰਿਸ ਉਲੰਪਿਕ ਖੇਡਾਂ ਤੋਂ ਸ਼ਾਮਿਲ ਕੀਤੇ ਗਏ ਸਨ ਤੇ ਇੰਗਲੈਂਡ ਪਹਿਲਾ ਚੈਂਪੀਅਨ ਬਣਿਆ ਸੀ।

ਬਰਤਾਨੀਆ ਤੇ ਹੰਗਰੀ 3-3 ਵਾਰ, ਉਰੂਗਵੇ, ਅਰਜਨਟੀਨਾ ਤੇ ਸੋਵੀਅਤ ਯੂਨੀਅਨ 2-2 ਵਾਰ, ਬਰਾਜ਼ੀਲ, ਮੈਕਸੀਕੋ, ਕੈਮਰੂਨ, ਨਾਈਜੀਰੀਆ, ਸਪੇਨ, ਫਰਾਂਸ, ਪੋਲੈਂਡ, ਸਵੀਡਨ, ਇਟਲੀ, ਬੈਲਜੀਅਮ, ਈਸਟ ਜਰਮਨੀ, ਯੋਗੋਸਲਾਵੀਆ ਤੇ ਚੈਕੋਸਲਵਾਕੀਆ 1-1 ਵਾਰ ਉਲੰਪਿਕ ਸੋਨ ਤਗਮਾ ਜਿੱਤ ਚੁੱਕੇ ਹਨ। ਪਿਛਲੀਆਂ ਉਲੰਪਿਕ ਖੇਡਾਂ ‘ਚ ਬ੍ਰਾਜ਼ੀਲ ਨੇ ਸੋਨ ਤਗਮਾ ਜਿੱਤਿਆ ਸੀ। ਉਲੰਪਿਕ ਲਈ ਵੀ ਮਹਾਂਦੀਪੀ, ਵਿਸ਼ਵ ਕੱਪ ਤੇ ਕੁਆਲੀਫਾਈਂਗ ਟੂਰਨਾਮੈਂਟਾਂ ਰਾਹੀਂ ਵੱਖ-ਵੱਖ ਮੁਲਕਾਂ ਦੀਆਂ ਟੀਮਾਂ ਉਲੰਪਿਕ ਖੇਡਾਂ ‘ਚ ਹਿੱਸਾ ਲੈਣ ਦੀਆਂ ਹੱਕਦਾਰ ਬਣਦੀਆਂ ਹਨ। ਇਸ ਵਾਰ ਪੁਰਸ਼ ਵਰਗ ‘ਚ 16 ਟੀਮਾਂ ਹਿੱਸਾ ਲੈ ਰਹੀਆਂ ਹਨ। ਪੂਲ ਏ ‘ਚ ਜਾਪਾਨ, ਮੈਕਸੀਕੋ, ਫਰਾਂਸ, ਦੱਖਣੀ ਅਫਰੀਕਾ, ਪੂਲ ਬੀ ‘ਚ ਦੱਖਣੀ ਕੋਰੀਆ, ਹੌਂਡਾਰੂਸ, ਨਿਊਜ਼ੀਲੈਂਡ ਤੇ ਰੋਮਾਨੀਆ, ਪੂਲ ਸੀ ‘ਚ ਸਪੇਨ, ਆਸਟ੍ਰੇਲੀਆ, ਅਰਜਨਟੀਨਾ ਤੇ ਮਿਸਰ, ਪੂਲ ਡੀ ‘ਚ ਬ੍ਰਾਜ਼ੀਲ, ਆਈ ਵਰੀ ਕੋਸਟ, ਜਰਮਨੀ ਤੇ ਸਾਊਦੀ ਅਰੇਬੀਆ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਹ ਕਾਲਮ ਲਿਖਣ ਸਮੇਂ ਤੱਕ ਹਰੇਕ ਪੂਲ ਦੀਆਂ ਪਹਿਲੀਆਂ 2-2 ਟੀਮਾਂ ਕੁਆਰਟਰਫਾਈਨਲਜ਼ ਖੇਡਣ ਦੀਆਂ ਨਜ਼ਰ ਆ ਰਹੀਆਂ ਸਨ। ਇਸ ਵਰਗ ‘ਚ ਆਸਟਰੇਲੀਆ ਨੇ ਅਰਜਨਟੀਨਾ ਨੂੰ ਪੂਲ ਮੈਚ ‘ਚ ਹਰਾ ਕੇ ਵੱਡਾ ਉਲਟਫੇਰ ਕੀਤਾ ਹੈ। ਇਸ ਵਰਗ ‘ਚ ਕੁਆਰਟਰਫਾਈਨਲ ਮੁਕਾਬਲੇ 31 ਜੁਲਾਈ ਨੂੰ, ਸੈਮੀਫਾਈਨਲਜ਼ 3 ਅਗਸਤ ਨੂੰ, ਕਾਂਸੀ ਦੇ ਤਗਮੇ ਲਈ ਮੈਚ 6 ਅਗਸਤ ਨੂੰ ਤੇ ਸੋਨ ਤਗਮੇ ਲਈ 7 ਅਗਸਤ ਨੂੰ ਮੁਕਾਬਲਾ ਹੋਵੇਗਾ। ਦੇਖਣਾ ਹੈ ਔਰਤਾਂ ਦੇ ਵਰਗ ਵਾਂਗ ਕੀ ਪੁਰਸ਼ ਵਰਗ ‘ਚ ਵੀ ਕੋਈ ਨਵਾਂ ਮੁਲਕ ਚੈਂਪੀਅਨ ਬਣੇਗਾ ਜਾਂ ਬਰਾਜ਼ੀਲ ਆਪਣਾ ਤਾਜ ਕਾਇਮ ਰੱਖੇਗਾ।

Leave a Reply

Your email address will not be published.