ਨਵਜੋਤ ਸਿੰਘ ਸਿੱਧੂ ਵਲੋਂ ਰਾਹੁਲ ਗਾਂਧੀ ਤੇ ਪਿ੍ਅੰਕਾ ਨਾਲ ਮੁਲਾਕਾਤ

Home » Blog » ਨਵਜੋਤ ਸਿੰਘ ਸਿੱਧੂ ਵਲੋਂ ਰਾਹੁਲ ਗਾਂਧੀ ਤੇ ਪਿ੍ਅੰਕਾ ਨਾਲ ਮੁਲਾਕਾਤ
ਨਵਜੋਤ ਸਿੰਘ ਸਿੱਧੂ ਵਲੋਂ ਰਾਹੁਲ ਗਾਂਧੀ ਤੇ ਪਿ੍ਅੰਕਾ ਨਾਲ ਮੁਲਾਕਾਤ

ਨਵੀਂ ਦਿੱਲੀ / ਪੰਜਾਬ ਕਾਂਗਰਸ ਦੇ ਕਾਟੋ-ਕਲੇਸ਼ ਦਰਮਿਆਨ ਮੰਗਲਵਾਰ ਨੂੰ ਦਿੱਲੀ ਡੇਰੇ ਲਾਈ ਬੈਠੇ ਪਾਰਟੀ ਵਿਧਾਇਕ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ |

ਬੁੱਧਵਾਰ ਸਵੇਰ ਤੋਂ ਹੀ ਸ਼ੁਰੂ ਹੋਈ ਸਿਆਸੀ ਸਰਗਰਮੀ ‘ਚ ਪਿ੍ਅੰਕਾ ਗਾਂਧੀ ਨੇ ਅਹਿਮ ਭੂਮਿਕਾ ਨਿਭਾਉਂਦਿਆਂ ਦਿਨ ਭਰ ‘ਚ 6 ਮੁਲਾਕਾਤਾਂ ਕੀਤੀਆਂ, ਜੋ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਰਾਤ ਤਕਰੀਬਨ 9 ਵਜੇ ਤੱਕ ਚਲਦੀਆਂ ਰਹੀਆਂ | ਇਨ੍ਹਾਂ ਮੁਲਾਕਾਤਾਂ ‘ਚੋਂ ਵਧੇਰੇ ਤੌਰ ‘ਤੇ ਇਕ ਮੀਟਿੰਗ ਨਵਜੋਤ ਸਿੰਘ ਸਿੱਧੂ ਨਾਲ ਕੀਤੀ, ਇਸ ਤੋਂ ਇਲਾਵਾ ਦਿਨ ਭਰ ਚੱਲੇ ਘਟਨਾਕ੍ਰਮ ‘ਚ ਰਾਹੁਲ ਗਾਂਧੀ ਨਾਲ 4 ਵਾਰ ਅਤੇ ਸੋਨੀਆ ਗਾਂਧੀ ਨਾਲ 2 ਵਾਰ ਮੁਲਾਕਾਤ ਕੀਤੀ | ਇੱਥੋਂ ਤੱਕ ਕਿ ਸਾਰੀਆਂ ਮੁਲਾਕਾਤਾਂ ਦੀ ਧੁਰੀ ਬਣੀ ਪਿ੍ਅੰਕਾ, ਰਾਹੁਲ ਗਾਂਧੀ ਨਾਲ ਸ਼ਾਮ ਸਾਢੇ 7 ਵਜੇ ਨਵਜੋਤ ਸਿੰਘ ਸਿੱਧੂ ਨਾਲ ਹੋਈ ਮੁਲਾਕਾਤ ਦੌਰਾਨ ਵੀ ਨਾਲ ਮੌਜੂਦ ਰਹੀ | ਸਿੱਧੂ ਦੇ ਦਿੱਲੀ ‘ਚ ਮੁਲਾਕਾਤਾਂ ਦੇ ਦੌਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੀ ਸਰਗਰਮ ਹੋ ਗਏ ਹਨ | ਹਾਸਲ ਜਾਣਕਾਰੀ ਮੁਤਾਬਿਕ ਕੈਪਟਨ ਨੇ ਵੀਰਵਾਰ ਦੁਪਹਿਰ ਨੂੰ ਆਪਣੇ ਸਮਰਥਕਾਂ ਨੂੰ ਚੰਡੀਗੜ੍ਹ ‘ਚ ਦੁਪਹਿਰ ਦੇ ਖਾਣੇ ‘ਤੇ ਬੁਲਾਇਆ ਹੈ |

ਦਿੱਲੀ ‘ਚ ਵਧੀ ਸਰਗਰਮੀ ਨਾਲ ਹੀ ਕੈਪਟਨ ‘ਲੰਚ ਡਿਪਲੋਮੈਸੀ’ ਰਾਹੀਂ ਆਪਣੇ ਸਮਰਥਕਾਂ ਨੂੰ ਇਕੱਠੇ ਕਰਨ ਦੀ ਕਵਾਇਦ ‘ਚ ਲੱਗ ਗਏ ਹਨ | ਪਿ੍ਅੰਕਾ ਨਾਲ ਪਹਿਲਾਂ ਸਵੇਰੇ ਅਤੇ ਫਿਰ ਸ਼ਾਮ ਨੂੰ ਰਾਹੁਲ ਗਾਂਧੀ ਅਤੇ ਪਿ੍ਅੰਕਾ ਗਾਂਧੀ ਨਾਲ ਹੋਈਆਂ ਤਵਸੀਲੀ ਮੀਟਿੰਗਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ | ਕਾਂਗਰਸੀ ਹਲਕਿਆਂ ਮੁਤਾਬਿਕ ਪਿਛਲੇ 1 ਮਹੀਨੇ ਤੋਂ ਦਿੱਲੀ ਪਹੁੰਚੇ ਪੰਜਾਬ ਦੀ ਭਖੀ ਸਿਆਸਤ ਦੇ ਮੁੱਦੇ ‘ਤੇ ਜਿਸ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੋ ਧਿਰਾਂ ਬਣੇ ਆਹਮੋ-ਸਾਹਮਣੇ ਖੜ੍ਹੇ ਹਨ, ਕਾਂਗਰਸ ਹਾਈਕਮਾਨ ਵਲੋਂ ‘ਸੁਲਾਹ’ ਦਾ ਫਾਰਮੂਲਾ ਤਿਆਰ ਕੀਤਾ ਗਿਆ ਹੈ | ਬੁੱਧਵਾਰ ਦੀਆਂ ਮੁਲਾਕਾਤਾਂ ਤੋਂ ਬਾਅਦ ਇਸ ਫਾਰਮੂਲੇ ‘ਤੇ ਰਜ਼ਾਮੰਦੀ ਲਈ ਸਿੱਧੂ ਨੂੰ ਵੀ ਮੰਨ ਗਏ ਹਨ | ਪਾਰਟੀ ਹਲਕਿਆਂ ਮੁਤਾਬਿਕ ਆਉਣ ਵਾਲੇ 1-2 ਦਿਨਾਂ ‘ਚ ਹੀ ਕਾਂਗਰਸ ਵਲੋਂ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਸਬੰਧੀ ਐਲਾਨ ਕਰ ਦਿੱਤੇ ਜਾਣਗੇ | ਹਾਲਾਂਕਿ ਇਸ ਫਾਰਮੂਲੇ ਬਾਰੇ ਪਾਰਟੀ ਹਾਈਕਮਾਨ ਵਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ |

ਰਾਹੁਲ ਗਾਂਧੀ ਨਾਲ ਸਵਾ ਘੰਟਾ ਚੱਲੀ ਮੁਲਾਕਾਤ ਨਵਜੋਤ ਸਿੰਘ ਸਿੱਧੂ ਦੀ ਰਾਹੁਲ ਗਾਂਧੀ ਨਾਲ ਸ਼ਾਮ ਨੂੰ ਹੋਈ ਮੁਲਾਕਾਤ ਤਕਰੀਬਨ ਸਵਾ ਘੰਟਾ ਚੱਲੀ | ਕਾਂਗਰਸੀ ਹਲਕਿਆਂ ਮੁਤਾਬਿਕ ਸਿੱਧੂ ਤਕਰੀਬਨ ਸਾਢੇ 7 ਵਜੇ ਰਾਹੁਲ ਗਾਂਧੀ ਦੀ ਤੁਗਲਕ ਰੋਡ ਸਥਿਤ ਰਿਹਾਇਸ਼ ‘ਤੇ ਪਹੁੰਚੇ | ਇਸ ਮੁਲਾਕਾਤ ਦੌਰਾਨ ਪਿ੍ਅੰਕਾ ਗਾਂਧੀ ਵੀ ਉੱਥੇ ਮੌਜੂਦ ਸੀ | ਮੁਲਾਕਾਤ ਕਰਨ ਅਤੇ ਉਸ ਤੋਂ ਬਾਹਰ ਆਉਂਦਿਆਂ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਦੇ ਕਿਸੇ ਵੀ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ |

ਸਵੇਰੇ ਪਿ੍ਅੰਕਾ ਗਾਂਧੀ ਨਾਲ 3 ਘੰਟੇ ਚੱਲੀ ਮੁਲਾਕਾਤ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਸਵੇਰੇ ਪਿ੍ਅੰਕਾ ਗਾਂਧੀ ਨਾਲ ਵੀ ਮੁਲਾਕਾਤ ਕੀਤੀ | ਹਲਕਿਆਂ ਮੁਤਾਬਿਕ ਪਿ੍ਅੰਕਾ ਗਾਂਧੀ ਨਾਲ ਮੁਲਾਕਾਤ ਦੌਰਾਨ ਸਿੱਧੂ ਨੇ ਹਾਈਕਮਾਨ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਨੇ ਉਨ੍ਹਾਂ ਵਲੋਂ ਉਠਾਏ ਸਰੋਕਾਰਾਂ ‘ਤੇ ਧਿਆਨ ਦਿੰਦਿਆਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ | ਸਿੱਧੂ ਨੇ ਮੁਲਾਕਾਤ ਦੀ ਜਾਣਕਾਰੀ ਟਵਿੱਟਰ ‘ਤੇ ਪਾਈ ਤਸਵੀਰ ਰਾਹੀਂ ਹੀ ਸਾਂਝੀ ਕੀਤੀ ਅਤੇ ਮੀਡੀਆ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ |

Leave a Reply

Your email address will not be published.