ਨਵਜੋਤ ਨਾ ਤਾਂ ਉਹ ਪ੍ਰਧਾਨ ਅਤੇ ਨਾ ਹੀ ਉਪ ਮੁੱਖ ਮੰਤਰੀ ਬਣ ਸਕਦੈ

Home » Blog » ਨਵਜੋਤ ਨਾ ਤਾਂ ਉਹ ਪ੍ਰਧਾਨ ਅਤੇ ਨਾ ਹੀ ਉਪ ਮੁੱਖ ਮੰਤਰੀ ਬਣ ਸਕਦੈ
ਨਵਜੋਤ ਨਾ ਤਾਂ ਉਹ ਪ੍ਰਧਾਨ ਅਤੇ ਨਾ ਹੀ ਉਪ ਮੁੱਖ ਮੰਤਰੀ ਬਣ ਸਕਦੈ

ਚੰਡੀਗੜ੍ਹ, 27 ਅਪ੍ਰੈਲ -ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਮਗਰਲੇ ਕੁਝ ਦਿਨਾਂ ਤੋਂ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵਲੋਂ ਉਨ੍ਹਾਂ ਅਤੇ ਉਨ੍ਹਾਂ ਦੀ ਸਰਕਾਰ ਦੀ ਕਾਰਜਸ਼ੈਲੀ ਵਿਰੁੱਧ ਕੀਤੀ ਜਾ ਰਹੀ ਬਿਆਨਬਾਜ਼ੀ ਤੋਂ ਕਾਫ਼ੀ ਔਖੇ ਸਨ, ਵਲੋਂ ਅੱਜ ਇਕ ਟੀ.ਵੀ. ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਨਵਜੋਤ ਸਿੰਘ ਸਿੱਧੂ ਵਿਰੁੱਧ ਖੁੱਲ੍ਹ ਕੇ ਭੜਾਸ ਕੱਢੀ |

ਮਗਰਲੇ ਦਿਨਾਂ ਦੌਰਾਨ ਸ. ਸਿੱਧੂ ਨੂੰ ਆਪਣੇ ਨੇੜੇ ਲਗਾਉਣ ਦੀਆਂ ਕੋਸ਼ਿਸ਼ਾਂ ‘ਚ ਅਸਫ਼ਲ ਰਹਿਣ ਤੋਂ ਬਾਅਦ ਸ਼ਾਇਦ ਮੁੱਖ ਮੰਤਰੀ ਵਲੋਂ ਸਿੱਧੂ ਵਿਰੁੱਧ ਫਰੰਟ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਦੇ ਕਿਸੇ ਬਿਆਨ ਦਾ ਜਵਾਬ ਦੇਣ ਦੀ ਲੋੜ ਨਹੀਂ ਕਿਉਂਕਿ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਕਿ ਉਹ ਕਿਸ ਪਾਰਟੀ ਵਿਚ ਹੈ ਅਤੇ ਰੋਜ਼ਾਨਾ ਲਗਾਤਾਰ ਬੋਲ ਰਿਹਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਅਗਰ ਉਹ ਕਾਂਗਰਸ ਵਿਚ ਹੈ ਤਾਂ ਉਸ ਦੀ ਬਿਆਨਬਾਜ਼ੀ ਅਨੁਸ਼ਾਸਨਹੀਣਤਾ ਹੈ ਅਤੇ ਉਹ ਰੋਜ਼ਾਨਾ ਉਸ ਦਾ ਜਵਾਬ ਨਹੀਂ ਦੇ ਸਕਦੇ | ਉਨ੍ਹਾਂ ਕਿਹਾ ਕਿ ਸਿੱਧੂ, ਭਾਜਪਾ ਵਿਰੁੱਧ ਅਪਸ਼ਬਦ ਬੋਲ ਚੁੱਕੇ ਹਨ, ਅਕਾਲੀਆਂ ਨਾਲ ਉਸ ਦੀ ਬਣਦੀ ਨਹੀਂ, ਇਸ ਲਈ ਉਹ ਆਪ ਹੀ ਦੱਸਣ ਕਿ ਉਹ ਕਿੱਧਰ ਜਾਣਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੁੱਖ ਮੰਤਰੀ ਵਿਰੁੱਧ ਲਗਾਤਾਰ ਬੋਲ ਕੇ ਉਹ ਕਿਸ ਪਾਸੇ ਜਾਣ ਦੀ ਤਿਆਰੀ ਵਿਚ ਤਾਂ ਜ਼ਰੂਰ ਲੱਗਦੇ ਹਨ |

ਪਟਿਆਲਾ ਵਿਚ ਸ. ਸਿੱਧੂ ਦੀ ਪਤਨੀ ਦੇ ਸਰਗਰਮ ਹੋਣ ਬਾਰੇ ਪੁੱਛੇ ਜਾਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਮੇਰੇ ਵਿਰੁੱਧ ਉਹ ਕਾਂਗਰਸ ਵਿਚ ਰਹਿ ਕੇ ਤਾਂ ਚੋਣ ਨਹੀਂ ਲੜ ਸਕਦੇ ਪਰ ਮੇਰੇ ਵਿਰੁੱਧ ਜਨਰਲ ਜੇ.ਜੇ. ਸਿੰਘ ਨੇ ਵੀ ਚੋਣ ਲੜ ਕੇ ਜ਼ਮਾਨਤ ਜ਼ਬਤ ਕਰਵਾਈ ਸੀ ਅਤੇ ਸਿੱਧੂ ਵੀ ਚੋਣ ਲੜ ਕੇ ਵੇਖ ਸਕਦੇ ਹਨ | ਸ. ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪੇ ਜਾਣ ਦੇ ਚਰਚਿਆਂ ਬਾਰੇ ਪੁੱਛੇ ਜਾਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਚੰਗਾ ਕੰਮ ਕਰ ਰਹੇ ਹਨ, ਉਨ੍ਹਾਂ ‘ਚ ਕੀ ਕਮੀ ਹੈ ਅਤੇ ਫਿਰ ਚਾਰ ਸਾਲ ਪਹਿਲਾਂ ਕਾਂਗਰਸ ਵਿਚ ਆਏ ਵਿਅਕਤੀ ਨੂੰ ਕਿਵੇਂ ਪਾਰਟੀ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ | ਹਾਲਾਂਕਿ ਮੁੱਖ ਮੰਤਰੀ ਖ਼ੁਦ ਵੀ ਅਕਾਲੀਆਂ ਨੂੰ ਛੱਡ ਕੇ ਵਾਪਸ ਕਾਂਗਰਸ ਵਿਚ ਆਉਣ ਤੋਂ ਕੁਝ ਮਹੀਨੇ ਬਾਅਦ ਹੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਥਾਪ ਦਿੱਤੇ ਗਏ ਸਨ | ਮੁੱਖ ਮੰਤਰੀ ਨੇ ਕਿਹਾ ਕਿ ਮੇਰੇ ਸਾਰੇ ਮੰਤਰੀ ਸਿੱਧੂ ਤੋਂ ਸੀਨੀਅਰ ਹਨ, ਮੈਂ ਉਨ੍ਹਾਂ ਤੋਂ ਉੱਪਰ ਉਸ ਨੂੰ ਉਪ ਮੁੱਖ ਮੰਤਰੀ ਕਿਵੇਂ ਲਗਾ ਸਕਦਾ ਹਾਂ |

ਉਨ੍ਹਾਂ ਕਿਹਾ ਕਿ ਕੇਵਲ ਚੰਗਾ ਬੁਲਾਰਾ ਹੋਣ ਨਾਲ ਤਾਂ ਸੀਨੀਅਰ ਨਹੀਂ ਬਣ ਜਾਂਦੇ | ਇੱਥੇ ਕਈ ਲੋਕ ਯੂਥ ਕਾਂਗਰਸ ਤੋਂ ਲੈ ਕੇ ਕਾਂਗਰਸ ਲਈ ਕੰਮ ਕਰ ਰਹੇ ਹਨ | ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਦਾ ਕੋਈ ਏਜੰਡਾ ਨਹੀਂ ਅਤੇ ਆਪਣੀ ਪਾਰਟੀ ‘ਤੇ ਰੋਜ਼ਾਨਾ ਹਮਲੇ ਕਰ ਰਿਹਾ ਹੈ ਅਤੇ ਉਸ ਨੇ ਜਿਸ ਪਾਸੇ ਜਾਣਾ ਹੈ ਛੇਤੀ ਜਾਵੇ | ਮੁੱਖ ਮੰਤਰੀ ਨੇ ਕੱਲ੍ਹ ਦੀ ਮੰਤਰੀ ਮੰਡਲ ਦੀ ਬੈਠਕ ‘ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਅਸਤੀਫ਼ਿਆਂ ਦੀ ਵੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਮੈਂ ਇਹ ਅਸਤੀਫ਼ੇ ਪਾੜ ਦਿੱਤੇ ਸਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਅਤੇ ਅਕਾਲੀਆਂ ਵਲੋਂ ਰੋਜ਼ ਸਾਡੀ ਨੁਕਤਾਚੀਨੀ ਹੋ ਰਹੀ ਹੈ ਪਰ ਆਪਣੇ ਲੋਕਾਂ ਨੂੰ ਮੈਂ ਕਿਹਾ ਸੀ ਕਿ ਤੁਸੀਂ ਉਨ੍ਹਾਂ ਦਾ ਜਵਾਬ ਕਿਉਂ ਨਹੀਂ ਦੇ ਰਹੇ | ਬਲਕਿ ਕੁਝ ਲੋਕ ਆਪਣੀ ਸਰਕਾਰ ਵਿਰੁੱਧ ਹੀ ਬੋਲ ਰਹੇ ਹਨ ਜੋ ਅਨੁਸ਼ਾਸਨਹੀਣਤਾ ਹੈ |

ਉਨ੍ਹਾਂ ਕਿਹਾ ਕਿ ਮੈਂ ਮੰਤਰੀਆਂ ਨੂੰ ਕਿਹਾ ਕਿ ਉਹ ਆਪਣੇ ਖੇਤਰਾਂ ਵਿਚ ਕਣਕ ਦੀ ਖ਼ਰੀਦ ਅਤੇ ਕੋਰੋਨਾ ਦੇ ਇਲਾਜ ਦੇ ਪ੍ਰਬੰਧ ਦਾ ਜਾਇਜ਼ਾ ਕਿਉਂ ਨਹੀਂ ਲੈ ਰਹੇ | ਇਸੇ ਦੌਰਾਨ ਸ. ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟ ਵਿਚ ਕਿਹਾ ਕਿ ਪੰਜਾਬ ਦੀ ਚੇਤਨਤਾ ਨੂੰ ਭਟਕਾਉਣ ਦੇ ਸਭ ਯਤਨ ਅਸਫਲ ਹੋਣਗੇ | ਉਨ੍ਹਾਂ ਕਿਹਾ ਕਿ ਪੰਜਾਬ ਮੇਰੀ ਰੂਹ ਹੈ ਤੇ ਪੰਜਾਬ ਦੀ ਰੂਹ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ | ਸਾਡੀ ਲੜਾਈ ਇਨਸਾਫ਼ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਹੈ ਅਤੇ ਇਸ ਲੜਾਈ ਵਿਚ ਕਿਸੇ ਵਿਧਾਨ ਸਭਾ ਸੀਟ ਬਾਰੇ ਵਿਚਾਰ ਕਰਨਾ ਕੋਈ ਅਹਿਮੀਅਤ ਨਹੀਂ ਰੱਖਦਾ | ਸਿੱਧੂ ਨੇ ਆਪਣੇ ਇਕ ਹੋਰ ਟਵੀਟ ਵਿਚ ਕਿਸੇ ਦਾ ਨਾਂਅ ਲਏ ਬਿਨਾਂ ਕਿਹਾ ਕਿ ਤੁਸੀਂ ਇੱਧਰ-ਉੱਧਰ ਦੀਆਂ ਗੱਲਾਂ ਨਾ ਕਰੋ ਅਤੇ ਇਹ ਦੱਸੋ ਕਿ ਬੇਅਦਬੀ ਦਾ ਇਨਸਾਫ਼ ਕਿਉਂ ਨਹੀਂ ਮਿਲਿਆ | ਉਨ੍ਹਾਂ ਕਿਹਾ ਕਿ ਅਗਵਾਈ ‘ਤੇ ਸਵਾਲ ਹੈ | ਮਨਸ਼ਾ ‘ਤੇ ਬਵਾਲ ਹੈ |

Leave a Reply

Your email address will not be published.