ਨਵੀਂ ਦਿੱਲੀ / ਦਿੱਲੀ ਦੰਗਿਆਂ ਦੇ ਮਾਮਲੇ ‘ਚ ਪਹਿਲੀ ਵਾਰ ਅਦਾਲਤ ਨੇ ਇਕ ਦੰਗਾਕਾਰੀ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਗੋਕਲਪੁਰੀ ‘ਚ ਲੁੱਟਖੋਹ ਤੋਂ ਬਾਅਦ ਘਰ ਸਾੜਨ ਦੇ ਮਾਮਲੇ ‘ਚ ਵਧੀਕ ਜੱਜ ਵਰੇਂਦਰ ਭੱਟ ਦੀ ਅਦਾਲਤ ਨੇ ਦੋਸ਼ੀ ਦਿਨੇਸ਼ ਯਾਦਵ ਉਰਫ਼ ਮਾਈਕਲ ਨੂੰ ਦੋਸ਼ੀ ਠਹਿਰਾਇਆ ਹੈ। ਉਸ ਦੀ ਸਜ਼ਾ ‘ਤੇ ਸੁਣਵਾਈ 22 ਦਸੰਬਰ ਨੂੰ ਹੋਵੇਗੀ। ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐਨ.ਆਰ.ਸੀ.) ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਪਿਛਲੇ ਸਾਲ ਫਰਵਰੀ ‘ਚ ਉੱਤਰ ਪੂਰਬੀ ਦਿੱਲੀ ‘ਚ ਦੰਗੇ ਭੜਕ ਗਏ ਸਨ। ਦੰਗਿਆਂ ਦੌਰਾਨ 25 ਫਰਵਰੀ 2020 ਨੂੰ ਗੋਕਲਪੁਰੀ ਇਲਾਕੇ ਦੇ ਭਾਗੀਰਥੀ ਵਿਹਾਰ ਡੀ-ਬਲਾਕ ‘ਚ 73 ਸਾਲਾ ਮਨੋਰੀ ਦੇ ਘਰ ‘ਤੇ ਦੰਗਾਕਾਰੀਆਂ ਨੇ ਹਮਲਾ ਕਰ ਦਿੱਤਾ ਸੀ। ਉਸ ਸਮੇਂ ਘਰ ‘ਚ ਕੋਈ ਮੌਜੂਦ ਨਹੀਂ ਸੀ। ਦੰਗਾਕਾਰੀ ਉਨ੍ਹਾਂ ਦੇ ਘਰ ‘ਚ ਸਮਾਨ ਲੁੱਟ ਕੇ ਲੈ ਗਏ ਅਤੇ ਘਰ ਨੂੰ ਅੱਗ ਲਗਾ ਦਿੱਤੀ ਸੀ।