ਦਿੱਲੀ: ਜੇਐੱਨਯੂ ’ਚ ਮੋਦੀ ਬਾਰੇ ਬੀਬੀਸੀ ਦੀ ਡਾਕੂਮੈਂਟਰੀ ਦੀ ਸਕ੍ਰੀਨਿੰਗ ਦੌਰਾਨ ਬੱਤੀ ਗੁੱਲ, ਇੰਟਰਨੈੱਟ ਠੱਪ ਤੇ ਪਥਰਾਅ

ਨਵੀਂ ਦਿੱਲੀ, 25 ਜਨਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਬੀਬੀਸੀ ਦੀ ਵਿਵਾਦਗ੍ਰਸਤ ਦਸਤਾਵੇਜ਼ੀ ਫਿਲਮ ਦੀ ਸਕ੍ਰੀਨਿੰਗ ਲਈ ਜੇਐੱਨਯੂ ਵਿਦਿਆਰਥੀ ਸੰਘ ਦੇ ਦਫਤਰ ਵਿੱਚ ਇਕੱਠੇ ਹੋਏ ਕਈ ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਫਿਲਮ ਦੇਖਣ ਤੋਂ ਰੋਕਣ ਲਈ ਬਿਜਲੀ ਅਤੇ ਇੰਟਰਨੈਟ ਕੱਟ ਦਿੱਤਾ ਅਤੇ ਉਨ੍ਹਾਂ ‘ਤੇ ਪਥਰਾਅ ਕੀਤਾ ਗਿਆ। ਇਸ ਮਗਰੋਂ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਉਹ ਆਪਣੇ ਮੋਬਾਈਲ ਫ਼ੋਨਾਂ ‘ਤੇ ਦਸਤਾਵੇਜ਼ੀ ਫ਼ਿਲਮ ਦੇਖ ਰਹੇ ਸਨ ਤਾਂ ਉਨ੍ਹਾਂ ‘ਤੇ ਹਮਲਾ ਕੀਤਾ ਗਿਆ। ਕੁਝ ਨੇ ਦੋਸ਼ ਲਾਇਆ ਕਿ ਹਮਲਾਵਰ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਦੇ ਮੈਂਬਰ ਸਨ। ਬਾਅਦ ਵਿੱਚ ਰਾਤ ਨੂੰ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਪੱਥਰਬਾਜ਼ਾਂ ਖ਼ਿਲਾਫ ਸ਼ਿਕਾਇਤ ਦਰਜ ਕਰਵਾਉਣ ਲਈ ਬਸੰਤ ਕੁੰਜ ਥਾਣੇ ਵੱਲ ਮਾਰਚ ਕੀਤਾ। ਕੈਂਪਸ ਵਿੱਚ ਬਿਜਲੀ ਕੱਟ ਬਾਰੇ ਜੇਐਨਯੂ ਪ੍ਰਸ਼ਾਸਨ ਦੇ ਅਧਿਕਾਰੀ ਨੇ ਦੱਸਿਆ,’ਯੂਨੀਵਰਸਿਟੀ ਵਿੱਚ ਵੱਡਾ ਬਿਜਲੀ ਸਪਲਾਈ ਨੁਕਸ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।’ ਵਿਦਿਆਰਥੀਆਂ ਦੇ ਦੋਸ਼ਾਂ ਅਤੇ ਦਾਅਵਿਆਂ ‘ਤੇ ਜੇਐਨਯੂ ਪ੍ਰਸ਼ਾਸਨ ਵੱਲੋਂ ਤੁਰੰਤ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ।

Leave a Reply

Your email address will not be published. Required fields are marked *

Generated by Feedzy