ਤਾਲਿਬਾਨ ਨੇ ਢਾਹਿਆ ਗ਼ਜ਼ਨੀ ਦਾ ਵਿਸ਼ਵ ਪ੍ਰਸਿੱਧ ਪ੍ਰਵੇਸ਼ ਦੁਆਰ

Home » Blog » ਤਾਲਿਬਾਨ ਨੇ ਢਾਹਿਆ ਗ਼ਜ਼ਨੀ ਦਾ ਵਿਸ਼ਵ ਪ੍ਰਸਿੱਧ ਪ੍ਰਵੇਸ਼ ਦੁਆਰ
ਤਾਲਿਬਾਨ ਨੇ ਢਾਹਿਆ ਗ਼ਜ਼ਨੀ ਦਾ ਵਿਸ਼ਵ ਪ੍ਰਸਿੱਧ ਪ੍ਰਵੇਸ਼ ਦੁਆਰ

ਅੰਮ੍ਤਿਸਰ / ਅਫ਼ਗਾਨਿਸਤਾਨ ‘ਚ ਤਾਲਿਬਾਨ ਨੇ ਕ੍ਰੇਨ ਦੀ ਮਦਦ ਨਾਲ ਗ਼ਜ਼ਨੀ ਪ੍ਰਾਂਤ ਦੇ ਵਿਸ਼ਵ ਪ੍ਰਸਿੱਧ ਪ੍ਰਵੇਸ਼ ਦੁਆਰ ਨੂੰ ਢਾਹ ਦਿੱਤਾ ਹੈ |

ਇਹ ਗੇਟਵੇਅ ਇਸਲਾਮੀ ਪਰੰਪਰਾ ਅਤੇ ਸੱਭਿਆਚਾਰ ਦਾ ਪ੍ਰਤੀਕ ਸੀ ਅਤੇ ਇਸ ਨੂੰ ਇਸ ਖੇਤਰ ਦੀ ਸੱਭਿਆਚਾਰਕ ਵਿਰਾਸਤੀ ਧਰੋਹਰ ਐਲਾਨਿਆ ਗਿਆ ਸੀ | ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 20 ਸਾਲਾਂ ਬਾਅਦ ਅਫ਼ਗਾਨਿਸਤਾਨ ਦੀ ਸੱਤਾ ‘ਤੇ ਮੁੜ ਤੋਂ ਕਾਬਜ਼ ਹੋਏ ਤਾਲਿਬਾਨ ਨੂੰ ਗ਼ਜ਼ਨੀ ਦਾ ਉਕਤ ਗੇਟ ਪਸੰਦ ਨਹੀਂ ਸੀ, ਇਸ ਲਈ ਉਨ੍ਹਾਂ ਇਸ ਨੂੰ ਢਾਹ ਦਿੱਤਾ | ਇਹ ਗੇਟ ਪਿਛਲੀ ਅਸ਼ਰਫ਼ ਗਨੀ ਸਰਕਾਰ ਦੁਆਰਾ ਬਣਾਇਆ ਗਿਆ ਸੀ | Eਧਰ, ਪਹਿਲਾਂ ਇਹ ਖਬਰ ਸਾਹਮਣੇ ਆਈ ਸੀ ਕਿ ਯੂਕਰੇਨ ਦੇ ਇਕ ਜਹਾਜ਼ ਨੂੰ ਅਣਪਛਾਤੇ ਲੋਕਾਂ ਵਲੋਂ ਹਾਈਜੈਕ ਕਰ ਲਿਆ ਗਿਆ ਹੈ | ਇਹ ਜਹਾਜ਼ ਯੂਕਰੇਨ ਦੇ ਨਾਗਰਿਕਾਂ ਨੂੰ ਕਾਬੁਲ ਤੋਂ ਕੱਢਣ ਲਈ ਆਇਆ ਸੀ | ਪਰ ਬਾਅਦ ਵਿਚ ਯੁਕਰੇਨ ਦੇ ਵਿਦੇਸ਼ ਮੰਤਰੀ ਨੇ ਇਸ ਤਰ੍ਹਾਂ ਦੀਆਂ ਖ਼ਬਰਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਕੋਈ ਵੀ ਜਹਾਜ਼ ਹਾਈਜੈਕ ਨਹੀਂ ਹੋਇਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਾਰੇ ਜਹਾਜ਼ 256 ਲੋਕਾਂ ਨੂੰ ਲੈ ਕੇ ਸੁਰੱਖਿਅਤ ਦੇਸ਼ ਪਰਤ ਆਏ ਹਨ |

ਇਸੇ ਦੌਰਾਨ ਅਫ਼ਗਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ, ਜੋ ਪੰਜਸ਼ੀਰ ਦੀਆਂ ਖ਼ਤਰਨਾਕ ਘਾਟੀਆਂ ‘ਚ ਤਾਲਿਬਾਨ ਅੱਤਵਾਦੀਆਂ ਦਾ ਮੁਕਾਬਲਾ ਕਰ ਰਹੇ ਸਨ, ਨੇ ਕਿਹਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਅਫ਼ਗਾਨਿਸਤਾਨ ਤਾਲਿਬਿਸਤਾਨ ‘ਚ ਬਦਲ ਜਾਵੇ | ਉਨ੍ਹਾਂ ਕਿਹਾ ਕਿ ਸਾਨੂੰ ਗੱਲਬਾਤ ਦਾ ਤਰੀਕਾ ਪਸੰਦ ਹੈ ਪਰ ਇਹ ਸਾਰਥਿਕ ਹੋਣੀ ਚਾਹੀਦੀ ਹੈ | ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਤਾਲਿਬਾਨ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਅੱਤਵਾਦੀ ਸਮੂਹ ਵਿਰੁੱਧ ਵਿਰੋਧ ਬਹੁਤ ਮਜ਼ਬੂਤ ਹੈ | ਅਮਰੁੱਲਾਹ ਸਾਲੇਹ ਨੇ ਵੀ ਟਵੀਟ ਕਰਕੇ ਕਿਹਾ ਹੈ ਕਿ ਤਾਲਿਬਾਨ ਅੰਦਰਾਬ ਘਾਟੀ ‘ਚ ਭੋਜਨ ਅਤੇ ਬਾਲਣ ਨਹੀਂ ਆਉਣ ਦੇ ਰਹੇ ਹਨ, ਜਿਸ ਕਾਰਨ ਸਥਿਤੀ ਬਹੁਤ ਮਾੜੀ ਹੋ ਚੁੱਕੀ ਹੈ | ਹਜ਼ਾਰਾਂ ਔਰਤਾਂ ਅਤੇ ਬੱਚੇ ਅੰਦਰਾਬ ਘਾਟੀ ਨੂੰ ਛੱਡ ਕੇ ਜਾ ਚੁਕੇ ਹਨ ਅਤੇ ਤਾਲਿਬਾਨ ਨੇ ਪਿਛਲੇ ਦੋ ਦਿਨਾਂ ‘ਚ ਬਹੁਤ ਸਾਰੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਅਗਵਾ ਕਰ ਲਿਆ ਹੈ |

ਤਾਲਿਬਾਨ ਸਮੂਹ ਬਣਾਏਗਾ 12 ਮੈਂਬਰੀ ਕੌਂਸਲ ਅਫ਼ਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਨੂੰ 10 ਦਿਨ ਹੋ ਗਏ ਹਨ | ਦੱਸਿਆ ਜਾ ਰਿਹਾ ਹੈ ਕਿ ਸੱਤਾ ਦੇ ਤਬਾਦਲੇ ਦੀਆਂ ਸਾਰੀਆਂ ਕਾਰਵਾਈਆਂ ਪੂਰੀਆਂ ਹੋ ਗਈਆਂ ਹਨ ਅਤੇ ਅਗਲੇ ਕੁਝ ਦਿਨਾਂ ‘ਚ ਤਾਲਿਬਾਨ ਇਸਲਾਮਿਕ ਅਮੀਰਾਤ ਸਰਕਾਰ ਦਾ ਰਸਮੀ ਐਲਾਨ ਕਰ ਸਕਦੇ ਹਨ | ਇਹ ਵੀ ਜਾਣਕਾਰੀ ਮਿਲੀ ਹੈ ਕਿ ਤਾਲਿਬਾਨ ਦੇ ਨੇਤਾ ਅਫ਼ਗਾਨਿਸਤਾਨ ‘ਤੇ ਸ਼ਾਸਨ ਕਰਨ ਲਈ 12 ਮੈਂਬਰੀ ਕੌਂਸਲ ਦਾ ਗਠਨ ਕਰਨਗੇ | ਇਸ ਕੌਂਸਲ ਦੇ ਤਿੰਨ ਸਭ ਤੋਂ ਸ਼ਕਤੀਸ਼ਾਲੀ ਮੈਂਬਰਾਂ ‘ਚ ਤਾਲਿਬਾਨ ਦੇ ਸਹਿ-ਸੰਸਥਾਪਕ ਮੁੱਲਾ ਅਬਦੁਲ ਗਨੀ ਬਰਾਦਰ, ਤਾਲਿਬਾਨ ਦੇ ਸੰਸਥਾਪਕ ਮੁੱਲਾ ਉਮਰ ਦੇ ਪੁੱਤਰ ਮੁੱਲਾ ਮੁਹੰਮਦ ਯਾਕੂਬ ਅਤੇ ਹੱਕਾਨੀ ਨੈੱਟਵਰਕ ਦੇ ਸੀਨੀਅਰ ਮੈਂਬਰ ਖਲੀਲ ਹੱਕਾਨੀ ਦੇ ਨਾਂਅ ਸ਼ਾਮਿਲ ਹਨ | ਭਾਵੇਂ ਇਨ੍ਹਾਂ ਤਿੰਨਾਂ ‘ਚੋਂ ਇਕ ਜਾਂ ਦੋ ਨੂੰ ਸਰਕਾਰ ‘ਚ ਸ਼ਾਮਿਲ ਨਾ ਕੀਤਾ ਜਾਵੇ, ਫਿਰ ਵੀ ਉਹ ਸਰਕਾਰ ਚਲਾਉਣ ਲਈ ਪਰਦੇ ਦੇ ਪਿੱਛੇ ਰਹਿ ਕੇ ਕੰਮ ਕਰਨਗੇ |

Leave a Reply

Your email address will not be published.