ਤਾਲਿਬਾਨ ਨੇ ਕੀਤਾ ਪਾਕਿਸਤਾਨ ਨਾਲ ਲਗਦੀ ਸਰਹੱਦ ‘ਤੇ ਕਬਜ਼ਾ

Home » Blog » ਤਾਲਿਬਾਨ ਨੇ ਕੀਤਾ ਪਾਕਿਸਤਾਨ ਨਾਲ ਲਗਦੀ ਸਰਹੱਦ ‘ਤੇ ਕਬਜ਼ਾ
ਤਾਲਿਬਾਨ ਨੇ ਕੀਤਾ ਪਾਕਿਸਤਾਨ ਨਾਲ ਲਗਦੀ ਸਰਹੱਦ ‘ਤੇ ਕਬਜ਼ਾ

ਅੰਮ੍ਤਿਸਰ / ਬੇਲਗ਼ਾਮ ਘੋੜੇ ਵਾਂਗ ਅਫ਼ਗਾਨਿਸਤਾਨ ਦੇ ਖੇਤਰਾਂ ‘ਚ ਵੱਧ ਰਹੇ ਤਾਲਿਬਾਨ ਨੇ ਅੱਜ ਅਫ਼ਗਾਨਿਸਤਾਨ ਸਰਕਾਰ ਖ਼ਿਲਾਫ਼ ਆਪਣੇ ਹਮਲੇ ਜਾਰੀ ਰੱਖਦਿਆਂ ਪਾਕਿਸਤਾਨ ਨਾਲ ਲੱਗਦੀ ਅਫ਼ਗਾਨਿਸਤਾਨ ਦੀ ਚਮਨ ਸਪਿਨ ਬੋਲਡਕ ਸਰਹੱਦ ‘ਤੇ ਵੀ ਕਬਜ਼ਾ ਕਾਇਮ ਕਰ ਕੇ ਉੱਥੇ ਆਪਣੇ ਸੰਗਠਨ ਦਾ ਝੰਡਾ ਲਹਿਰਾ ਦਿੱਤਾ |

ਤਾਲਿਬਾਨ ਵਲੋਂ ਉੱਥੇ ਪਹਿਲਾਂ ਤੋਂ ਲੱਗੇ ਅਫ਼ਗਾਨਿਸਤਾਨ ਦੇ ਕੌਮੀ ਝੰਡੇ ਉਤਾਰ ਦਿੱਤੇ ਗਏ ਹਨ | ਇਸ ਦੀ ਪੁਸ਼ਟੀ ਕਰਦਿਆਂ ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਇਕ ਬਿਆਨ ‘ਚ ਕਿਹਾ ਕਿ ਤਾਲਿਬਾਨ (ਮੁਜ਼ਾਹਦੀਨ) ਨੇ ਕੰਧਾਰ ‘ਚ ਇਕ ਮਹੱਤਵਪੂਰਨ ਸਰਹੱਦੀ ਸ਼ਹਿਰ ਵੈਸ਼ ‘ਤੇ ਆਪਣਾ ਮੁਕੰਮਲ ਅਧਿਕਾਰ ਕਾਇਮ ਕਰ ਲਿਆ ਹੈ | ਇਸ ਦੇ ਨਾਲ ਬੋਲਡਕ, ਚਮਨ ਅਤੇ ਕੰਧਾਰ ਵਿਚਲੇ ਕਸਟਮ ਹਾਊਸ ਅਤੇ ਮੁੱਖ ਸੜਕਾਂ ਮੁਜ਼ਾਹਦੀਨ ਦੇ ਨਿਯੰਤਰਣ ‘ਚ ਆ ਗਈਆਂ ਹਨ | ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ | ਹਾਲਾਂਕਿ, ਅਫ਼ਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਹ ਇਸ ਸਭ ਦੀ ਜਾਂਚ ਕਰ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਜਦੋਂ ਅਮਰੀਕਾ ਦੀ ਅਗਵਾਈ ਵਾਲੀਆਂ ਵਿਦੇਸ਼ੀ ਫ਼ੌਜਾਂ ਨੇ ਅਫ਼ਗਾਨਿਸਤਾਨ ਤੋਂ ਆਪਣੀ ਫ਼ੌਜ ਵਾਪਸ ਲੈਣ ਦੀ ਸ਼ੁਰੂਆਤ ਕੀਤੀ ਤਾਂ ਉਸੇ ਦੌਰਾਨ ਤਾਲਿਬਾਨ ਨੇ ਮਈ ਮਹੀਨੇ ਦੇ ਸ਼ੁਰੂ ‘ਚ ਆਪਣੇ ਵਿਆਪਕ ਹਮਲੇ ਸ਼ੁਰੂ ਕਰ ਦਿੱਤੇ ਸਨ |

ਜਿਸ ਦੇ ਚਲਦਿਆਂ ਤਾਲਿਬਾਨ ਸਮੂਹ ਨੇ ਤਾਜਿਕਸਤਾਨ, ਤੁਰਕਮੇਨਿਸਤਾਨ ਅਤੇ ਈਰਾਨ ਦੀਆਂ ਸਰਹੱਦਾਂ ‘ਤੇ ਘੱਟੋ-ਘੱਟ ਤਿੰਨ ਹੋਰ ਮੁੱਖ ਰਸਤਿਆਂ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ | ਦੱਸਿਆ ਜਾ ਰਿਹਾ ਹੈ ਕਿ ਚਮਨ ਸਰਹੱਦ ‘ਤੇ ਕਰਾਸਿੰਗ ਪੁਆਇੰਟ ਫ੍ਰੈਂਡਸ਼ਿਪ ਗੇਟ ‘ਤੇ ਕਬਜ਼ਾ ਕਾਇਮ ਕਰਨ ਤੋਂ ਬਾਅਦ ਤਾਲਿਬਾਨ ਨੇ ਨਾਗਰਿਕਾਂ ਅਤੇ ਵਪਾਰੀਆਂ ਨੂੰ ਅੱਜ ਕਰਾਸਿੰਗ ਪੁਆਇੰਟ ਦੀ ਵਰਤੋਂ ਨਾ ਕਰਨ ਦੀ ਹਦਾਇਤ ਦਿੱਤੀ | ਉੱਧਰ ਪਾਕਿ ਨੇ ਚਮਨ ਕਰਾਸਿੰਗ ਪੁਆਇੰਟ ‘ਤੇ ਤਾਲਿਬਾਨ ਦੀਆਂ ਮੌਜੂਦਾ ਗਤੀਵਿਧੀਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਆਪਣੀਆਂ ਸਭ ਕਾਰਵਾਈਆਂ ਨੂੰ ਮੁਅੱਤਲ ਕਰ ਦਿੱਤਾ ਹੈ | ਇਸ ਦੇ ਇਲਾਵਾ ਪਾਕਿ ਵਲੋਂ ਚਮਨ ਵਿਖੇ ਪਾਕਿ-ਅਫ਼ਗਾਨ ਸਰਹੱਦ ਗੇਟ ‘ਤੇ ਵਾਧੂ ਸੁਰੱਖਿਆ ਤਾਇਨਾਤ ਕੀਤੀ ਗਈ ਹੈ | ਪਾਕਿ ਅਧਿਕਾਰੀਆਂ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਚਮਨ ਵਿਖੇ ਅਫ਼ਗਾਨਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਸਾਰੇ ਖੇਤਰ ‘ਤੇ ਤਾਲਿਬਾਨ ਦਾ ਮੁਕੰਮਲ ਤੌਰ ‘ਤੇ ਕਬਜ਼ਾ ਹੋ ਚੁੱਕਿਆ ਹੈ |

Leave a Reply

Your email address will not be published.