ਡੇਰਾ ਮੁਖੀ ਨਾਲ ਜੁੜੇ ਰਣਜੀਤ ਸਿੰਘ ਹੱਤਿਆ ਮਾਮਲੇ ‘ਚ ਫ਼ੈਸਲਾ ਟਲਿਆ

Home » Blog » ਡੇਰਾ ਮੁਖੀ ਨਾਲ ਜੁੜੇ ਰਣਜੀਤ ਸਿੰਘ ਹੱਤਿਆ ਮਾਮਲੇ ‘ਚ ਫ਼ੈਸਲਾ ਟਲਿਆ
ਡੇਰਾ ਮੁਖੀ ਨਾਲ ਜੁੜੇ ਰਣਜੀਤ ਸਿੰਘ ਹੱਤਿਆ ਮਾਮਲੇ ‘ਚ ਫ਼ੈਸਲਾ ਟਲਿਆ

ਚੰਡੀਗੜ੍ਹ / ਡੇਰਾ ਪ੍ਰਬੰਧਕ ਰਣਜੀਤ ਸਿੰਘ ਹੱਤਿਆਕਾਂਡ ਮਾਮਲੇ ‘ਚ ਮ੍ਤਿਕ ਦੇ ਬੇਟੇ ਨੇ ਪੰਚਕੂਲਾ ਸੀ.ਬੀ.ਆਈ. ਅਦਾਲਤ ਦੇ ਵਿਸ਼ੇਸ਼ ਜੱਜ ਅਤੇ ਪਬਲਿਕ ਪ੍ਰੋਸੀਕਿਊਟਰ ਕੇ.ਪੀ. ਸਿੰਘ ‘ਤੇ ਗੰਭੀਰ ਦੋਸ਼ ਲਾਉਂਦੇ ਹੋਏ ਇਸ ਅਦਾਲਤ ਤੋਂ ਇਹ ਮਾਮਲਾ ਪੰਜਾਬ, ਹਰਿਆਣਾ ਜਾਂ ਚੰਡੀਗੜ੍ਹ ਦੀ ਕਿਸੇ ਵੀ ਸੀ. ਬੀ. ਆਈ. ਅਦਾਲਤ ‘ਚ ਤਬਦੀਲ ਕਰਨ ਦੀ ਮੰਗ ਕੀਤੀ ਹੈ |

ਜਗਸੀਰ ਸਿੰਘ ਦੀ ਪਟੀਸ਼ਨ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਸਟਿਸ ਅਰਵਿੰਦ ਸਾਂਗਵਾਨ ਦੀ ਬੈਂਚ ਨੇ ਸਬੰਧਿਤ ਜੱਜ ਤੋਂ 27 ਅਗਸਤ (ਅਗਲੀ ਸੁਣਵਾਈ) ਤੋਂ ਪਹਿਲਾਂ ਉਨ੍ਹਾਂ ਤੋਂ ਜਵਾਬ ਮੰਗਿਆ ਹੈ | ਉਦੋਂ ਤੱਕ ਪੰਚਕੂਲਾ ਸੀ.ਬੀ.ਆਈ. ਅਦਾਲਤ ‘ਚ ਚਲ ਰਹੇ ਮਾਮਲੇ ਦੇ ਅੰਤਿਮ ਫ਼ੈਸਲੇ ‘ਤੇ ਰੋਕ ਲਗਾਈ ਗਈ ਹੈ | ਇਸ ਤੋਂ ਪਹਿਲਾਂ 26 ਅਗਸਤ ਲਈ ਟਰਾਇਲ ਕੋਰਟ ਵਲੋਂ ਫ਼ੈਸਲਾ ਸੁਣਾਇਆ ਜਾਣਾ ਸੀ | ਮਾਮਲੇ ਵਿਚ ਸੀ.ਬੀ.ਆਈ. ਨੂੰ ਕੇ.ਪੀ ਸਿੰਘ ਦੀ ਪੀ.ਪੀ, ਸੀ.ਬੀ.ਆਈ. ਕੋਰਟ, ਪੰਚਕੂਲਾ ਵਿਚ ਨਿਯੁਕਤੀ ਨੂੰ ਲੈ ਕੇ ਵਿਸ਼ੇਸ਼ ਹਲਫਨਾਮਾ ਪੇਸ਼ ਕਰ ਨੂੰ ਕਿਹਾ ਗਿਆ ਹੈ | 10 ਜੁਲਾਈ, 2002 ਨੂੰ ਕੁਰੂਕਸ਼ੇਤਰ ਵਿਚ ਹੱਤਿਆ ਅਤੇ ਅਪਰਾਧਿਕ ਸਾਜਿਸ਼ ਰਚਣ ਦੀਆਂ ਧਾਰਾਵਾਂ ਤਹਿਤ ਇਹ ਕੇਸ ਦਰਜ ਹੋਇਆ ਸੀ, ਜਿਸ ਵਿਚ ਡੇਰਾ ਮੁਖੀ ਸਮੇਤ ਹੋਰ ਵਿਅਕਤੀ ਮੁਲਜ਼ਮ ਹਨ | ਡੇਰਾ ਮੁਖੀ ਨੂੰ ਇਸ ਤੋਂ ਪਹਿਲਾਂ ਸਾਧਵੀਆਂ ਨਾਲ ਜਬਰ ਜਨਾਹ ਅਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਹੱਤਿਆ ਕੇਸ ਵਿਚ ਸਜ਼ਾ ਹੋ ਚੁੱਕੀ ਹੈ | ਪਟੀਸ਼ਨਰ ਵਲੋਂ ਪੇਸ਼ ਵਕੀਲ ਨੇ ਕਿਹਾ ਕਿ ਮੌਜੂਦਾ ਕੇਸ ਬਹਿਸ ਲਈ ਦਸੰਬਰ, 2019 ਤੋਂ ਪੈਂਡਿੰਗ ਹੈ |

ਮੌਜੂਦਾ ਸੀ.ਬੀ.ਆਈ ਜੱਜ ਵਲੋਂ ਅਹੁਦਾ ਸਾਂਭਣ ਦੇ ਬਾਅਦ ਕਈ ਵਾਰ ਸੁਣਵਾਈ ਮੁਲਤਵੀ ਕੀਤੀ ਗਈ | ਕੇ.ਪੀ ਸਿੰਘ ਮੌਜੂਦਾ ਸੀ.ਬੀ.ਆਈ. ਜੱਜ, ਪੰਚਕੂਲਾ ਦੇ ਚੰਡੀਗੜ੍ਹ ਸੀ.ਬੀ.ਆਈ. ਜੱਜ ਰਹਿਣ ਦੌਰਾਨ ਉਥੇ ਸਨ ਅਤੇ ਇਸ ਜੱਜ ਦੇ ਪੰਚਕੂਲਾ ਤਬਦੀਲ ਹੋਣ ਤੋਂ ਬਾਅਦ ਇਹ ਪੀ.ਪੀ. ਨਿਆਂ ਪ੍ਰਸ਼ਾਸਨ ਵਿਚ ਦਖ਼ਲ ਦੇ ਰਿਹਾ ਹੈ ਅਤੇ ਸਾਰੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਰਿਹਾ ਹੈ, ਜਦਕਿ 2 ਹੋਰ ਸਪੈਸ਼ਲ ਪੀ.ਪੀ. ਟਰਾਇਲ ਲਈ ਨਿਯੁਕਤ ਕੀਤੇ ਗਏ ਹਨ | ਪਟੀਸ਼ਨ ਵਿਚ ਇਕ ਹੋਰ ਮਾਮਲੇ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿਚ ਬਹਿਸ ਦੌਰਾਨ ਸੀਨੀਅਰ ਵਕੀਲ ਨੇ ਸੀ.ਬੀ.ਆਈ ਦੇ ਨਿਯਮਿਤ ਪੀ.ਪੀ ਦੇ ਹੋਣ ਦੇ ਬਾਵਜੂਦ ਕੇ.ਪੀ. ਸਿੰਘ ਦੇ ਅਦਾਲਤ ਵਿਚ ਮੌਜੂਦ ਰਹਿਣ ‘ਤੇ ਇਤਰਾਜ਼ ਜ਼ਾਹਿਰ ਕੀਤਾ ਸੀ | ਇਸ ਤੋਂ ਇਲਾਵਾ ਟਰਾਇਲ ਕੋਰਟ ਨੇ ਸਪੈਸ਼ਲ ਪੀ.ਪੀ. ਵਲੋਂ ਮਾਮਲੇ ਵਿਚ ਦੂਜੇ ਪੱਖ ਦੀ ਬਹਿਸ ‘ਤੇ ਆਪਣਾ ਪੱਖ ਰੱਖਣ ਦੀ ਮੰਗ ਨੂੰ ਵੀ ਰੱਦ ਕਰ ਦਿੱਤਾ ਸੀ | ਇਸ ਪੀ.ਪੀ. ਦੀ ਇਸ ਤਰ੍ਹਾਂ ਦੀ ਮੌਜੂਦਗੀ ਨੂੰ ਸ਼ੱਕੀ ਦੱਸਿਆ ਗਿਆ ਹੈ | ਅਜਿਹੇ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਵਾਜਬ ਖ਼ਦਸ਼ਾ ਹੈ ਕਿ ਇਸ ਕੋਰਟ ਤੋਂ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲੇਗਾ |

Leave a Reply

Your email address will not be published.