ਟੋਕੀਉ ਦੀਆਂ ਓਲੰਪਿਕ ਖੇਡਾਂ: ਨਹੀਉ ਭੁੱਲਣੀਆਂ ਉਹ ਜਲ ਪਰੀਆਂ!

Home » Blog » ਟੋਕੀਉ ਦੀਆਂ ਓਲੰਪਿਕ ਖੇਡਾਂ: ਨਹੀਉ ਭੁੱਲਣੀਆਂ ਉਹ ਜਲ ਪਰੀਆਂ!
ਟੋਕੀਉ ਦੀਆਂ ਓਲੰਪਿਕ ਖੇਡਾਂ: ਨਹੀਉ  ਭੁੱਲਣੀਆਂ ਉਹ ਜਲ ਪਰੀਆਂ!

ਪ੍ਰਿੰ. ਸਰਵਣ ਸਿੰਘ ਲੇਖਾ-ਜੋਖਾ ਨਹੀਉ ਭੁੱਲਣੀਆਂ ਉਹ ਜਲ ਪਰੀਆਂ ਜਿਨ੍ਹਾਂ ਟੋਕੀਓ ਦੇ ਤੈਰਨ ਤਲਾਵਾਂ (ਸਵਿਮਿੰਗ ਪੂਲਜ਼) ’ਚ ਤਰੰਗਾਂ ਛੇੜੀ ਰੱਖੀਆਂ।

ਉਨ੍ਹਾਂ ਦੀਆਂ ਤੇਜ਼ਤਰਾਰ ਤਾਰੀਆਂ ਜਿਵੇਂ ਸੁਨਹਿਰੀ ਮੱਛੀਆਂ ਹੋਣ। ਤੈਰਾਕਾਂ ਦੇ ਸੁਡੌਲ ਜੁੱਸੇ ਜਿਨ੍ਹਾਂ ਤੈਰਨ ਤਲਾਵਾਂ ਵਿਚ ਭੁਚਾਲ ਲਿਆਂਦੇ। ਟਰੈਕ ’ਤੇ ਦੌੜਦੇ ਦੌੜਾਕ ਜਿਨ੍ਹਾਂ ਦੇ ਪੈਰ ਭੋਇੰ ’ਤੇ ਨਾ ਲੱਗਦੇ ਸਗੋਂ ਉੱਡਦੇ ਜਾਪਦੇ। ਕਿਆ ਨਜ਼ਾਰੇ ਸਨ ਜਿਮਨਾਸਟਾਂ ਦੀਆਂ ਕਲਾਬਾਜ਼ੀਆਂ ਦੇ! ਤੇ ਹਾਕੀ ਦੇ ਉੱਡਣੇ ਬਾਜ਼, ਪਤਾ ਨਹੀਂ ਕਿੱਧਰੋਂ ਕਿੱਧਰ ਆ ਗੋਲ ਕਰਦੇ। ਹਾਕੀ ਦੀਆਂ ਸ਼ੇਰਨੀਆਂ ਮੁਟਿਆਰਾਂ ਜਿਨ੍ਹਾਂ ਦੀਆਂ ਹਿੱਟਾਂ ਤੇ ਪਾਸਾਂ ਨੇ ਲੱਖਾਂ ਕਰੋੜਾਂ ਦਰਸ਼ਕਾਂ ਦੇ ਦਿਲ ਜਿੱਤੇ। ਖੇਡਾਂ ਦੇ ਦਿਨ ਬੇਸ਼ੱਕ ਸਤਾਰਾਂ ਹੀ ਸਨ, ਪਰ ਉਨ੍ਹਾਂ ਦੇ ਅਨੇਕਾਂ ਨਜ਼ਾਰੇ ਸਾਲਾਂ ਤਕ ਯਾਦ ਰਹਿਣਗੇ। ਸਤਾਰਾਂ ਦਿਨ ਵਿਸ਼ਵ ਭਰ ਦੇ ਜੋਬਨ, ਜ਼ੋਰ ਤੇ ਜੁਗਤ ਨੇ ਜੋ ਖੇਡ ਲੀਲ੍ਹਾ ਰਚੀ ਉਹਦਾ ਬਿਰਤਾਂਤ ਬਿਆਨੋਂ ਬਾਹਰਾ ਹੈ। ਉਦਘਾਟਨੀ ਸਮਾਗਮ ਤੋਂ ਸਮਾਪਤੀ ਰਸਮਾਂ ਤਕ ਅਨੇਕਾਂ ਮਨ ਲਭਾਉਣੇ ਦ੍ਰਿਸ਼ ਅੱਖਾਂ ਅੱਗੋਂ ਲੰਘੇ। ਅਜਿਹਾ ਰੰਗੀਨ ਸੁਫ਼ਨਾ ਜਿਸ ਵਿਚ ਰੰਗਾਂ ਦਾ ਮੀਂਹ ਵਰ੍ਹਦਾ ਰਿਹਾ। ਝਿਲਮਿਲਾਉਂਦੀਆਂ ਰੌਸ਼ਨੀਆਂ ਦਾ ਅਲੋਕਾਰ ਕੌਤਕ ਸੀ ਟੋਕੀਓ ਦਾ ਓਲੰਪਿਕ ਸਟੇਡੀਅਮ! ਓਲੰਪਿਕ ਖੇਡਾਂ ਵਿਚ ਨਾ ਜਿਸਮਾਨੀ ਰੰਗ ਦਾ ਵਿਤਕਰਾ ਸੀ, ਨਾ ਨਸਲ ਦਾ, ਨਾ ਦੇਸ਼ ਦਾ ਤੇ ਨਾ ਹੀ ਕੌਮ ਜਾਂ ਜਾਤ ਦਾ। ਟੋਕੀਓ ਦੀਆਂ ਓਲੰਪਿਕ ਖੇਡਾਂ ਵਿਚ 206 ਮੁਲਕਾਂ ਦੇ 11326 ਖਿਡਾਰੀਆਂ ਅਤੇ ਉਨ੍ਹਾਂ ਦੇ ਕੌਮੀ ਪਰਚਮਾਂ ਤੇ ਕੌਮੀ ਤਰਾਨਿਆਂ ਨੂੰ ਇਕੋ ਜਿਹਾ ਮਾਣ ਸਤਿਕਾਰ ਮਿਲਿਆ।

ਜਿਹੜਾ ਵੀ ਖਿਡਾਰੀ ਜਿੱਤਿਆ ਉਹਦੇ ਦੇਸ਼ ਦਾ ਕੌਮੀ ਤਰਾਨਾ ਗੂੰਜਿਆ ਜਿਸ ਦਾ ਵਿਸ਼ਵ ਭਰ ਦੇ ਦਰਸ਼ਕਾਂ ਨੇ ਸਤਿਕਾਰ ਕੀਤਾ। ਸਾਂਵਲੇ, ਕਣਕਵੰਨੇ ਤੇ ਗੋਰੇ-ਪੀਲੇ ਰੰਗਾਂ ਦੇ ਖਿਡਾਰੀ ਇਕੋ ਮੇਜ਼ ’ਤੇ ਖਾਣਾ ਖਾਂਦੇ ਤੇ ਓਲੰਪਿਕ ਪਿੰਡ ਵਿਚ ਇਕੱਠੇ ਰਹਿੰਦੇ ਰਹੇ। ਓਲੰਪਿਕ ਖੇਡਾਂ ਨੇ ਦੂਰ ਦੁਰਾਡੀਆਂ ਥਾਵਾਂ ਦੇ ਜੰਮਿਆਂ ਪਲਿਆਂ ਨੂੰ ਕੁਝ ਦਿਨਾਂ ਲਈ ਇਕ ਦੂਜੇ ਦੇ ਨੇੜੇ ਕਰ ਦਿੱਤਾ ਸੀ। ਉਹ ਭਾਵੇਂ ਇਕ ਦੂਜੇ ਦੀ ਬੋਲੀ ਨਹੀਂ ਸਨ ਸਮਝਦੇ, ਪਰ ਉਨ੍ਹਾਂ ਦੀਆਂ ਤੱਕਣੀਆਂ ਆਮੁਹਾਰੇ ਸਦਭਾਵਨਾ ਦੇ ਸੁਨੇਹੇ ਦੇ ਰਹੀਆਂ ਸਨ। ਖੇਡਾਂ ਵਿਚ ਖ਼ੁਸ਼ੀ ਵੀ ਵੇਖੀ ਤੇ ਗ਼ਮੀ ਵੀ। ਜਿਹੜੇ ਜਿੱਤ ਜਾਂਦੇ ਉਨ੍ਹਾਂ ਦੀਆਂ ਕਿਆ ਰੀਸਾਂ ਸਨ! ਉਹ ਹਵਾ ਵਿਚ ਉੱਡੇ ਫਿਰਦੇ। ਤੇ ਜਿਹੜੇ ਹਾਰਦੇ ਕਿੰਨਾ ਚਿਰ ਹੀ ਡਿੱਗੇ ਢਹੇ, ਹੰਝੂ ਵਹਾਈ ਜਾਂਦੇ। ਜੇਤੂਆਂ ਨੂੰ ਕੋਈ ਥਕੇਵਾਂ ਨਹੀਂ ਸੀ ਹੁੰਦਾ ਤੇ ਹਾਰ ਗਿਆਂ ਤੋਂ ਉੱਠਿਆ ਨਹੀਂ ਸੀ ਜਾਂਦਾ। ਹੰਝੂ ਹਾਰ ਵਿਚ ਵੀ ਵਹਿੰਦੇ ਵੇਖੇ ਤੇ ਜਿੱਤ ਵਿਚ ਵੀ, ਪਰ ਜਿੱਤ ਹਾਰ ਦੇ ਹੰਝੂਆਂ ਵਿਚ ਬੜਾ ਫ਼ਰਕ ਸੀ। ਕਿੱਥੇ ਹਾਕੀ ਦੇ ਸੈਮੀ ਫਾਈਨਲ ਜਿੱਤਣ ਪਿੱਛੋਂ ਜੇਤੂ ਟੀਮਾਂ ਦੇ ਖ਼ੁਸ਼ੀਆਂ ਭਰੇ ਹੰਝੂ ਤੇ ਕਿੱਥੇ ਹਾਰ ਦੀ ਨਮੋਸ਼ੀ ਵਿਚ ਚੁੱਪ-ਗੜੁੱਪ ਭਾਰਤੀ ਹਾਕੀ ਖਿਡਾਰੀਆਂ ਤੇ ਖਿਡਾਰਨਾਂ ਦੇ ਅੱਥਰੂ! ਵੱਖ-ਵੱਖ ਖੇਡ ਭਵਨਾਂ ਦੀਆਂ ਝਲਕਾਂ, ਉਨ੍ਹਾਂ ਦੇ ਰੰਗ ਤੇ ਜਲੌਅ ਭਲਾ ਕੌਣ ਭੁੱਲੇਗਾ? ਸਤਾਰਾਂ ਦਿਨ ਰੰਗਾਂ ਦੇ ਹੜ੍ਹ ਆਏ ਰਹੇ ਤੇ ਖ਼ੁਸ਼ੀਆਂ ਦੇ ਝੱਖੜ।

ਉੱਥੇ ਅਨੇਕਾਂ ਸੂਰਤਾਂ ਸੁਫ਼ਨਿਆਂ ਵਿਚ ਗੁਆਚੀਆਂ ਰਹੀਆਂ। ‘ਮਿੱਤਰਤਾ ਤੇ ਭਰੱਪਣ ਸਦਾ ਲਈ’ ਦਾ ਨਾਹਰਾ ਵਾਰ-ਵਾਰ ਬੁਲੰਦ ਹੋਇਆ। ਮਨੁੱਖੀ ਜਜ਼ਬੇ ਦੀ ਸਾਂਝ ਦੇ ਸੰਦੇਸ਼ ਨੇ ਵਾਰ-ਵਾਰ ਲਿਸ਼ਕਾਰੇ ਮਾਰੇ। ਇਹ ਤੇ ਅਜਿਹਾ ਹੋਰ ਬਹੁਤ ਕੁਝ ਬੜਾ ਲੰਮਾ ਸਮਾਂ ਚੇਤੇ ਰਹਿਣ ਵਾਲਾ ਹੈ। ਖ਼ੁਸ਼ੀਆਂ ਦੇ ਅਜਿਹੇ ਪਲਾਂ ਦਾ ਚੇਤੇ ਰਹਿਣਾ ਹੀ ਜ਼ਿੰਦਗੀ ਦੀ ਅਸਲੀ ਦੌਲਤ ਹੈ। ਖੇਡ ਮੇਲੇ ਇਨ੍ਹਾਂ ਦੌਲਤਾਂ ਵਿਚ ਵਾਧਾ ਕਰਦੇ ਹਨ। ਟੋਕੀਓ ਦੀਆਂ ਓਲੰਪਿਕ ਖੇਡਾਂ ਹੋਰਨਾਂ ਓਲੰਪਿਕ ਖੇਡਾਂ ਵਾਂਗ ਦੇਰ ਤਕ ਚੇਤਿਆਂ ’ਚ ਵਸੀਆਂ ਰਹਿਣਗੀਆਂ। ਯਾਦ ਰਹਿਣਗੇ ਉਹ ਪਲ ਜਦੋਂ ਪੰਜਾਬ ਦੇ ਖਿਡਾਰੀ ਟੋਕੀਓ ਦੇ ਮੈਦਾਨਾਂ ’ਚ ਜੂਝ ਕੇ ਆਪਣੀ ਜੰਮਣ ਭੋਇੰ ’ਤੇ ਪਰਤੇ ਤੇ ਸ਼ੁਕਰਾਨੇ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਏ। ਉੱਥੇ ਸੁੱਖਾਂ ਪੂਰੀਆਂ ਹੋਈਆਂ ਤੇ ਮਾਣ ਸਨਮਾਨ ਹੋਏ। ਫਿਰ ਖਿਡਾਰੀਆਂ ਤੇ ਖਿਡਾਰਨਾਂ ਦਾ ਆਪੋ ਆਪਣੇ ਪਿੰਡਾਂ ਨਗਰਾਂ ਵਿਚ ਮੁਹੱਬਤੀ ਸੁਆਗਤਾਂ ਦਾ ਜਲੌਅ, ਭੈਣਾਂ ਭਰਾਵਾਂ ਤੇ ਦੋਸਤਾਂ ਦੀਆਂ ਗਲਵਕੜੀਆਂ ਅਤੇ ਮਾਪਿਆਂ ਦੇ ਮੋਹ-ਭਰੇ ਚੁੰਮਣ! ਫਿਰ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦਾ ਸਾਲਾਂ ਦੀ ਮੁਸ਼ੱਕਤ ਪਿੱਛੋਂ ਮਾਂ ਦੇ ਗਲ ਓਲੰਪਿਕ ਜਿੱਤ ਦਾ ਤਗ਼ਮਾ ਪਾ ਕੇ ਮਾਂ ਦੀ ਬੁੱਕਲ ਵਿਚ ਸੌਣਾ। ਤਾਂ ਹੀ ਤਾਂ ਕਹਿੰਦੇ ਨੇ, ਮਾਵਾਂ ਠੰਢੀਆਂ ਛਾਵਾਂ ਹੁੰਦੀਆਂ ਨੇ। ਜੋ ਨੀਂਦਾਂ ਮਾਵਾਂ ਦੀਆਂ ਗੋਦੀਆਂ ’ਚ ਆਉਂਦੀਆਂ ਨੇ ਉਹ ਹੋਰ ਕਿਤੇ ਨਹੀਂ ਆਉਂਦੀਆਂ।

ਧੰਨ ਨੇ ਜੋਧੇ ਖਿਡਾਰੀ ਜੰਮਣ ਵਾਲੀਆਂ ਮਾਵਾਂ! ਓਲੰਪਿਕ ਖੇਡਾਂ ਦੁਨੀਆਂ ਦਾ ਸਭ ਤੋਂ ਸੋਹਣਾ, ਸਿਹਤਮੰਦ ਤੇ ਨਰੋਆ ਜੋੜ ਮੇਲਾ ਹੁੰਦੀਆਂ ਹਨ। ਇਸ ਮੇਲੇ ਵਿਚ ਦੁਨੀਆਂ ਭਰ ਦੀ ਜੁਆਨੀ, ਜ਼ੋਰ, ਜੁਗਤ ਤੇ ਜਿਗਰੇ ਦੇ ਦਰਸ਼ਨ ਦੀਦਾਰੇ ਹੁੰਦੇ ਹਨ। ਪਰ 2020 ਦੀਆਂ ਓਲੰਪਿਕ ਖੇਡਾਂ ਕਰਾਉਣੀਆਂ ਖ਼ਤਰੇ ਵਿਚ ਪੈ ਗਈਆਂ ਸਨ। ਪਹਿਲਾਂ 1916, 1940 ਤੇ 1944 ਦੀਆਂ ਓਲੰਪਿਕ ਖੇਡਾਂ ਪਹਿਲੀ ਤੇ ਦੂਜੀ ਆਲਮੀ ਜੰਗ ਕਾਰਨ ਰੱਦ ਕਰਨੀਆਂ ਪਈਆਂ ਸਨ। ਕੋਵਿਡ-19 ਦੀ ਮਹਾਂਮਾਰੀ ਕਾਰਨ 2020 ਦੀਆਂ ਖੇਡਾਂ 2021 ’ਚ ਪਾ ਦਿੱਤੀਆਂ ਗਈਆਂ ਸਨ। ਟੀਸੀ ਦੀ ਫਾਰਮ ਉੱਤੇ ਪੁੱਜੇ ਖਿਡਾਰੀਆਂ ਲਈ ਇਹ ਖ਼ਾਸਾ ਵੱਡਾ ਝਟਕਾ ਸੀ। ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਚੁੱਕੇ ਤੇ ਕਰਨ ਵਾਲਿਆਂ ਦੀ ਤਿਆਰੀ ਦਾ ਪ੍ਰੋਗਰਾਮ ਉਲਟ ਪੁਲਟ ਹੋ ਗਿਆ ਸੀ। ਸਾਲ ਭਰ ਦੁਚਿੱਤੀ ਬਣੀ ਰਹੀ ਸੀ ਕਿ ਓਲੰਪਿਕ ਖੇਡਾਂ ਦੁਬਾਰਾ ਮਿਥੇ ਪ੍ਰੋਗਰਾਮ ਅਨੁਸਾਰ ਹੋਣਗੀਆਂ ਜਾਂ ਨਹੀਂ? ਇਹ ਦੁਚਿੱਤੀ ਖੇਡਾਂ ਸ਼ੁਰੂ ਹੋਣ ਤੋਂ ਕੁਝ ਹਫ਼ਤੇ ਪਹਿਲਾਂ ਤਕ ਵੀ ਬਣੀ ਰਹੀ। ਜਾਪਾਨ ਵਿਚ ਮੁਜ਼ਾਹਰੇ ਵੀ ਹੋਏ ਕਿ ਖੇਡਾਂ ਨਾ ਕਰਾਈਆਂ ਜਾਣ। ਅੱਸੀ ਹਜ਼ਾਰ ਵਲੰਟੀਅਰਾਂ ਵਿਚੋਂ ਦਸ ਹਜ਼ਾਰ ਵਲੰਟੀਅਰਾਂ ਨੇ ਆਪਣੇ ਨਾਂ ਕਟਵਾ ਲਏ ਕਿ ਅਸੀਂ ਖੇਡਾਂ ਦੌਰਾਨ ਹਾਜ਼ਰ ਨਹੀਂ ਹੋ ਸਕਾਂਗੇ।

ਓਲੰਪਿਕ ਖੇਡਾਂ ਕਰਾਉਣ ਲਈ ਖੇਡ ਭਵਨ ਬਣਾਉਣ, ਸਟੇਡੀਅਮ ਨਵਿਆਉਣ ਤੇ ਹੋਰ ਅਨੇਕਾਂ ਪ੍ਰਬੰਧ ਕਰਨ ’ਤੇ ਅਰਬਾਂ ਖਰਬਾਂ ਡਾਲਰਾਂ ਦਾ ਖਰਚਾ ਤੇ ਤਨ ਮਨ ਦੇ ਲੱਗੇ ਜ਼ੋਰ ਦਾ ਕੋਈ ਲੇਖਾ ਨਹੀਂ ਸੀ। ਖਰਚੇ ਦੀ ਪੂਰਤੀ ਕਰਨ ਲਈ ਖੇਡਾਂ ਦੀ ਵੱਡੀ ਕਮਾਈ ਟਿਕਟਾਂ ’ਤੇ ਕਾਟਾ ਵੱਜ ਚੁੱਕਾ ਸੀ। ਦਰਸ਼ਕਾਂ ਨੂੰ ਵੇਚਣ ਲਈ ਕਰੋੜਾਂ ਡਾਲਰਾਂ ਦੀਆਂ ਲੱਖਾਂ ਟਿਕਟਾਂ ਰੱਦੀ ਬਣ ਗਈਆਂ ਸਨ। ਜਿਹੜੀਆਂ ਅਗਾਊਂ ਵੇਚੀਆਂ ਗਈਆਂ ਉਨ੍ਹਾਂ ਦੇ ਪੈਸੇ ਮੋੜਨੇ ਪੈਣੇ ਸਨ। ਆਕਸਫੋਰਡ ਯੂਨੀਵਰਸਿਟੀ ਦੇ ਲੇਖਾਕਾਰਾਂ ਨੇ 15.4 ਅਰਬ ਡਾਲਰ ਦੇ ਖਰਚੇ ਦਾ ਅਨੁਮਾਨ ਲਾਇਆ ਹੈ। ਅਸ਼ਕੇ ਜਾਈਏ ਜਾਪਾਨੀ ਖੇਡ ਪ੍ਰੇਮੀਆਂ ਦੇ ਜਿਨ੍ਹਾਂ ਨੇ ਅਚਾਨਕ ਆਏ ਸੰਕਟ ਦੇ ਬਾਵਜੂਦ ਓਲੰਪਿਕ ਖੇਡਾਂ ਨਾ ਸਿਰਫ਼ ਕਰਵਾਈਆਂ ਸਗੋਂ ਪਹਿਲੀਆਂ ਖੇਡਾਂ ਤੋਂ ਬਿਹਤਰ ਕਰਵਾਈਆਂ। ਦਰਸ਼ਕਾਂ ਦੀ ਹਾਜ਼ਰੀ ਤੇ ਹੱਲਾਸ਼ੇਰੀ ਤੋਂ ਬਿਨਾਂ ਵੀ ਸੁੰਨੇ ਤੇ ਸੱਖਣੇ ਸਟੇਡੀਅਮਾਂ ਵਿਚ ਸਿਰੇ ਦੇ ਕਾਂਟੇਦਾਰ ਮੁਕਾਬਲੇ ਹੋਏ। ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਕਿ ਦਰਸ਼ਕਾਂ ਦੀ ਗ਼ੈਰਹਾਜ਼ਰੀ ਤੇ ਮਾਸਕਾਂ ਦੀਆਂ ਮੁਸ਼ਕਾਂ ਵਿਚ ਖੇਡਾਂ ਨੇਪਰੇ ਚਾੜ੍ਹੀਆਂ ਗਈਆਂ।

ਓਲੰਪਿਕ ਖੇਡਾਂ ਦਾ ਲੇਖਾ ਜੋਖਾ ਪੇਈਚਿੰਗ ਓਲੰਪਿਕ 2008 ਦੀ ਤਗ਼ਮਾ ਸੂਚੀ ਵਿਚ ਭਾਰਤ ਦਾ 50ਵਾਂ ਨੰਬਰ ਸੀ। ਲੰਡਨ 2012 ਵਿਚ 55ਵੇਂ ਥਾਂ ’ਤੇ ਰਿਹਾ। ਰੀਓ ਦੀ ਮੈਡਲ ਸੂਚੀ ਵਿਚ 67ਵੇਂ ਥਾਂ ਜਾ ਪਿਆ ਸੀ। ਕੀ ਕਹੀਏ ‘ਸ਼ਾਈਨਿੰਗ ਇੰਡੀਆ’ ਤੇ ‘ਅੱਛੇ ਦਿਨਾਂ’ ਵਾਲੇ ਭਾਰਤ ਬਾਰੇ? ਪੇਈਚਿੰਗ ਵਿਚ ਚੀਨ ਨੇ 51 ਸੋਨੇ, 21 ਚਾਂਦੀ ਤੇ 28 ਤਾਂਬੇ ਦੇ ਤਗਮੇ ਜਿੱਤੇ ਸਨ। ਅਮਰੀਕਾ 36, 38, 36 ਤਗ਼ਮਿਆਂ ਨਾਲ ਦੂਜੇ ਥਾਂ ਸੀ। ਕ੍ਰਮਵਾਰ ਚੀਨ, ਅਮਰੀਕਾ, ਰੂਸ, ਬਰਤਾਨੀਆ, ਜਰਮਨੀ, ਆਸਟਰੇਲੀਆ, ਦੱਖਣੀ ਕੋਰੀਆ, ਜਾਪਾਨ, ਇਟਲੀ ਤੇ ਫਰਾਂਸ ਉਪਰਲੇ ਦਸ ਮੁਲਕਾਂ ਵਿਚ ਸਨ। ਭਾਰਤ ਨੇ 1 ਸੋਨੇ ਤੇ 2 ਤਾਂਬੇ ਦੇ ਤਗ਼ਮੇ ਜਿੱਤੇ ਸਨ। ਉੱਥੇ 86 ਮੁਲਕ ਇਕ ਜਾਂ ਵੱਧ ਮੈਡਲ ਜਿੱਤ ਸਕੇ ਜਦੋਂਕਿ 118 ਮੁਲਕ ਕੋਈ ਵੀ ਮੈਡਲ ਨਹੀਂ ਸਨ ਜਿੱਤ ਸਕੇ। ਲੰਡਨ 2012 ਵਿਚ ਅਮਰੀਕਾ ਨੇ 46 ਸੋਨੇ, 29 ਚਾਂਦੀ, 29 ਤਾਂਬੇ; ਚੀਨ ਨੇ 38, 27, 24; ਬਰਤਾਨੀਆ ਨੇ 29, 17, 19; ਰੂਸ ਨੇ 24, 27, 32; ਦੱਖਣੀ ਕੋਰੀਆ ਨੇ 13, 8, 7; ਜਰਮਨੀ ਨੇ 11, 19, 14; ਫਰਾਂਸ ਨੇ 11, 11, 12; ਇਟਲੀ ਨੇ 8, 9, 11; ਹੰਗਰੀ ਨੇ 8, 4, 5 ਤੇ ਆਸਟਰੇਲੀਆ ਨੇ 7, 6, 12 ਤਗ਼ਮੇ ਜਿੱਤੇ ਸਨ। ਲੰਡਨ ਵਿਚ ਭਾਰਤ ਨੇ 2 ਚਾਂਦੀ ਤੇ 4 ਤਾਂਬੇ ਦੇ ਤਗ਼ਮੇ ਜਿੱਤੇ। ਉੱਥੇ 54 ਮੁਲਕ ਸੋਨੇ ਤੇ 85 ਮੁਲਕ ਚਾਂਦੀ ਜਾਂ ਤਾਂਬੇ ਦੇ ਤਗ਼ਮੇ ਹਾਸਲ ਕਰ ਸਕੇ।

119 ਮੁਲਕ ਖਾਲੀ ਹੱਥ ਰਹੇ। 2016 ਵਿਚ ਰੀਓ ਦੀਆਂ ਓਲੰਪਿਕ ਖੇਡਾਂ ਦੀ ਅੰਤਿਮ ਤਗ਼ਮਾ ਸੂਚੀ ਵਿਚ ਅਮਰੀਕਾ ਨੇ 46 ਸੋਨੇ, 37 ਚਾਂਦੀ, 38 ਤਾਂਬੇ; ਬਰਤਾਨੀਆ ਨੇ 27, 13, 17; ਚੀਨ ਨੇ 26, 18, 26; ਰੂਸ 19, 18, 19; ਜਰਮਨੀ 17, 19, 15; ਜਾਪਾਨ 12, 8, 21; ਫਰਾਂਸ 10, 18, 14; ਦੱਖਣੀ ਕੋਰੀਆ 9, 3, 9; ਇਟਲੀ 8, 12, 8 ਤੇ ਆਸਟਰੇਲੀਆ ਨੇ 8, 11, 8 ਤਗ਼ਮੇ ਜਿੱਤੇ ਸਨ। ਭਾਰਤ ਨੇ 1 ਚਾਂਦੀ ਤੇ 1 ਤਾਂਬੇ ਦਾ ਤਗ਼ਮਾ ਜਿੱਤਿਆ ਸੀ। 59 ਦੇਸ਼ ਐਸੇ ਸਨ ਜਿਨ੍ਹਾਂ ਨੇ 1 ਜਾਂ ਵੱਧ ਗੋਲਡ ਮੈਡਲ ਹਾਸਲ ਕੀਤੇ। 73 ਮੁਲਕਾਂ ਨੇ ਚਾਂਦੀ ਤੇ 87 ਮੁਲਕਾਂ ਦੇ ਖਿਡਾਰੀਆਂ ਨੇ ਕਾਂਸੀ ਦੇ ਮੈਡਲ ਜਿੱਤੇ। ਇਉਂ 87 ਮੁਲਕਾਂ ਦੇ ਖਿਡਾਰੀ ਜਿੱਤ-ਮੰਚ ’ਤੇ ਚੜ੍ਹੇ ਯਾਨੀ 87 ਮੁਲਕਾਂ ਦੇ ਝੰਡੇ ਜਿੱਤ-ਮੰਚ ’ਤੇ ਲਹਿਰਾਏ ਗਏ। ਦੁਨੀਆ ਦੇ 206 ਮੁਲਕਾਂ ਤੇ 1 ਰਫਿਊਜੀ ਦਲ ’ਚੋਂ 120 ਦੇਸ਼ ਖਾਲੀ ਹੱਥ ਰਹੇ। ਉੱਥੇ 48 ਫ਼ੀਸਦੀ ਮੈਡਲ ਯੂਰਪ, 22 ਫ਼ੀਸਦੀ ਅਮਰੀਕਾ, 21 ਫ਼ੀਸਦੀ ਏਸ਼ੀਆ, 5 ਫ਼ੀਸਦੀ ਅਫ਼ਰੀਕਾ ਤੇ 5 ਫ਼ੀਸਦੀ ਓਸ਼ਨੀਆ ਮਹਾਂਦੀਪ ਦੇ ਖਿਡਾਰੀਆਂ ਨੇ ਜਿੱਤੇ। ਟੋਕੀਓ ਓਲੰਪਿਕ ਵਿਚ ਅਮਰੀਕਾ ਤੇ ਚੀਨ ਵਿਚਕਾਰ ਵਧੇਰੇ ਮੈਡਲ ਜਿੱਤਣ ਦਾ ਗਹਿਗੱਚ ਮੁਕਾਬਲਾ ਅਖ਼ੀਰਲੇ ਦਿਨ ਤਕ ਚਲਦਾ ਰਿਹਾ।

ਆਖ਼ਰੀ ਦਿਨ ਅਮਰੀਕਾ ਬਾਜ਼ੀ ਮਾਰ ਗਿਆ। ਅਮਰੀਕਾ ਦੇ ਖਿਡਾਰੀਆਂ ਨੇ 39 ਸੋਨੇ, 41 ਚਾਂਦੀ, 33 ਤਾਂਬੇ; ਚੀਨ 38, 32, 18; ਜਾਪਾਨ 27, 14, 17; ਬਰਤਾਨੀਆ 22, 21,22; ਰੂਸ 20, 28, 23; ਆਸਟਰੇਲੀਆ 17, 07, 22; ਨੀਦਰਲੈਂਡਜ਼ 10, 12, 14; ਫਰਾਂਸ 10, 12, 11; ਜਰਮਨੀ 10, 11, 16; ਇਟਲੀ 10, 10, 20 ਤੇ ਕੈਨੇਡਾ 7, 6, 11 ਜਦੋਂਕਿ ਭਾਰਤ ਨੇ 1 ਸੋਨੇ, 2 ਚਾਂਦੀ ਤੇ 4 ਤਾਂਬੇ ਦੇ ਤਗ਼ਮੇ ਜਿੱਤੇ। ਨੀਰਜ ਚੋਪੜਾ ਨੇ ਗੋਲਡ ਮੈਡਲ, ਮੀਰਬਾਈ ਚਾਨੂੰ ਤੇ ਰਵੀ ਦਹੀਆ ਨੇ ਸਿਲਵਰ, ਪੀਵੀ ਸਿੰਧੂ, ਲਵਲੀਨਾ, ਬਜਰੰਗ ਪੂਨੀਆ ਤੇ ਮਰਦਾਂ ਦੀ ਹਾਕੀ ਟੀਮ ਨੇ ਬਰੌਂਜ਼ ਮੈਡਲ ਜਿੱਤੇ ਹਨ। ਇੰਜ ਇਸ ਵਾਰ ਭਾਰਤ ਪਹਿਲਾਂ ਨਾਲੋਂ ਵਧੇਰੇ ਤਗ਼ਮੇ ਜਿੱਤ ਸਕਿਆ ਤੇ ਖ਼ੁਸ਼ੀ ਵੀ ਵਧੇਰੇ ਮਨਾ ਰਿਹਾ ਹੈ। ਖ਼ਾਸ ਖ਼ੁਸ਼ੀ ਅਥਲੈਟਿਕਸ ਦਾ ਗੋਲਡ ਮੈਡਲ ਅਤੇ ਹਾਕੀ ਦਾ ਬਰੌਂਜ਼ ਮੈਡਲ ਜਿੱਤਣ ਦੀ ਵੀ ਹੈ। ਦੁਨੀਆ ਦੀ ਦੋ ਤਿਹਾਈ ਆਬਾਦੀ ਵਾਲੇ ਏਸ਼ੀਆ ਵਿਚ 29 ਓਲੰਪਿਕ ਖੇਡਾਂ ’ਚੋਂ ਕੇਵਲ ਚਾਰ ਵਾਰ ਓਲੰਪਿਕ ਖੇਡਾਂ ਹੋਈਆਂ ਹਨ। ਪਹਿਲੀ ਵਾਰ ਟੋਕੀਓ, ਦੂਜੀ ਵਾਰ ਸਿਓਲ, ਤੀਜੀ ਵਾਰ ਪੇਈਚਿੰਗ ਤੇ ਚੌਥੀ ਵਾਰ ਫਿਰ ਟੋਕੀਓ। 2016 ਦੀਆਂ ਓਲੰਪਿਕ ਖੇਡਾਂ ਪਹਿਲੀ ਵਾਰ ਦੱਖਣੀ ਅਮਰੀਕਾ ਵਿਚ ਹੋਈਆਂ ਸਨ। 2024 ਦੀਆਂ ਓਲੰਪਿਕ ਖੇਡਾਂ ਪੈਰਿਸ, 2028 ਦੀਆਂ ਲਾਸ ਏਂਜਲਸ ਤੇ 2032 ਦੀਆਂ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ’ਚ ਹੋਣਗੀਆਂ।

ਭਾਰਤ ਨੇ ਓਲੰਪਿਕ ਖੇਡਾਂ ਕਰਾਉਣ ਦੀ ਹੁਣ ਤਕ ਕਦੇ ਪੇਸ਼ਕਸ਼ ਨਹੀਂ ਕੀਤੀ ਹਾਲਾਂਕਿ ਆਬਾਦੀ ਪੱਖੋਂ ਇਹ ਦੁਨੀਆਂ ਦਾ ਦੂਜਾ ਵੱਡਾ ਮੁਲਕ ਹੈ। ਅਫ਼ਰੀਕਾ ਮਹਾਂਦੀਪ ਵਿਚ ਓਲੰਪਿਕ ਖੇਡਾਂ ਕਦੇ ਵੀ ਨਹੀਂ ਹੋਈਆਂ। ਉਂਜ ਓਲੰਪਿਕ ਖੇਡਾਂ ਦੇ ਆਪਸ ਵਿਚ ਪ੍ਰੋਏ ਪੰਜ ਚੱਕਰ ਪੰਜਾਂ ਮਹਾਂਦੀਪਾਂ ਦੀ ਨੁਮਾਇੰਦਗੀ ਕਰਦੇ ਹਨ। ਪੇਈਚਿੰਗ ਦੀਆਂ ਓਲੰਪਿਕ ਖੇਡਾਂ ਵਿਚ 43 ਵਿਸ਼ਵ ਰਿਕਾਰਡ ਟੁੱਟੇ ਸਨ, ਲੰਡਨ ਵਿਚ 30, ਰੀਓ ਵਿਚ 19 ਜਦੋਂਕਿ ਟੋਕੀਓ ਵਿਚ 17 ਵਿਸ਼ਵ ਰਿਕਾਰਡ ਟੁੱਟੇ ਹਨ। ਮਰਦਾਂ ਦੀਆਂ ਟੀਮ ਖੇਡਾਂ ਵਿਚ ਹੁਣ ਹਾਕੀ ਦਾ ਓਲੰਪਿਕ ਚੈਂਪੀਅਨ ਬੈਲਜੀਅਮ, ਫੁੱਟਬਾਲ ਦਾ ਬ੍ਰਾਜ਼ੀਲ, ਵਾਲੀਬਾਲ ਦਾ ਫਰਾਂਸ, ਬਾਸਕਟਬਾਲ ਦਾ ਅਮਰੀਕਾ, ਹੈਂਡਬਾਲ ਦਾ ਫਰਾਂਸ ਤੇ ਵਾਟਰ ਪੋਲੋ ਦਾ ਸਰਬੀਆ ਬਣਿਆ ਹੈ। ਔਰਤਾਂ ਦੀਆਂ ਟੀਮ ਖੇਡਾਂ ਵਿਚ ਬਾਸਕਟਬਾਲ ਦੀ ਓਲੰਪਿਕ ਚੈਂਪੀਅਨ ਅਮਰੀਕਾ ਦੀ ਟੀਮ, ਹੈਂਡਬਾਲ ਦੀ ਫਰਾਂਸ, ਵਾਲੀਬਾਲ ਦੀ ਅਮਰੀਕਾ, ਫੁੱਟਬਾਲ ਦੀ ਕੈਨੇਡਾ, ਹਾਕੀ ਦੀ ਨੀਦਰਲੈਂਡਜ਼ ਤੇ ਵਾਟਰ ਪੋਲੋ ਦੀ ਅਮਰੀਕਾ ਹੈ। 1896 ਤੋਂ 2021 ਤਕ ਹੋਈਆਂ 29 ਓਲੰਪਿਕ ਖੇਡਾਂ ਵਿਚੋਂ ਅਮਰੀਕਾ ਨੇ 27 ਖੇਡਾਂ ਵਿਚ ਭਾਗ ਲੈਂਦਿਆਂ 1051 ਸੋਨੇ, 830 ਚਾਂਦੀ, 733 ਤਾਂਬੇ, ਕੁਲ 2614 ਤਗ਼ਮੇ ਜਿੱਤ ਕੇ ਵਿਸ਼ਵ ਉੱਤੇ ਝੰਡੀ ਕੀਤੀ ਹੋਈ ਹੈ।

ਸੋਵੀਅਤ ਰੂਸ ਨੇ 10 ਓਲੰਪਿਕ ਖੇਡਾਂ ਵਿਚ ਭਾਗ ਲੈ ਕੇ ਕੁਲ 1010 ਤਗ਼ਮੇ, ਬਰਤਾਨੀਆ ਨੇ 28 ਖੇਡਾਂ ਵਿਚੋਂ 851 ਅਤੇ ਚੀਨ ਨੇ 10 ਖੇਡਾਂ ਵਿਚੋਂ 546 ਤਗ਼ਮੇ ਜਿੱਤੇ ਹਨ। ਫਰਾਂਸ ਦੇ 28 ਖੇਡਾਂ ਵਿਚੋਂ 716, ਇਟਲੀ ਨੇ 27 ਖੇਡਾਂ ’ਚੋਂ 577, ਜਰਮਨੀ ਨੇ 16 ਖੇਡਾਂ ’ਚੋਂ 615, ਹੰਗਰੀ ਨੇ 26 ਖੇਡਾਂ ’ਚੋਂ 491, ਪੂਰਬੀ ਜਰਮਨੀ ਨੇ 5 ਖੇਡਾਂ ’ਚੋਂ 409, ਆਸਟਰੇਲੀਆ ਨੇ 28 ਖੇਡਾਂ ’ਚੋਂ 554, ਰੂਸ ਨੇ 6 ਖੇਡਾਂ ’ਚੋਂ 426, ਜਾਪਾਨ ਨੇ 22 ਖੇਡਾਂ ’ਚੋਂ 439, ਦੱਖਣੀ ਕੋਰੀਆ ਨੇ 17 ਖੇਡਾਂ ’ਚੋਂ 267, ਕੈਨੇਡਾ ਨੇ 26 ਖੇਡਾਂ ’ਚੋਂ 302 ਅਤੇ ਗ਼ੁਲਾਮ ਇੰਡੀਆ ਤੇ ਆਜ਼ਾਦ ਭਾਰਤ ਨੇ 25 ਖੇਡਾਂ ’ਚੋਂ 35 ਤਗ਼ਮੇ ਜਿੱਤੇ ਹਨ। ਉਨ੍ਹਾਂ ਵਿਚੋਂ ਦੋ ਤਗ਼ਮੇ ਐਂਗਲੋ ਇੰਡੀਅਨ ਬਰਤਾਨਵੀ ਅਥਲੀਟ ਨਾਰਮਨ ਪ੍ਰਿਚਰਡ ਦੇ ਹਨ ਜੋ ਇੰਡੀਆ ਦੇ ਬਣਦੇ ਤਾਂ ਨਹੀਂ, ਪਰ ਕਾਗਜ਼ਾਂ ਵਿਚ ਗਿਣੇ ਜ਼ਰੂਰ ਜਾਂਦੇ ਹਨ। ਏਸ਼ੀਆ ਦੇ ਦੇਸ਼ ਚੀਨ ਤੇ ਕੋਰੀਆ 1951 ਵਿਚ ਨਵੀਂ ਦਿੱਲੀ ਦੀਆਂ ਪਹਿਲੀਆਂ ਏਸ਼ਿਆਈ ਖੇਡਾਂ ’ਚ ਭਾਰਤ ਤੋਂ ਪਿੱਛੇ ਸਨ, ਪਰ ਹੁਣ ਕਿਤੇ ਮੂਹਰੇ ਹਨ। ਜਾਪਾਨ ਬਰਾਬਰੀ ’ਤੇ ਸੀ ਜੋ ਕਿਤੇ ਅੱਗੇ ਨਿਕਲ ਗਿਆ ਹੈ। ਇਹ ਭਾਰਤ ਹੀ ਹੈ ਜੋ ਅੱਗੇ ਵਧਦਾ ਪਿੱਛੇ ਮੁੜਿਆ। ਭਾਰਤ ਨੇ ਪੇਈਚਿੰਗ ਵਿਚ 3 ਮੈਡਲ ਜਿੱਤੇ ਸਨ, ਲੰਡਨ ਵਿਚ 6, ਪਰ ਰੀਓ ਵਿਚ 2 ਮੈਡਲ ਹੀ ਜਿੱਤ ਸਕਿਆ ਸੀ।

ਬ੍ਰਿਟਿਸ਼ ਇੰਡੀਆ ਤੇ ਆਜ਼ਾਦ ਭਾਰਤ ਨੇ ਓਲੰਪਿਕ ਖੇਡਾਂ ’ਚੋਂ ਹੁਣ ਤਕ 10 ਗੋਲਡ, 9 ਸਿਲਵਰ ਤੇ 16 ਬਰੌਂਜ਼ ਮੈਡਲ ਜਿੱਤੇ ਹਨ। ਗੋਲਡ ਮੈਡਲਾਂ ਵਿਚ 8 ਹਾਕੀ ਦੇ ਹਨ, 1 ਸ਼ੂਟਿੰਗ ਤੇ 1 ਅਥਲੈਟਿਕਸ ਦਾ ਹੈ। ਸਿਲਵਰ ਤੇ ਬਰੌਂਜ਼ ਮੈਡਲ ਹਾਕੀ, ਸ਼ੂਟਿੰਗ, ਕੁਸ਼ਤੀ, ਮੁੱਕੇਬਾਜ਼ੀ, ਟੈਨਿਸ, ਵੇਟ ਲਿਫਟਿੰਗ ਤੇ ਬੈਡਮਿੰਟਨ ਦੇ ਹਨ। ਆਸਟਰੇਲੀਆ ਦੀ ਆਬਾਦੀ ਇਕ ਕਰੋੜ ਦੇ ਆਸ ਪਾਸ ਹੈ, ਪਰ ਉਹ 497 ਮੈਡਲ ਜਿੱਤ ਚੁੱਕਾ ਹੈ। ਸਾਢੇ ਤਿੰਨ ਕਰੋੜ ਲੋਕਾਂ ਦਾ ਮੁਲਕ ਕੈਨੇਡਾ ਤਿੰਨ ਸੌ ਤਗਮਿਆਂ ਦਾ ਅੰਕੜਾ ਪਾਰ ਕਰ ਕੇ 302 ਮੈਡਲਾਂ ’ਤੇ ਪਹੁੰਚ ਗਿਆ ਹੈ। ਭਾਰਤੀ ਪਰਵਾਸੀਆਂ ਨੇ ਅਮਰੀਕਾ, ਬਰਤਾਨੀਆ, ਆਸਟਰੇਲੀਆ ਜਾਂ ਕਿਸੇ ਵੀ ਹੋਰ ਦੇਸ਼ ਵੱਲੋਂ ਕਦੇ ਕੋਈ ਓਲੰਪਿਕ ਤਗ਼ਮਾ ਨਹੀਂ ਜਿੱਤਿਆ ਹਾਲਾਂਕਿ ਤਿੰਨ ਚਾਰ ਪੀੜ੍ਹੀਆਂ ਤੋਂ ਉਹ ਵਿਦੇਸ਼ਾਂ ਵਿਚ ਵਸੇ ਹੋਏ ਹਨ ਅਤੇ ਉਨ੍ਹਾਂ ਦਾ ਰਹਿਣ ਸਹਿਣ ਵੀ ਖੁਸ਼ਹਾਲ ਹੈ। ਪਰ ਤਵਾ ਉਹ ਹਮੇਸ਼ਾਂ ਭਾਰਤ ਦਾ ਹੀ ਲਾਈ ਰੱਖਦੇ ਹਨ!

ਹੁਣ ਤਕੜੇ ਮਾੜੇ ਦਾ ਨਿਰਣਾ ਜੰਗੇ ਮੈਦਾਨ ਦੀ ਥਾਂ ਖੇਡ ਮੈਦਾਨ ਵਿਚ ਹੁੰਦਾ ਹੈ। 29 ਵਾਰ ਹੋਈਆਂ ਓਲੰਪਿਕ ਖੇਡਾਂ ਰਾਹੀਂ ਅਮਰੀਕਾ ਨੇ 18 ਵਾਰ ਵਿਸ਼ਵ ’ਤੇ ਝੰਡੀ ਕੀਤੀ ਹੈ। 7 ਵਾਰ ਸੋਵੀਅਤ ਦੇਸ਼ ਨੇ ਜੇਤੂ ਪਰਚਮ ਲਹਿਰਾਇਆ ਹੈ। ਇਕ ਵਾਰ ਫਰਾਂਸ, ਇਕ ਵਾਰ ਬਰਤਾਨੀਆ, ਇਕ ਵਾਰ ਜਰਮਨੀ ਤੇ ਇਕ ਵਾਰ ਚੀਨ ਨੇ ਝੰਡੇ ਗੱਡੇ ਹਨ। ਖੇਡਾਂ ਦੇ ਰਿਕਾਰਡ ਹਰੇਕ ਓਲੰਪਿਕ ਵਿਚ ਟੁੱਟਦੇ ਰਹੇ ਹਨ। 1896 ਦੀਆਂ ਪਹਿਲੀਆਂ ਓਲੰਪਿਕ ਖੇਡਾਂ ਵਿਚ ਇਕ ਕੁਇੰਟਲ ਵਜ਼ਨ ਦਾ ਬਾਲਾ ਕੱਢਣ ਨਾਲ ਗੋਲਡ ਮੈਡਲ ਮਿਲ ਗਿਆ ਸੀ ਜੋ ਹੁਣ ਢਾਈ ਕੁਇੰਟਲ ਵਜ਼ਨ ਦਾ ਬਾਲਾ ਕੱਢਣ ਨਾਲ ਵੀ ਨਹੀਂ ਮਿਲਦਾ! ਟੋਕੀਓ ਵਿਚ ਜਾਰਜੀਆ ਦੇ ਲਾਸ਼ਾ ਤਲਖਾਡਸ ਨੇ 265 ਕਿਲੋਗਰਾਮ ਦਾ ਬਾਲਾ ਕੱਢ ਕੇ ਗੋਲਡ ਮੈਡਲ ਜਿੱਤਿਆ ਹੈ। ਬੇਸ਼ੱਕ ਮਨੁੱਖ ਦਿਨੋ ਦਿਨ ਹੋਰ ਜ਼ੋਰਾਵਰ ਤੇ ਹੋਰ ਜੁਗਤੀ ਹੋ ਰਿਹਾ ਹੈ ਜਿਸ ਕਰਕੇ ਕੋਈ ਵੀ ਰਿਕਾਰਡ ਸਦੀਵੀ ਨਹੀਂ ਰਿਹਾ। ਓਲੰਪਿਕ ਖੇਡਾਂ ਦਾ ਮਾਟੋ ਹੀ ਹੈ: ਹੋਰ ਤੇਜ਼, ਹੋਰ ਉੱਚਾ, ਹੋਰ ਅੱਗੇ!

Leave a Reply

Your email address will not be published.